ਜਗਰਾਉਂ, 14 ਮਈ ( ਜਗਰੂਪ ਸੋਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਸੰਗਤਪੁਰਾ ਢੈਪਈ ਪਿੰਡ ਵਿਖੇ ਕਿਸਾਨਾਂ ਦੀ ਮੀਟਿੰਗ ਬਲਾਕ ਸਕੱਤਰ ਸਿੱਧਵਾਂਬੇਟ ਗੁਰਮੇਲ ਸਿੰਘ ਭਰੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਦੇ ਨਿਰਦੇਸ਼ਾਂ ਮੁਤਾਬਿਕ ਪਿੰਡ ਦੇ ਕਿਸਾਨਾਂ ਦੀ ਮੈਂਬਰਸ਼ਿਪ ਨਵਿਆਈ ਗਈ। ਸਮੂਹ ਕਿਸਾਨਾਂ ਨੇ ਕਿਸਾਨੀ ਹਿਤਾਂ ਦੀ ਰਾਖੀ ਲਈ ਜਥੇਬੰਦੀ ਨਾਲ ਸੁਚੇਤ ਰੂਪ ਚ ਜੁੜਣ ਦਾ ਐਲਾਨ ਕੀਤਾ।ਇਸ ਸਮੇਂ ਪਹਿਲਾਂ ਚੁਣੀ ਹੋਈ ਕਮੇਟੀ ਨੂੰ ਤੀਰਥ ਸਿੰਘ ਪ੍ਰਧਾਨ ਦੀ ਅਗਵਾਈ ਚ ਹੀ ਬਹਾਲ ਰੱਖਿਆ ਗਿਆ। ਇਸ ਸਮੇਂ ਪਿੰਡ ਚ ਘਰ ਘਰ ਜਾ ਕੇ ਕਿਸਾਨ ਮਰਦ ਔਰਤਾਂ ਨੂੰ ਮੈਂਬਰਸ਼ਿਪ ਦੇਣ ਅਤੇ ਫੰਡ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਮੇਂ ਕਿਸਾਨਾਂ ਨੇ ਦਿੱਲੀ ਜੰਤਰਮੰਤਰ ਵਿਖੇ ਪਹਿਲਵਾਨ ਧੀਆਂ ਦੇ ਜਿਣਸੀ ਸ਼ੋਸ਼ਣ ਖਿਲਾਫ ਚਲ ਰਹੇ ਵਿਸ਼ਾਲ ਸੰਘਰਸ਼ ਦੀ ਜੋਰਦਾਰ ਹਿਮਾਇਤ ਕਰਦਿਆਂ ਦੋਸ਼ੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਜਿਲਾ ਕਮੇਟੀ ਵਲੋਂ ਸੰਦੇਸ਼ ਮਿਲਣ ਤੇ ਦਿੱਲੀ ਸੰਘਰਸ਼ ਚ ਸ਼ਾਮਿਲ ਹੋਣ ਦਾ ਫੈਸਲਾ ਵੀ ਕੀਤਾ ਗਿਆ। ਇਸ ਸਮੇਂ ਇਕ ਅੱਡ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਪੰਜਾਬ ਅਤੇ ਖੇਤੀ ਖੇਤਰ ਦੇ ਭਲੇ ਲਈ ਫਸਲੀ ਚੱਕਰ ਬਦਲਣ ਹਿਤ ਸੂਬਾ ਕਮੇਟੀ ਵਲੋਂ ਪੇਸ਼ ਕੀਤੇ ਸੁਝਾਵਾਂ ਮੁਤਾਬਕ ਨਵੀਂ ਖੇਤੀ ਨੀਤੀ ਲਿਆਉਣ ਅਤੇ ਤੇਈ ਫਸਲਾਂ ਤੇ ਘਟੋਘਟ ਸਮਰਥਨ ਮੁੱਲ ਜਾਰੀ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਚ ਕੇਂਦਰ ਸਰਕਾਰ ਵਲੋਂ ਪੇਂਡੂ ਵਿਕਾਸ ਫੰਡ ਪੰਜਾਬ ਨੂੰ ਜਾਰੀ ਕਰਨ ਦੀ ਮੰਗ ਕਰਦਿਆਂ ਇਸ ਨੂੰ ਰੋਕਣ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ। ਕਿਸਾਨੀ ਦੀਆਂ ਨਹਿਰੀ ਪਾਣੀ ਹਰ ਖੇਤ ਤਕ ਪੁਚਾਉਣ, ਸਾਉਣੀ ਫਸਲਾਂ ਲਈ ਬੀਜਾਂ ਦਾ ਠੋਸ ਪ੍ਰਬੰਧ ਕਰਨ, ਪਿਛਲੇ ਸਮੇਂ ਚ ਫਸਲਾਂ ਦੇ ਨੁਕਸਾਨ ਦਾ ਮੁਆਵਜਾ ਲੈਣ ਲਈ, ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜਾ ਅਤੇ ਨੌਕਰੀ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਕਰਨ ਦੀ ਮੰਗ ਨੂੰ ਲੈ ਕੇ 17 ਮਈ ਨੂੰ ਸਵੇਰੇ 11 ਵਜੇ ਡੀ ਸੀ ਲੁਧਿਆਣਾ ਨੂੰ ਜਿਲਾ ਕਮੇਟੀ ਦੀ ਅਗਵਾਈ ਚ ਮਿਲਣ ਦਾ ਫੈਸਲਾ ਕੀਤਾ ਗਿਆ।ਇਸ ਸਮੇਂ ਤੀਰਥ ਸਿੰਘ ਪ੍ਰਧਾਨ, ਅਵਤਾਰ ਸਿੰਘ, ਰਣਜੀਤ ਸਿੰਘ, ਭੂਪਿੰਦਰ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ, ਗੁਰਮੇਲ ਸਿੰਘ ਪ੍ਰਧਾਨ, ਹਰਪਾਲ ਸਿੰਘ ਦਰਸ਼ਨਜੀਤ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਗੁਰਮੇਲ ਸਿੰਘ, ਗੁਰਦੀਪ ਸਿੰਘ, ਹਾਜਰ ਸਨ।