– ਸਰਸਰੀ ਸੁਧਾਈ ਦੌਰਾਨ 18-19 ਸਾਲ ਦੀ ਉਮਰ ਦੇ 1439 ਯੁਵਾ ਵੋਟਰਾਂ ਦਾ ਵਾਧਾ
ਫ਼ਤਹਿਗੜ੍ਹ ਸਾਹਿਬ, 5 ਜਨਵਰੀ ( ਵਿਕਾਸ ਮਠਾੜੂ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਜਾ ਰਹੀ ਹੈ। ਜਿਸ ਸਬੰਧੀ ਭਾਰਤੀ ਚੋਣ ਕਮਿਸ਼ਨਰ ਵੱਲੋਂ ਹੁਣ ਸਾਲ ਵਿੱਚ ਚਾਰ ਯੋਗਤਾ ਮਿਤੀਆਂ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਨਿਰਧਾਰਿਤ ਕੀਤੀਆਂ ਗਈਆਂ ਹਨ।ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫੋਟੋ ਵੋਟਰ ਸੂਚੀਆਂ ਤੇ ਸੀ.ਡੀਜ਼ ਸੌਂਪਣ ਉਪਰੰਤ ਦਿੱਤੀ।ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਪ੍ਰੋਗਰਾਮ ਅਨੁਸਾਰ ਅਗਲੀ ਯੋਗਤਾ ਮਿਤੀ 01 ਅਪ੍ਰੈਲ, 2023 ਨੂੰ ਜਿਸ ਵਿਅਕਤੀ ਦੀ ਉਮਰ ਨੂੰ 18 ਸਾਲ ਦੀ ਹੋ ਜਾਂਦੀ ਹੈ, ਉਹ ਵਿਅਕਤੀ ਵੋਟ ਬਣਵਾ ਸਕਦਾ ਹੈ। ਵੋਟਰ ਸੂਚੀ ਦੀ ਸੁਧਾਈ ਦੌਰਾਨ ਵੋਟਰ ਸੂਚੀ ਵਿੱਚ ਨਵੀ ਰਜਿਸਟ੍ਰੇਸ਼ਨ ਲਈ ਫਾਰਮ ਨੰ 6 ਅਤੇ ਵੋਟਰ ਸੂਚੀ ਸ਼ਾਮਲ ਹੋਣ ਲਈ ਇੱਕ ਪ੍ਰਵਾਸੀ ਭਾਰਤੀ ਵੋਟਰ (ਐਨ.ਆਰ.ਆਈ) ਲਈ ਫਾਰਮ ਨੰ.6-ਏ ਭਰਿਆ ਜਾ ਸਕਦਾ ਹੈ।ਇਸੇ ਤਰ੍ਹਾਂ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਹਲਕੇ ਦੀ ਵੋਟਰ ਸੂਚੀ ਵਿੱਚ ਦਰਜ ਨਾਮਾਂ ‘ਤੇ ਇਤਰਾਜ਼ ਹੈ ਜਾਂ ਕੋਈ ਨਾਮ ਕਟਵਾਉਣ ਲਈ ਫਾਰਮ ਨੰ:7 ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਲਈ, ਇੱਕ ਹਲਕੇ ਤੋਂ ਦੂਜੇ ਹਲਕੇ ਵਿੱਚ ਰਿਹਾਇਸ਼ ਬਦਲਣ ਕਰਕੇ ਵੋਟਰ ਸੂਚੀ ਵਿੱਚ ਦਰਜ ਪਤਾ ਬਦਲਣ ਲਈ, ਮੌਜੂਦਾ ਹਲਕੇ ਅੰਦਰ ਰਿਹਾਇਸ਼ ਬਦਲਣ ਕਰਕੇ ਵੋਟਰ ਸੂਚੀ ਵਿੱਚ ਦਰਜ ਪਤਾ ਬਦਲਣ ਲਈ ਫਾਰਮ ਨੰ.8 ਭਰਿਆ ਜਾ ਸਕਦਾ ਹੈ। ਸ੍ਰੀਮਤੀ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਜਿਹੜੇ ਨੌਜਵਾਨ ਅਗਲੀਆਂ ਯੋਗਤਾ ਮਿਤੀਆਂ ਨੂੰ 18 ਸਾਲ ਦੇ ਨੇੜੇ ਹੋਵੇਗਾ ਉਹ ਆਪਣੀ ਵੋਟ ਬਣਾਉਣ ਲਈ ਫਾਰਮ ਨੰ.6 ਪਹਿਲਾਂ ਹੀ (ਅਗੋਤਾ) ਭਰਕੇ ਚੋਣਕਾਰ ਰਜਿਸਟ੍ਰੇਸ਼ਨ ਅਵਸਰ ਦੇ ਦਫਤਰ/ਬੀ.ਐਲ.ਓ.ਨੂੰ ਜਮ੍ਹਾ ਕਰਵਾ ਸਕਦਾ ਹੈ। ਫਾਰਮ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ www.nvsp.in ਜਾਂ ਵੋਟਰ ਹੈਲਪ ਲਾਈਨ ਮੋਬਾਇਲ ਐਪ ਰਾਹੀਂ ਆਨਲਾਈਨ ਵੀ ਭਰੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੌਰਾਨ 18-19 ਸਾਲ ਦੀ ਉਮਰ ਦੇ 3768 ਵੋਟਰ ਸਨ। ਹੁਣ 1439 ਯੁਵਾ ਵੋਟਰਾਂ ਦਾ ਵਾਧਾ ਹੋਣ ਕਰਕੇ ਹੁਣ ਇਨ੍ਹਾਂ ਦੀ ਗਿਣਤੀ 5207 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਸਵਾਲ ਜਾ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ਤੇ ਕਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇਦਿਆਂ ਨੂੰ ਆਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਚੋਣ ਹਲਕੇ ਦੇ ਪੋਲਿੰਗ ਬੂਧ ਤੇ ਬੂਧ ਲੈਵਲ ਏਜੰਟ ਨਿਯੁਕਤ ਕਰਨ ਅਤੇ ਨੌਜਵਾਨ ਨੌਜਵਾਨ ਵੋਟਰਾਂ ਦੀ ਵੋਟ ਬਣਾਉਣ ਵਿੱਚ ਬੀ.ਐਲ.ਓ ਨੂੰ ਸਹਿਯੋਗ ਦੇਣ। ਇਸਦੇ ਨਾਲ ਹੀ ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਧਾਰ ਲਿੰਕ ਕਰਨ ਦੀ ਮੁਹਿੰਮ ਬਾਰੇ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ।