ਬਰਨਾਲਾ, 31 ਜੁਲਾਈ (ਅਸ਼ਵਨੀ ਕੁਮਾਰ) : ਕਿਸਾਨਾਂ ਦੀ ਸਹੂਲਤ ਲਈ ਅਨਾਜ ਮੰਡੀ ਦੇ ਫੜ ਪੱਕੇ ਕਰਵਾਉਣ ਸਮੇਤ ਹੋਰ ਕੰਮ ਕਰਵਾਏ ਜਾ ਰਹੇ ਹਨ ਅਤੇ ਬਾਕੀ ਕੰਮ ਦਾ ਐਸਟੀਮੇਟ ਜਲਦ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਨਵੀਂ ਅਨਾਜ ਮੰਡੀ ਬਰਨਾਲਾ ਵਿਖੇ ਸੀ ਸੀ ਫਲੋਰਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਨਵੀਂ ਅਨਾਜ ਮੰਡੀ ਬਰਨਾਲਾ ਦੀ ਸੀ ਸੀ (ਕੰਕਰੀਟ) ਫਲੋਰਿੰਗ ਦਾ ਕੰਮ 418.40 ਲੱਖ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁੱਖ ਯਾਰਡ ਬਰਨਾਲਾ ਦੇ ਫੜ ਨੰਬਰ 1 ‘ਤੇ ਬਣ ਰਹੇ ਨਵੇਂ ਸ਼ੈੱਡ ਥੱਲੇ ਸੀ ਸੀ ਫਲੋਰਿੰਗ ਦੇ 117.19 ਲੱਖ ਦੀ ਲਾਗਤ ਦੇ ਕੰਮ ਦੀ ਸ਼ੁਰੂਆਤ ਅਤੇ ਮੁੱਖ ਯਾਰਡ ਦੇ ਫੜ ਨੰਬਰ 2 ਦੀ ਡੀ ਬੀ ਫਲੋਰਿੰਗ ਦੇ 41.79 ਲੱਖ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੰਡੀ ਨੂੰ ਪੱਕਾ ਕਰਨ ਦੇ ਏਨਾ ਕੰਮਾਂ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਇਸ ਤੋਂ ਆੜਤੀ ਵੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਰਹਿ ਗਏ ਹਨ, ਉਨ੍ਹਾਂ ਵਾਸਤੇ ਸਬੰਧਤ ਅਧਿਕਾਰੀਆਂ ਨੂੰ ਐਸਟੀਮੇਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਦੇ ਵੀ ਫੰਡ ਜਲਦ ਤੋਂ ਜਲਦ ਜਾਰੀ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਆਉਂਦੇ ਸਾਲਾਂ ਵਿੱਚ ਕੋਈ ਵੀ ਕੰਮ ਅਧੂਰਾ ਨਾ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਅਸਲਮ ਮੁਹੰਮਦ, ਸਕੱਤਰ ਮਾਰਕੀਟ ਕਮੇਟੀ ਕੁਲਵਿੰਦਰ ਸਿੰਘ ਭੁੱਲਰ, ਓ ਐਸ ਡੀ ਹਸਨਪ੍ਰੀਤ ਭਾਰਦਵਾਜ ਤੇ ਹੋਰ ਪਤਵੰਤੇ ਹਾਜ਼ਰ ਸਨ।