ਗੁਰਭਜਨ ਗਿੱਲ
ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਮੇਰਾ ਪਹਿਲਾ ਸਾਹਿੱਤਕ ਪੁਰਸਕਾਰ ਸੀ।
ਜ਼ਿੰਦਗੀ ਦਾ ਇਹ ਪਹਿਲਾ ਇਨਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਵਿਤਾ “ਸ਼ੀਸ਼ਾ ਝੂਠ ਬੋਲਦਾ ਹੈ” ਲਿਖਣ ਬਦਲੇ ਮਿਲਿਆ ਤਾਂ ਮੈਨੂੰ ਖੰਭ ਲੱਗ ਗਏ। “ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ” ਅਜਿਹਾ ਆਦਰ ਸੀ ਜੋ ਮੈਨੂੰ ਭਾਰਤ ਦੇ ਉਪ ਰਾ਼ਸ਼ਟਰਪਤੀ ਡਾ ਬੀ ਡੀ ਜੱਤੀ ਨੇ 1975 ਵਿੱਚ ਯੂਨੀਵਰਸਿਟੀ ਕਨਵੋਕੇਸ਼ਨ ਮੌਕੇ ਪ੍ਰਦਾਨ ਕੀਤਾ।
ਮਈ 1973 ਵਿੱਚ ਸ਼ਿਵ ਕੁਮਾਰ ਸੰਸਾਰ ਛੱਡ ਗਿਆ ਤੇ ਉਸੇ ਸਾਲ ਹੀ ਡਾ ਵਿਸ਼ਵ ਨਾਥ ਤਿਵਾੜੀ ਤੇ ਸ਼ਿਵ ਸਨੇਹੀਆਂ ਨੇ ਯੂਨੀਵਰਸਿਟੀ ਤੋਂ ਇਹ ਮੈਡਲ ਸਥਾਪਿਤ ਕਰਵਾ ਲਿਆ।
2 ਜੁਲਾਈ ਨੂੰ ਜਦ ਡਾ ਤਿਵਾੜੀ ਜੀ ਦਾ ਸਪੁੱਤਰ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਮੈਨੂੰ ਸਰਾਭਾ ਨਗਰ ਗੁਰਦਵਾਰੇ ਵਿੱਚ ਕ ਕ ਬਾਵਾ ਦੀ ਬੇਟੀ ਦੇ ਆਨੰਦ ਕਾਰਜ ਮੌਕੇ ਮਿਲਿਆ ਤਾਂ ਮੈਨੂੰ ਇਹ ਮੈਡਲ ਚੇਤੇ ਆਇਆ। ਡਾ ਤਿਵਾੜੀ ਨੇ ਹੀ ਇਹ ਮੈਡਲ ਲੈਣ ਉਪਰੰਤ ਮੈਨੂੰ ਗਲਵੱਕੜੀ ਚ ਲੈ ਕੇ ਕਿਹਾ ਸੀ, ਬੇਟਾ! ਇਹ ਇਨਾਮ ਮੰਜ਼ਿਲ ਨਹੀਂ ਪਹਿਲਾ ਪੜਾਅ ਹੈ। ਤੁਰਦੇ ਰਹਿਣਾ ਸਿਰਜਣਾ ਦੇ ਮਾਰਗ ਤੇ।
ਇਹ ਮੈਡਲ ਆਲ ਇੰਡੀਆ ਇੰਟਰ ਵਰਸਿਟੀ ਕਵਿਤਾ ਸਿਰਜਣ ਮੁਕਾਬਲੇ ਉਪਰੰਤ ਮਿਲਦਾ ਹੈ। ਬਿਨਾ ਨਾਮ ਲਿਖਿਆਂ ਕਾਲਜ ਵੱਲੋ ਪ੍ਰਿੰਸੀਪਲ ਦੇ ਸਰਟੀਫੀਕੇਟ ਸਮੇਤ ਯੂਨੀਵਰਸਿਟੀ ਨੂੰ ਦੋਹਰੇ ਬੰਦ ਲਿਫ਼ਾਫ਼ੇ ਵਿੱਚ ਭੇਜੀ ਜਾਦੀ ਹੈ। ਪੰਜਾਬੀ ਵਿਭਾਗ ਦਾ ਮੁਖੀ ਤਸਦੀਕ ਕਰਦਾ ਹੈ ਕਿ ਇਹ ਵਿਦਿਆਰਥੀ ਦੀ ਮੌਲਿਕ ਰਚਨਾ ਹੈ। ਮੈਂ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਐੱਮ ਏ ਭਾਗ ਪਹਿਲਾ ਦਾ ਵਿਦਿਆਰਥੀ ਸਾਂ। ਵਿਭਾਗ ਦਾ ਮੁਖੀ ਪਤਾ ਨਹੀਂ ਕਿਉਂ? ਮੁੰਡਿਆਂ ਨਾਲ ਖਾਰ ਖਾਂਦਾ ਸੀ। ਉਸ ਕਵਿਤਾ ਅੱਗੇ ਤੋਰਨ ਤੋਂ ਨਾਂਹ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ। ਕਵਿਤਾ ਭੇਜਣ ਦੀ ਆਖ਼ਰੀ ਤਰੀਕ ਨੇੜੇ ਸੀ। ਅਸੀ ਕੁਝ ਵਿਦਿਆਰਥੀ ਸਿੱਧੇ ਹੀ ਪ੍ਰਿੰਸੀਪਲ ਡਾਃ ਕੇਸਰ ਸਿੰਘ ਕੋਲ ਜਾ ਬਹੁੜੇ ਸ਼ਿਕਾਇਤ ਲੈ ਕੇ। ਪ੍ਰਿੰਸੀਪਲ ਭਾਵੇਂ ਬਹੁਤ ਚੰਗੇ ਸੀ ਪਰ ਸਾਡਾ ਢੰਗ ਸਹੀ ਨਹੀਂ ਸੀ। ਉਦੋਂ ਪਹਿਲੀ ਵਾਰ ਪਤਾ ਲੱਗਾ ਕਿ “ਥਰੂ ਪਰਾਪਰ ਚੈਨਲ “ ਕੀਹ ਹੁੰਦਾ ਹੈ। ਅਸੀਂ ਤਾਂ ਜੀ ਜੀ ਐੱਨ ਖ਼ਾਲਸਾ ਕਾਲਿਜ ਦੇ ਗਿੱਝੇ ਹੋਏ ਸਾਂ ਕਿ ਹਰ ਗੱਲ ਲਈ ਪ੍ਰਿੰਸੀਪਲ ਸਰਦੂਲ ਸਿੰਘ ਜੀ ਕੋਲ ਜਾ ਵੱਜੋ ਤੇ ਕਹੋ ਕਿ ਸਾਨੂੰ ਪ੍ਰੋ ਸ ਪ ਸਿੰਘ ਜੀ ਨੇ ਭੇਜਿਆ ਹੈ। ਕੰਮ ਝੱਟ ਹੋ ਜਾਂਦਾ।
ਖ਼ੈਰ ! ਪ੍ਰਿੰਸੀਪਲ ਸਾਹਿਹ ਨੇ ਸਾਡੇ ਵਿਭਾਗੀ ਮੁਖੀ ਨੂੰ ਬੁਲਾ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਵੇਂ ਕਹਿ ਸਕਦਾਂ ਕਿ ਰਚਨਾ ਮੌਲਿਕ ਹੈ?
ਮੈਨੂੰ ਬੁਲਾਇਆ ਗਿਆ ਤਾਂ ਮੈਂ ਆਪਣੀ ਕਾਪੀ ਚ ਲਿਖਣ ਮਿਤੀ ਸਮੇਤ ਸਬੂਤ ਪੇਸ਼ ਕਰ ਦਿੱਤਾ। ਪ੍ਰਿੰਸੀਪਲ ਸਾਹਿਬ ਨੇ ਤਸਦੀਕ ਕਰਵਾ ਕੇ ਕਵਿਤਾ ਆਪਣੇ ਦਸਤਖ਼ਤਾਂ ਸਮੇਤ ਲਫ਼ਾਫ਼ਾ ਬੰਦ ਕਰਕੇ ਯੂਨੀਵਰਸਿਟੀ ਨੂੰ ਭੇਜ ਦਿੱਤੀ।
ਸੱਚ ਜਾਣਿਉ! ਮੈਨੂੰ ਲਾਲ ਫੀਤਾ ਸ਼ਾਹੀ ਦੇ ਅਰਥਾਂ ਦਾ ਉਦੋਂ ਪਤਾ ਲੱਗਿਆ।
ਇਨਾਮ ਦੀ ਖ਼ਬਰ ਮਿਲੀ ਤਾਂ ਮੈਂ ਮੁਖੀ ਜੀ ਤੋਂ ਆਪਣੇ ਅਪਮਾਨ ਦਾ ਬਦਲਾ ਇੰਜ ਲਿਆ। ਅਖ਼ਬਾਰ ਚ ਖ਼ਬਰ ਲੁਆਈ ਕਿ “ਜੀ ਦੀ ਐੱਨ ਖ਼ਾਲਸਾ ਕਾਲਿਜ ਦੇ ਪੁਰਾਣੇ ਵਿਦਿਆਰਥੀ ਗੁਰਭਜਨ ਗਿੱਲ ਨੂੰ ਇਹ ਮੈਡਲ ਮਿਲਿਆ” ਹੁਣ ਸੋਚਦਾਂ ਕਿ ਇਹ ਕੀ ਨਿਆਣਪੁਣਾ ਸੀ।
ਪਰ ਉਦੋਂ ਕਿਹੜਾ ਕਿੜ ਕੱਢਣ ਦੀ ਜਾਚ ਸੀ। ਹੁਣ ਵੀ ਨਹੀ ਆਉਂਦੀ ਅਜੇ।
ਇਹ ਇਨਾਮ ਲੈਣ ਦੀ ਮੈਨੂੰ ਬਹੁਤੀ ਜਲੂਣ ਏਸ ਕਰਕੇ ਵੀ ਹੋ ਰਹੀ ਸੀ ਕਿ 1974 ਵਾਲਾ ਪਹਿਲਾ ਸ਼ਿਵ ਕੁਮਾਰ ਗੋਲਡ ਮੈਡਲ ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਦੇ ਵਿਦਿਆਰਥੀ ਤੇ ਅੱਜ ਦੇ ਪੰਜਾਬੀ ਕਵੀ ਜਸਵੰਤ ਹਾਂਸ ਨੂੰ ਮਿਲਿਆ ਹੋਇਆ ਸੀ। ਮੈਂ ਇਹ ਇਨਾਮ ਲੈਣ ਲਈ ਕਾਹਲਾ ਸੀ। ਬਟਾਲੇ ਚ ਦੱਸਣਾ ਚਾਹੁੰਦਾ ਸੀ ਕਿ ਮੈ ਵੀ ਜਸਵੰਤ ਹਾਂਸ ਵਰਗਾ ਹੀ ਹਾਂ। ਬਟਾਲਾ ਮੇਰਾ ਸ਼ਹਿਰ ਜੁ ਸੀ। ਇਥੋਂ ਹੀ ਤਾਂ ਪਹਿਲੀ ਵਾਰ ਲੁਧਿਆਣੇ ਦੀ ਪਹਿਲੀ ਬੱਸ ਫੜੀ ਸੀ 1971 ਵਿੱਚ।
ਗੌਰਮਿੰਟ ਕਾਲਿਜ ਲੁਧਿਆਣਾ ਦੇ ਪ੍ਰਿੰਸੀਪਲ ਸਾਹਿਬ ਡਾ ਕੇਸਰ ਸਿੰਘ ਵੱਲੋਂ ਕਵਿਤਾ ਭੇਜਣ ਬਾਦ ਮੈਂ ਨਿਸਚਿੰਤ ਹੋ ਗਿਆ। ਮੇਰੀ ਇਹ ਕਵਿਤਾ “ਸ਼ੀਸ਼ਾ ਝੂਠ ਬੋਲਦਾ ਹੈ” ਸੀ ਜੋ ਮੈਂ ਬਰੁਤ ਮੌਕਿਆਂ ਤੇ ਸੁਣਾਉਂਦਾ। ਇਸ ਦਾ ਪਹਿਲਾ ਸਰੋਤਾ ਮੇਰਾ ਬੇਲੀ ਸ਼ਮਸ਼ੇਰ ਸਿੰਘ ਸੰਧੂ ਤੇ ਪਾਸ਼ ਸੀ। ਗੌਰਮਿੰਟ ਕਾਲਿਜ ਦੀ ਕੈਨਟੀਨ ਚ ਦੋਹਾਂ ਨੇ ਇਸ ਸ਼ਰਤ ਤੇ ਸੁਣੀ ਸੀ ਕਿ ਪਹਿਲਾਂ ਚੱਹ ਨਾਲ ਸਮੋਸੇ ਖੁਆ। ਦੋਹਾਂ ਦੇ ਚੰਗੀ ਕਹਿਣ ਦੀ ਦੇਰ ਸੀ ਕਿ ਮੈ ਹਰ ਸਾਹਿੱਤਕ ਇਕੱਠ ਚ ਸੁਣਾਉਣ ਲੱਗ ਪਿਆ। 1975 ਵਿੱਚ ਹੀ ਮੈਂ ਪਹਿਲਾ ਕਵੀ ਦਰਬਾਰ ਪਟਿਆਲਾ ਦੇ ਗੌਰਮਿੰਟ ਮਹਿਲਾ ਕਾਲਿਜ ਚ ਪੜ੍ਹਿਆ। ਮੈਂ ਇਥੇ ਅਣਸੱਦਿਆ ਮਹਿਮਾਨ ਸਾਂ। ਡਾ ਰਣਧੀਰ ਸਿੰਘ ਚੰਦ ਮੈਨੂੰ ਸਾਥ ਲਈ ਬੱਸ ਚੜ੍ਹਾ ਕੇ ਲੈ ਗਿਆ ਸੀ।
ਮੈਨੂੰ ਯਾਦ ਹੈ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਨੇ ਕੀਤੀ ਸੀ। ਕਵੀ ਦਰਬਾਰ ਦੀ ਮੁੱਖ ਪ੍ਰਬੰਧਕ ਪ੍ਰੋ ਮਨੋਹਰ ਕੌਰ ਅਰਪਨ ਸੀ, ਨਾਟਕਕਾਰ ਸੁਰਜੀਤ ਸਿੰਘ ਸੇਠੀ ਦੀ ਪਤਨੀ। ਡਾ ਸੇਠੀ ਦੇ ਕਹਿਣ ਤੇ ਹੀ ਮੇਰਾ ਨਾਮ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਗਿਆ। ਇਹੀ ਕਵਿਤਾ ਮੈਂ ਇਥੇ ਸੁਣਾਈ। ਬਹੁਤ ਚੰਗੀ ਸੁਣੀ ਗਈ। ਕਵੀ ਦਰਬਾਰ ਚ ਸ਼ਾਮਲ ਡਾ ਜਗਤਾਰ ਤੇ ਤ੍ਰੈਲੋਚਨ ਨੇ ਬੜੀ ਸਲਾਹੀ। ਮੈਨੂੰ ਆਪਣਾ ਆਪ ਵੱਡਾ ਵੱਡਾ ਮਹਿਸੂਸ ਹੋਣ ਲੱਗਾ।
ਇਹੀ ਕਵਿਤਾ ਰਘੁਬੀਰ ਸਿੰਘ ਸਿਰਜਣਾ ਨੇ ਆਪਣੇ ਮੈਗਜ਼ੀਨ ਸਿਰਜਣਾ ਚ ਛਾਪੀ। ਇਸੇ ਨਾਮ ਦੀ ਮੇਰੀ ਪਹਿਲੀ ਕਿਤਾਬ ਬਣੀ , ਜਿਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਭਾਈ ਵੀਰ ਸਿੰਘ ਪੁਰਸਕਾਰ ਦਿੱਤਾ। ਮੈਂ ਉਦੋਂ ਲ ਰ ਮ ਕਿਜ ਜਗਰਾਉਂ ਚ ਪੜ੍ਹਾਉਂਦਾ ਹੁੰਦਾ ਸੀ। ਪੁਰਸਕਾਰ ਰਾਸ਼ੀ ਭਾਵੇ ਪੰਜ ਸੌ ਹੀ ਸੀ ਪਰ ਬੜੀ ਵੱਡੀ ਰਕਮ ਲੱਗੀ। ਇਨ੍ਹਾਂ ਪੈਸਿਆੰ ਦੇ ਦੋ ਦੇਸੀ ਪੱਖੇ ਮੇਰੇ ਸਾਂਢੂ ਸਾਹਿਬ ਸਃ ਬਲਦੇਵ ਸਿੰਘ ਨੇ ਆਪਣੇ ਬੇਲੀ ਸਃ ਗੁਰਦੇਵ ਸਿੰਘ ਇੰਡਸਟਰੀ ਇੰਸਪੈਕਟਰ ਦੀ ਸਿਫ਼ਾਰਸ਼ ਨਾਲ ਮੰਗਵਾਏ। ਜਿਸ ਦਿਨ ਕਿਰਾਏ ਦੇ ਮਕਾਨ ਚ ਪੱਖੇ ਲੁਆਏ ਤਾਂ ਸਾਰੀ ਰਾਤ ਪੱਖੇ ਵੱਲ ਹੀ ਵੇਖਦਾ ਰਿਹਾ , ਇਹ ਸੋਚ ਕੇ ਕਿ ਕਿੱਡੀ ਮੌਜ ਹੈ, ਹਵਾ ਪੂਰੇ ਕਮਰੇ ਚ ਘੁੰਮਦੀ ਹੈ। ਪਹਿਲਾਂ ਸਾਡੇ ਕੋਲ ਟੇਬਲ ਫ਼ੇਨ ਸੀ ਓਰੀਐਂਟ ਕੰਪਨੀ ਦਾ। ਚੰਗਾ ਤਾਂ ਬੜਾ ਸੀ, ਘੁੰਮਦਾ ਵੀ ਸੀ ਪਰ ਮੰਜੇ ਦੇ ਦੂਜੇ ਪਾਸੇ ਪਏ ਜੀਅ ਨੂੰ ਹਵਾ ਨਹੀਂ ਸੀ ਲੱਗਦੀ।
ਖ਼ੈਰ! ਇਸ ਕਵਿਤਾ ਦੀਆ। ਗੱਲਾਂ ਨਹੀ ਮੁੱਕਣੀਆਂ। ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀ, “ਉਇ ਕਦੇ ਗੱਲਾਂ ਵੀ ਮੁੱਕੀਆਂ ਨੇ, ਜਦ ਮੁੱਕਦੈ, ਬੰਦਾ ਹੀ ਮੁੱਕਦੈ।
ਮੈਂ ਵੀ ਗੱਲ ਮੁਕਾਵਾਂ, ਮੇਰੀ ਪਹਿਲ ਪਲੇਠੀ ਆਦਰਯੋਗ ਕਵਿਤਾ ਤੁਸੀਂ ਵੀ ਪੜ੍ਹੋ।
ਸ਼ੀਸ਼ਾ ਝੂਠ ਬੋਲਦਾ ਹੈ
ਮੇਰੇ ਸਿਰ ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ
ਆਸਾਂ ਵਾਲੇ ਸਾਰੇ ਪੰਛੀ
ਬਿਨਾ ਚੋਗਿਉਂ ਮੁੜ ਆਏ ਨੇ
ਬਿਨ ਰੁਜ਼ਗਾਰ ਦਫ਼ਤਰੋਂ ਮੁੜ ਗਏ ਕਾਰਡ ਵਾਂਗੂੰ
ਵਿੱਥਾਂ ਵਿਰਲਾਂ ਦੇ ਵਿਚ
ਆ ਕੇ ਉਲਝ ਗਏ ਨੇ
ਮੇਰੇ ਸਿਰ ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ
ਮਹਿਬੂਬਾ ਦਾ ਪੱਤਰ
ਬਲਦੇ ਅੱਖਰਾਂ ਵਾਲਾ
ਘਰ ਦਾ ਪਰਛਾਵਾਂ ਪੈਂਦੇ ਹੀ
ਇਕ ਦਮ ਅੱਗ ਤੋਂ ਰਾਖ਼ ਬਣ ਗਿਆ
ਮੇਰੇ ਮੱਥੇ ਟਹਿਕਣ ਦੀ ਥਾਂ
ਦਾਗ਼ ਬਣ ਗਿਆ
ਇਹ ਕਿੱਦਾਂ ਦੀ ਸ਼ਾਮ ਕਿ ਸੁਪਨੇ ਮਾਤਮੀਆਂ ਦੇ ਵਾਂਗ
ਬਰੂਹਾਂ ਮੱਲ ਬੈਠੇ ਨੇ
ਕਾਲੇ ਸਿਆਹ ਚਿਹਰੇ ਲਟਕਾਈ
ਵਾਲ ਖਿੰਡਾਈ
ਕਿਸਦਾ ਪ੍ਰੇਤ ਡਰਾਵੇ ਦੇ ਦੇ
ਘੂਰ ਰਿਹਾ ਹੈ।