ਸਾਲ 2022 ਜ਼ਿਲਾ ਮੋਗਾ ਵਾਸੀਆਂ ਦੇ ਹਮੇਸ਼ਾਂ ਚੇਤਿਆਂ ਵਿੱਚ ਰਹੇਗਾ
ਪੱਤਰਕਾਰ ਅਸ਼ਵਨੀ ਅਤੇ ਬੌਬੀ ਸਹਿਜਲ ਦੀ ਵਿਸ਼ੇਸ਼ ਰਿਪਰੋਟ
ਮੋਗਾ – ਹਰ ਸਾਲ ਦੀ ਤਰਾਂ ਸਾਲ 2022 ਵੀ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਲੰਘ ਚੱਲਿਆ ਹੈ। ਜ਼ਿਲਾ ਮੋਗਾ ਵਾਸੀਆਂ ਲਈ ਇਹ ਸਾਲ ਕਈ ਪੱਖਾਂ ਤੋਂ ਮਹੱਤਵਪੂਰਨ ਰਿਹਾ। ਜਿੱਥੇੇ ਜ਼ਿਲਾ ਮੋਗਾ ਨੂੰ ਚਾਰ ਨਵੇਂ ਵਿਧਾਇਕ ਮਿਲੇ ਉਥੇ ਹੀ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਗਏ ਉਪਰਾਲਿਆਂ ਨਾਲ ਲੋਕਾਂ ਨੂੰ ਕਾਫੀ ਲਾਭ ਮਿਲਿਆ। ਇਸ ਸਾਲ ਵਿੱਚ ਕੀਤੇ ਗਏ ਕੰਮਾਂ ਉਤੇ ਜੇਕਰ ਝਾਤ ਮਾਰੀ ਜਾਵੇ ਤਾਂ ਨਿਸ਼ਚੇ ਹੀ ਇਹ ਸਾਲ ਜ਼ਿਲਾ ਮੋਗਾ ਵਾਸੀਆਂ ਦੇ ਹਮੇਸ਼ਾਂ ਚੇਤਿਆਂ ਵਿਚ ਰਹੇਗਾ। ਆਓ, ਇਸ ਸਮੇਂਂ ਦੌਰਾਨ ਹੋਏ ਕੰਮਾਂ ਅਤੇ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਫਰੋਲਣ ਦੀ ਕੋਸ਼ਿਸ਼ ਕਰੀਏ।
ਨਵੇਂਂ ਚਿਹਰਿਆਂ ਨੇ ਸੰਭਾਲੀ ਕਮਾਨ
ਚੜਦੇ ਸਾਲ ਹੀ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਜਿਸ ਵਿੱਚ ਹਲਕਾ ਮੋਗਾ ਤੋਂ ਡਾਕਟਰ ਅਮਨਦੀਪ ਕੌਰ ਅਰੋੜਾ, ਹਲਕਾ ਧਰਮਕੋਟ ਤੋਂ ਦਵਿੰਦਰਜੀਤ ਸਿੰਘ ਲਾਢੀ ਢੋਸ, ਹਲਕਾ ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ ਅਤੇ ਹਲਕਾ ਬਾਘਾਪੁਰਾਣਾ ਤੋਂ ਅੰਮਿ੍ਰਤਪਾਲ ਸਿੰਘ ਸੁਖਾਨੰਦ ਨੇ ਜਿੱਤ ਹਾਸਿਲ ਕੀਤੀ। ਇਸੇ ਤਰਾਂ ਕੁਲਵੰਤ ਸਿੰਘ ਨੇ ਜ਼ਿਲਾ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਅਤੇ ਗੁਲਨੀਤ ਸਿੰਘ ਨੇ ਜ਼ਿਲਾ ਪੁਲਿਸ ਮੁਖੀ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਦੀਪਕ ਅਰੋੜਾ ਨੂੰ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਬਾਬਾ ਫਰੀਦ ਇਮਾਨਦਾਰੀ ਅਵਾਰਡ ਨਾਲ ਸਨਮਾਨਿਤ
ਜ਼ਿਲਾ ਮੋਗਾ ਵਾਸੀਆਂ ਦਾ ਸਿਰ ਮਾਣ ਨਾਲ ਉਸ ਵੇਲੇ ਉੱਚਾ ਹੋ ਗਿਆ ਜਦੋਂ ਗੁਰੂਦਵਾਰਾ ਗੋਦੜੀ ਸਾਹਿਬ ਬਾਬਾ ਫਰੀਦ ਜੀ ਸੋਸਾਇਟੀ ਅਤੇ ਟਿੱਲਾ ਬਾਬਾ ਫਰੀਦ ਜੀ ਵੱਲੋਂ “ਬਾਬਾ ਫਰੀਦ ਜੀ ਆਗਮਨ ਪੁਰਬ 2022’’ ਮੌਕੇ ‘ਬਾਬਾ ਫਰੀਦ ਅਵਾਰਡ (ਇਮਾਨਦਾਰੀ)’ ਡਿਪਟੀ ਕਮਿਸਨਰ ਕੁਲਵੰਤ ਸਿੰਘ ਨੂੰ ਦਿੱਤਾ ਗਿਆ। ਅਵਾਰਡ ਵਿੱਚ ਇਕ ਦੋਸ਼ਾਲਾ, ਟਰਾਫੀ, ਪ੍ਰਸੰਸਾ ਪੱਤਰ ਅਤੇ ਇੱਕ ਲੱਖ ਰੁਪਏ ਰਾਸੀ ਦਾ ਚੈੱਕ ਸ਼ਾਮਿਲ ਹੈ। ਡਿਪਟੀ ਕਮਿਸ਼ਨਰ ਨੇ ਇਹ ਰਾਸ਼ੀ ਤੁਰੰਤ ਜ਼ਿਲਾ ਰੈੱਡ ਕਰਾਸ ਸੁਸਾਇਟੀ ਮੋਗਾ ਨੂੰ ਦੇ ਦਿੱਤੀ।
ਪਿੰਡ ਢੁੱਡੀਕੇ ਵਿਖੇ ਹਾਕੀ ਐਸਟਰੋਟਰਫ ਦਾ ਉਦਘਾਟਨ
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਖੇਡਾਂ ਨਾਲ ਜੋੜਨ ਲਈ ਸ਼ੁਰੂ ਕੀਤੇ ਉਪਰਾਲਿਆਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਪਿੰਡ ਢੁੱਡੀਕੇ ਵਿਖੇ ਪਿਛਲੇ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦਿਆਂ ਇਥੇ 5 ਕਰੋੜ ਰੁਪਏ ਦੀ ਲਾਗਤ ਵਾਲੀ ਹਾਕੀ ਐਸਟਰੋਟਰਫ਼ ਦਾ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਉਦਘਾਟਨ ਕੀਤਾ ਗਿਆ।
ਨੀਤੀ ਆਯੋਗ ਵੱਲੋਂ ਜ਼ਿਲਾ ਮੋਗਾ ਲਈ 6 ਕਰੋੜ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ
ਨੀਤੀ ਆਯੋਗ ਵੱਲੋਂ ਐਸਪੀਰੇਸ਼ਨਲ ਡਿਸਟਿ੍ਰਕਟ ਪ੍ਰੋਗਰਾਮ ਅਧੀਨ ਜ਼ਿਲਾ ਮੋਗਾ ਦੇ ਵਿਕਾਸ ਕਾਰਜਾਂ ਲਈ 6 ਕਰੋੜ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਰਾਸ਼ੀ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰਾਂ ਵਿੱਚ ਸੁਧਾਰ ਕਰਨ ਲਈ ਖਰਚੀ ਜਾਵੇਗੀ। ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪਿਛਲੇ ਸਮੇਂ ਦੌਰਾਨ ਨੀਤੀ ਆਯੋਗ ਨੂੰ 8 ਵੱਖ ਵੱਖ ਵਿਕਾਸ ਕਾਰਜਾਂ ਲਈ 5 ਕਰੋੜ, 99 ਲੱਖ, 84 ਹਜ਼ਾਰ, 302 ਰੁਪਏ ਦੀ ਮੰਗ ਕੀਤੀ ਸੀ ਜੋ ਕਿ ਨੀਤੀ ਆਯੋਗ ਵੱਲੋਂ ਪ੍ਰਵਾਨ ਕਰ ਲਈ ਗਈ। ਪਿਛਲੇ ਸਮੇਂ ਦੌਰਾਨ ਵੀ ਨੀਤੀ ਆਯੋਗ ਵੱਲੋਂ ਜ਼ਿਲਾ ਮੋਗਾ ਨੂੰ 3 ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਸੀ ਜਿਸ ਵਿੱਚੋਂ 2 ਕਰੋੜ 66 ਲੱਖ 5 ਹਜ਼ਾਰ 179 ਰੁਪਏ ਨਾਲ 20 ਬੇਲਰ ਸਮੇਤ ਰੇਕ ਖਰੀਦੇ ਗਏ ਸਨ।
ਵਿਦਿਆਰਥੀਆਂ ਦੀ ਸਿਖ਼ਲਾਈ ਜਾਰੀ
ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਮੋਹਾਲੀ ਵਿਖੇ ਚਲਾਈ ਜਾ ਰਹੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਦਾ ਜ਼ਿਲਾ ਮੋਗਾ ਦੇ 41 ਵਿਦਿਆਰਥੀਆਂ ਨੂੰ ਦੌਰਾ ਕਰਵਾਇਆ ਗਿਆ ਤਾਂ ਜੋ ਉਹਨਾਂ ਵਿੱਚ ਇਸ ਸੰਸਥਾ ਵਿੱਚ ਦਾਖਲਾ ਲੈਣ ਲਈ ਉਤਸਾਹ ਪੈਦਾ ਹੋ ਸਕੇ। ਇਹਨਾਂ ਵਿਦਿਆਰਥੀਆਂ ਨੂੰ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਵਿਖੇ ਇਸ ਸੰਸਥਾ ਵਿਚ ਦਾਖਲਾ ਲੈਣ ਲਈ ਮੁਫਤ ਤਿਆਰੀ ਕਰਵਾਈ ਜਾ ਰਹੀ ਹੈ। ਇਸੇ ਤਰਾਂ ਇਸ ਅਦਾਰੇ ਵੱਲੋਂ ਲਗਾਏ ਗਏ ਵਿਸ਼ੇਸ਼ ਸੁਵਿਧਾ ਕੈਂਪ ਜ਼ਰੀਏ 70 ਦੇ ਕਰੀਬ ਦਿਵਿਆਂਗਜਨਾਂ ਨੇ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ। ਕੈਂਪ ਦੌਰਾਨ ਦਿਵਿਆਂਗਜਨਾਂ ਨੂੰ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਦਿੱਤੇ ਜਾਂਦੇ ਲੋਨ ਦੇ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
ਲਾਹੇਵੰਦ ਸਾਬਿਤ ਹੋ ਰਹੇ ਤਿੰਨ ਆਮ ਆਦਮੀ ਕਲੀਨਿਕ
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵਧੀਆ ਦਰਜੇ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲਾ ਮੋਗਾ ਵਿੱਚ 3 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਜੋ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੇ ਹਨ। ਇਨਾਂ ਕਲੀਨਿਕਾਂ ਦਾ 15 ਅਗਸਤ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉਦਘਾਟਨ ਕੀਤਾ ਸੀ। ਤਿੰਨੋਂ ਆਮ ਆਦਮੀ ਕਲੀਨਿਕਾਂ ਜਰੀਏ ਹੁਣ ਤੱਕ 26877 ਮਰੀਜ਼ਾਂ ਵੱਲੋਂ ਸਿਹਤ ਸਹੂਲਤਾਂ ਲਈਆਂ ਗਈਆਂ ਹਨ। ਵੱਖ-ਵੱਖ ਮਰੀਜ਼ਾਂ ਦੇ 4316 ਟੈਸਟ ਵੀ ਹੁਣ ਤੱਕ ਮੁਫ਼ਤ ਵਿੱਚ ਕਰਵਾਏ ਜਾ ਚੁੱਕੇ ਹਨ। ਇਨਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰਾਂ ਦੇ 45 ਟੈਸਟ ਅਤੇ 75 ਤਰਾਂ ਦੀਆਂ ਦਵਾਈਆਂ ਵੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਜ਼ਿਲਾ ਮੋਗਾ ਦਾ ਸ਼ਾਨਦਾਰ ਪ੍ਰਦਰਸ਼ਨ
ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਜ਼ਿਲਾ ਮੋਗਾ ਦੇ ਖਿਡਾਰੀਆਂ ਨੇ ਵਧ ਚੜ ਕੇ ਹਿੱਸਾ ਲਿਆ। ਲੁਧਿਆਣਾ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿੱਚ ਜ਼ਿਲਾ ਮੋਗਾ ਦੇ ਕਰੀਬ 1296 ਖਿਡਾਰੀਆਂ (814 ਲੜਕੇ, 482 ਲੜਕੀਆਂ) ਨੇ 23 ਖੇਡਾਂ ਜਰੀਏ ਆਪਣੀ ਖੇਡ ਕਲਾ ਦੇ ਜੌਹਰ ਮੈਦਾਨ ਵਿੱਚ ਵਿਖਾਏ। ਇਨਾਂ ਵਿੱਚੋਂ 13 ਖੇਡਾਂ ਵਿੱਚ ਵੱਖ-ਵੱਖ ਖਿਡਾਰੀਆਂ ਨੇ 67 ਮੈਡਲ ਪ੍ਰਾਪਤ ਕੀਤੇ। ਇਨਾਂ 67 ਮੈਡਲਾਂ ਵਿੱਚ 12 ਗੋਲਡ ਮੈਡਲ, 17 ਸਿਲਵਰ ਮੈਡਲ, 38 ਬਰੋਨਜ਼ ਮੈਡਲ ਸ਼ਾਮਿਲ ਹਨ।
ਮੋਗਾ ਦੇ ਕਾਰੀਗਰਾਂ ਨੂੰ ਵਿਸ਼ਵ ਪੱਧਰ ਉੱਤੇ ਪਹੁੰਚਾਉਣ ਦਾ ਸੁਪਨਾ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਸੰਜੋਏ ਸੁਪਨੇ ਨੂੰ ਪੂਰਾ ਕਰਨ ਲਈ ਜ਼ਿਲਾ ਮੋਗਾ ਵਿੱਚ ਹੱਥ ਨਾਲ ਘੜੇ ਅਤੇ ਹੋਰ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਵਿਸ਼ਵ ਪੱਧਰ ਦੇ ਭਾਂਡੇ ਤਿਆਰ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਇਹਨਾਂ ਕਾਰੀਗਰਾਂ ਦਾ ਕਲੱਸਟਰ ਬਣਾ ਕੇ ਸ਼ਨਾਖਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਹ ਸਮਾਂ ਦੂਰ ਨਹੀਂ ਕਿ ਸ਼ਹਿਰ ਮੋਗਾ ਦੇ ਮਿੱਟੀ ਦੇ ਭਾਂਡੇ, ਜੁੱਤੀਆਂ ਅਤੇ ਹੋਰ ਵਸਤਾਂ ਹੁਣ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਹਿਚਾਣ ਬਣਾਉਣਗੀਆਂ।
ਝੋਨੇ ਦੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਆਈ ਕਮੀ
ਜ਼ਿਲਾ ਪ੍ਰਸਾਸ਼ਨ ਵੱਲੋਂ ਪੰਜਾਬ ਦੀ ਅਗਵਾਈ ਵਿੱਚ ਕੀਤੇ ਗਏ ਉਪਰਾਲਿਆਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਇਸ ਸਾਲ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾੜਨ ਦੇ ਮਾਮਲਿਆਂ ਵਿੱਚ 45 ਫੀਸਦੀ ਕਮੀ ਦਰਜ ਕੀਤੀ ਗਈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 2893 ਅੱਗਾਂ ਘੱਟ ਲੱਗੀਆਂ, ਜੋ ਕਿ ਇੱਕ ਚੰਗਾ ਸੰਕੇਤ ਹੈ।
ਸੱਤ ਦੇਸ਼ਾਂ ਦੇ ਭਾਰਤੀ ਅੰਬੈਸਡਰਾਂ/ਹਾਈ ਕਮਿਸ਼ਨਰਾਂ ਵੱਲੋਂ ਜ਼ਿਲਾ ਮੋਗਾ ਦਾ ਦੌਰਾ
ਸੱਤ ਦੇਸ਼ਾਂ ਦੇ ਭਾਰਤੀ ਅੰਬੈਸਡਰਾਂ/ਹਾਈ ਕਮਿਸ਼ਨਰਾਂ ਦੇ ਵਫ਼ਦ ਨੇ ਜ਼ਿਲਾ ਮੋਗਾ ਦਾ ਦੌਰਾ ਕੀਤਾ ਅਤੇ ਭਰੋਸਾ ਦਿੱਤਾ ਕਿ ਮੋਗਾ ਦੇ ਸਰਬਪੱਖੀ ਵਿਕਾਸ ਲਈ ਕੌਮਾਂਤਰੀ ਪੱਧਰ ਉੱਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਜ਼ਿਲਾ ਮੋਗਾ ਨੂੰ ਉਤਸ਼ਾਹੀ ਜ਼ਿਲਿਆਂ ਦੀ ਸੂਚੀ ਵਿੱਚੋਂ ਬਾਹਰ ਕੱਢਣ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ। ਇਸ ਵਫ਼ਦ ਵਿੱਚ ਹਾਲੈਂਡ, ਰੂਸ, ਤੁਰਕੀ, ਮੰਗੋਲੀਆ ਅਤੇ ਟੋਗੋ ਦੇ ਭਾਰਤੀ ਅੰਬੈਸਡਰ/ਹਾਈ ਕਮਿਸ਼ਨਰ ਸ਼ਾਮਿਲ ਸਨ।
ਦਿਵਿਆਂਗਜਨਾਂ ਨੂੰ ਮਿਲੇ ਮੁਫ਼ਤ ਬਨਾਉਟੀ ਅੰਗ ਅਤੇ ਸਹਾਇਕ ਸਮੱਗਰੀ
ਜ਼ਿਲਾ ਪ੍ਰਸ਼ਾਸ਼ਨ ਦੀ ਪਹਿਲਕਦਮੀ ਉੱਤੇ ਅਲਿਮਕੋ ਵੱਲੋਂ ਸਰੀਰਕ ਤੌਰ ਉੱਤੇ ਦਿਵਿਯਾਂਗ ਵਿਅਕਤੀਆਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਵੰਡੀ ਗਈ। ਜੁਲਾਈ ਮਹੀਨੇ ਕੀਤੀ ਗਈ ਅਸੈਸਮੇਂਟ ਵਿੱਚ 1015 ਯੋਗ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਸੀ। ਇਹਨਾਂ ਸਾਰਿਆਂ ਨੂੰ 1 ਕਰੋੜ 56 ਲੱਖ 54 ਹਜ਼ਾਰ ਰੁਪਏ ਦੀ ਲਾਗਤ ਵਾਲੇ 1592 ਉਪਕਰਨਾਂ ਦੀ ਵੰਡ ਕੀਤੀ ਗਈ ਹੈ।
ਜ਼ਿਲਾ ਮੋਗਾ ਦੇ ਟੀਬੀ ਖਾਤਮਾ ਪ੍ਰੋਗਰਾਮ ਨੂੰ ਰਾਸ਼ਟਰੀ ਪੱਧਰ ਉੱਤੇ ਕਾਂਸੀ ਦਾ ਤਮਗਾ
ਜ਼ਿਲਾ ਮੋਗਾ ਵਿੱਚ ਟੀਬੀ ਦੇ ਖਾਤਮੇ ਦਾ ਪ੍ਰੋਗਰਾਮ ਬੜੇ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਜਿਸ ਦੇ ਫਲਸਰੂਪ ਸਾਲ 2022 ਵਿੱਚ ਭਾਰਤ ਦੇ ਸਾਰੇ ਸੂਬਿਆਂ ਵਿੱਚੋਂ 52 ਜ਼ਿਲੇ ਸਿਲੈਕਟ ਕੀਤੇ ਗਏ ਸਨ ਉਨਾਂ ਵਿੱਚੋਂ ਮੋਗਾ ਜ਼ਿਲਾ ਵੀ ਇੱਕ ਰਿਹਾ। ਇਸ ਚੰਗੀ ਕਾਰਗੁਜਾਰੀ ਕਾਰਨ ਮੋਗਾ ਜ਼ਿਲੇ ਦੇ ਟੀਬੀ ਪ੍ਰੋਗਰਾਮ ਨੂੰ ਨੈਸ਼ਨਲ ਬਰੋਨਜ਼ ਮੈਡਲ (ਕਾਂਸੀ ਦਾ ਤਮਗਾ) ਨਾਲ ਨਿਵਾਜਿਆ ਗਿਆ।
ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰ ਰਿਹਾ ਹਾਈਟੈੱਕ ਸਬਜ਼ੀ ਕੇਂਦਰ
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਰਾਜ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ ਮਿਆਰੀ ਕਿਸਮ ਦੀਆਂ ਪਨੀਰੀਆਂ ਮਿੱਟੀ ਰਹਿਤ ਮੰਡੀਆਂ ਵਿੱਚ ਤਿਆਰ ਕਰਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹਾਈਟੈਕ ਸਬਜ਼ੀ ਕੇਂਦਰ ਪਿੰਡ ਬੀੜ ਚੜਿੱਕ ਵਿਖੇ ਸਥਾਪਿਤ ਕੀਤਾ ਗਿਆ ਹੈ। ਸੈਂਟਰ ਵਿੱਚੋਂ ਕਿਸਾਨ ਘਰੇਲੂ ਬਗੀਚੀ ਲਈ ਵੱਖ-ਵੱਖ ਕਿਸਮ ਦੀਆਂ ਮੌਸਮੀ ਪਨੀਰੀਆਂ ਸਸਤੇ ਰੇਟਾਂ ’ਤੇ ਖ੍ਰੀਦ ਸਕਦੇ ਹਨ। ਇਸ ਸੈਂਟਰ ਵਿਖੇ ਕਿਸਾਨ ਸਬਜੀਆਂ ਦੇ ਬੀਜ (ਸੀਲਡ ਪੈਕਿਟ) ਦੇ ਕੇ ਆਪਣੀ ਪਨੀਰੀ ਆਰਡਰ ’ਤੇ ਵੀ ਤਿਆਰ ਕਰਵਾ ਸਕਦੇ ਹਨ। ਇਸ ਸੈਂਟਰ ਤੋਂ ਵੱਖ-ਵੱਖ ਜ਼ਿਲਿਆਂ ਦੇ ਕਿਸਾਨਾਂ ਨੂੰ ਹੁਣ ਤੱਕ ਤਕਰੀਬਨ 25 ਲੱਖ ਸਬਜ਼ੀਆਂ ਦੀਆਂ ਪਨੀਰੀਆਂ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ।
ਨੌਜਵਾਨਾਂ ਨੂੰ ਮੁਫ਼ਤ ਲੈਪਟਾਪ, ਪਿ੍ਰੰਟਰ, ਫਿੰਗਰਪਿ੍ਰੰਟ ਉਪਕਰਨਾਂ ਦੀ ਵੰਡ
ਸੰਕਲਪ ਸਕੀਮ ਸਵੈ ਰੋਜ਼ਗਾਰ ਵਾਲੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸਕੀਮ ਤਹਿਤ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਵਿੱਚ ਪ੍ਰਫੁੱਲਤਾ ਵਿੱਚ ਸਹਾਈ ਹੋਣ ਵਾਲੇ ਯੰਤਰ ਲੈਪਟਾਪ, ਪਿ੍ਰੰਟਰ, ਫਿੰਗਰਪਿ੍ਰੰਟ ਅਤੇ ਹੋਰ ਉਪਕਰਨ ਮੁਫ਼ਤ ਮੁਹੱਈਆ ਕਰਵਾਏ ਗਏ।
22 ਹੋਰ ਪਿੰਡਾਂ ਨੂੰ ‘ਆਦਰਸ਼ ਪਿੰਡ’ ਵਜੋਂ ਕੀਤਾ ਜਾ ਰਿਹੈੈ ਵਿਕਸਤ
ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਅਧੀਨ ਜ਼ਿਲਾ ਮੋਗਾ ਦੇ 42 ਪਿੰਡਾਂ ਨੂੰ ‘ਆਦਰਸ਼ ਪਿੰਡ’ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। 20 ਪਿੰਡਾਂ ਨੂੰ ਵਿਕਸਤ ਕੀਤਾ ਜਾ ਚੁੱਕਾ ਹੈ ਜਦਕਿ 22 ਪਿੰਡਾਂ ਦਾ ਕੰਮ ਪ੍ਰਗਤੀ ਅਧੀਨ ਹੈ। ਯੋਜਨਾ ਦਾ ਮਕਸਦ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਭਾਈਚਾਰੇ ਦੀ ਬਹੁਤਾਤ ਵਾਲੇ ਪਿੰਡਾਂ ਦੇ ਵਾਸੀਆਂ ਨੂੰ ਹਰੇਕ ਸਹੂਲਤ ਨਾਲ ਜੋੜਿਆ ਜਾਣਾ ਹੈ ਤਾਂ ਜੋ ਇਥੋਂ ਦੇ ਹਰ ਵਰਗ ਦੇ ਲੋਕਾਂ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇ।
ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਰਾਸ਼ੀ ਦੀ ਵੰਡ
ਕਿਸਾਨ ਸੰਘਰਸ ਦੌਰਾਨ ਮਾਰੇ ਗਏ ਜਿਲਾ ਮੋਗਾ ਦੇ ਸਾਰੇ 69 ਕਿਸਾਨਾਂ ਦੇ ਕਾਨੂੰਨੀ ਵਾਰਿਸਾਂ ਨੂੰ ਮਾਲੀ ਸਹਾਇਤਾ ਰਾਸੀ ਦੇ ਚੈੱਕ ਵੰਡੇ ਜਾ ਚੁੱਕੇ ਹਨ। ਇਸ ਸਬੰਧੀ ਰਹਿੰਦੇ 14 ਕਿਸਾਨ ਪਰਿਵਾਰਾਂ ਨੂੰ 70 ਲੱਖ ਰੁਪਏ (ਪ੍ਰਤੀ ਪਰਿਵਾਰ 5 ਲੱਖ ਰੁਪਏ) ਦੇ ਚੈੱਕ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਭੇਟ ਕੀਤੇ। ਦੱਸਣਯੋਗ ਹੈ ਕਿ ਕਿਸਾਨ ਸੰਘਰਸ ਵਿਚ ਜਿਲਾ ਮੋਗਾ ਨਾਲ ਸਬੰਧਤ 69 ਕਿਸਾਨਾਂ ਨੇ ਆਪਣੀ ਜਾਨ ਗਵਾ ਲਈ ਸੀ। ਜਿਹਨਾਂ ਵਿੱਚੋਂ 55 ਪਰਿਵਾਰਾਂ ਨੂੰ ਪਹਿਲਾਂ ਹੀ ਇਹ ਰਾਸੀ ਵੰਡੀ ਜਾ ਚੁੱਕੀ ਸੀ।
‘‘ਅਨੀਮੀਆ ਮੁਕਤ ਮੋਗਾ ਮੁਹਿੰਮ” ਦੀ ਸ਼ੁਰੂਆਤ
ਅਨੀਮੀਆ ਮੁਕਤ ਭਾਰਤ ਅਭਿਆਨ ਤਹਿਤ ਜ਼ਿਲਾ ਮੋਗਾ ਦੇ 10 ਤੋਂ 19 ਸਾਲ ਉਮਰ ਵਰਗ ਦੇ ਸਕੂਲੀ ਵਿਦਿਆਰਥੀਆਂ ਨੂੰ ਅਨੀਮੀਆ ਮੁਕਤ ਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਪਿਰਾਮਿਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਮੁਹਿੰਮ ‘‘ਅਨੀਮੀਆ ਮੁਕਤ ਮੋਗਾ” ਦੀ ਸ਼ੁਰੂਆਤ ਕੀਤੀ ਗਈ ਹੈ।
ਜਿਸ ਤਹਿਤ 9ਵੀਂ ਤੋਂ 12ਵੀਂ ਜਮਾਤ ਦੀਆਂ 170 ਸਰਕਾਰੀ ਦੇ 19 ਹਜ਼ਾਰ ਤੋਂ ਵਧੇਰੇ ਲੜਕੇ-ਲੜਕੀਆਂ ਦਾ ਡਿਜੀਟਲ ਹੀਮੋਗਲੋਬਿਨ ਮੀਟਰ ਰਾਹੀਂ ਖੂਨ ਦੀ ਮਾਤਰਾ ਚੈੱਕ ਕੀਤੀ ਗਈ। ਜਿਸ ਦੌਰਾਨ ਪਤਾ ਲੱਗਾ ਸੀ ਕਿ 354 ਬੱਚੇ ਗੰਭੀਰ ਅਨੀਮੀਆ ਤੋਂ ਪੀੜਤ ਹਨ। ਹੁਣ ਇਨਾਂ ਵਿਦਿਆਰਥੀਆਂ ਨੂੰ ਵਾਧੂ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ।
ਸਕੂਲ ਸਵੱਛ ਵਿਦਿਆਲਾ ਪੁਰਸਕਾਰ ਨਾਲ ਸਨਮਾਨਿਤ
ਜ਼ਿਲਾ ਪੱਧਰ ’ਤੇ ਵੱਖ-ਵੱਖ ਮਾਪਦੰਡਾਂ ਨੂੰ ਲੈ ਕੇ ਵਧੀਆ ਪ੍ਰਦਰਸ਼ਨ ਕਰਦਿਆਂ 3 ਸਟਾਰ ਜਾਂ ਉਪਰਲੇ ਮਾਪਦੰਡਾਂ ਨੂੰ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਸਵੱਛ ਵਿਦਿਆਲਾ ਪੁਰਸਕਾਰ 2021-2022 ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਜ਼ਿਲਾ ਮੋਗਾ ਦੇ ਕੁੱਲ 38 ਸਕੂਲਾਂ ਨੇ ਭਾਗ ਲਿਆ। ਡਿਪਟੀ ਕਮਿਸ਼ਨਰ ਨੇ ਸਿੱਖਿਆ ਅਧਿਕਾਰੀਆਂ ਦੁਆਰਾ ਉਪਲੱਬਧ ਸਾਧਨਾਂ ਦੇ ਢੁਕਵੇਂ ਉਪਯੋਗ ਸਦਕਾ ਜ਼ਿਲਾ ਮੋਗਾ ਦੇ ਸਕੂਲਾਂ ਦਾ ਪੰਜਾਬ ਭਰ ਵਿੱਚ ਪੰਜਵੇਂ ਸਥਾਨ ’ਤੇ ਆਉਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਸਿਖਰਲੇ ਸਥਾਨ ’ਤੇ ਪਹੁੰਚ ਕਰਨ ਲਈ ਮਾਰਗ ਦਰਸ਼ਨ ਕੀਤਾ।
