ਕੁੱਲ 73,336 ਲਾਭਪਾਤਰੀਆਂ ਵਿੱਚੋਂ 54 ਫੀਸਦੀ ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ. ਪੈਡਿੰਗ-ਡਾ. ਤਪਤੇਜ
ਮੋਗਾ, 10 ਜਨਵਰੀ ( ਵਿਕਾਸ ਮਠਾੜੂ)-ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿੰਨ੍ਹਾਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਅਪਲਾਈ ਕੀਤਾ ਹੋਇਆ ਹੈ ਅਤੇ ਇਸ ਸਕੀਮ ਦਾ ਲਾਭ ਜਾਰੀ ਰੱਖਣਾ ਚਹੁੰਦੇ ਹਨ ਉਹ ਲਾਭਪਾਤਰੀ ਆਪਣਾ ਈ.ਕੇ.ਵਾਈ.ਸੀ. ਛੇਤੀ ਤੋਂ ਛੇਤੀ ਕਰਵਾ ਲੈਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਖਾਤੇ ਨਾਲ ਆਧਾਰ ਕਾਰਡ ਨੂੰ ਲਿੰਕ ਕਰਵਾਉਣਾ ਵੀ ਬਹੁਤ ਜਰੂਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲਾਭਪਾਤਰੀ ਆਪਣੀ ਈ.ਕੇ.ਵਾਈ.ਸੀ. ਆਪਣੇ ਆਪ ਪੀ.ਐਮ. ਕਿਸਾਨ ਪੋਰਟਲ www.pmkisan.gov.in ਤੇ ਕਰ ਸਕਦੇ ਹਨ ਜਾਂ ਉਹ ਖੇਤੀਬਾੜੀ ਵਿਭਾਗ ਪੰਜਾਬ ਦੇ ਨਾਲ ਲਗਦੇ ਦਫ਼ਤਰਾਂ ਜਾਂ ਨਜਦੀਕੀ ਕੋਮਨ ਸਰਵਿਸ ਸੈਂਟਰਾਂ ਵਿੱਚ ਸੰਪਰਕ ਕਰਕੇ ਆਪਣੀ ਈ.ਕੇ.ਵਾਈ.ਸੀ. ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਆਧਾਰ ਕਾਰਡ ਨਾਲ ਲਿੰਕ ਮੋਬਾਇਲ ਨੰਬਰ ਤੇ ਓ.ਟੀ.ਪੀ. ਆਉਣ ਉਪਰੰਤ ਇਸਨੂੰ ਭਰ ਕੇ ਹੀ ਈ.ਕੇ.ਵਾਈ.ਸੀ. ਮੁਕੰਮਲ ਹੁੰਦੀ ਹੈ ਇਸ ਲਈ ਈ.ਕੇ.ਵਾਈ.ਸੀ. ਕਰਵਾਉਣ ਸਮੇਂ ਲਾਭਪਾਤਰੀ ਆਪਣੇ ਆਧਾਰ ਕਾਰਡ ਨਾਲ ਲਿੰਕ ਮੋਬਾਇਲ ਨੰਬਰ ਨੂੰ ਨਾਲ ਲੈ ਕੇ ਜਾਣ।ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ)-ਕਮ-ਨੋਡਲ ਅਫ਼ਸਰ ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਡਾ. ਤਪਤੇਜ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ 73336 ਕਿਸਾਨ ਇਸ ਸਕੀਮ ਦਾ ਲਾਹਾ ਲੈ ਰਹੇ ਹਨ। ਇਨ੍ਹਾਂ ਵਿੱਚੋਂ ਹਾਲੇ 33565 ਲਾਭਪਾਤਰੀਆਂ ਨੇ ਆਪਣੀ ਈ.ਕੇ.ਵਾਈ.ਸੀ. ਮੁਕੰਮਲ ਕਰਵਾਈ ਹੈ, 39,771 ਕਿਸਾਨਾਂ ਦੀ ਭਾਵ 54 ਫੀਸਦੀ ਕਿਸਾਨਾਂ ਦੀ ਈ.ਕੇ.ਵਾਈ.ਸੀ. ਪੈਡਿੰਗ ਹੈ।
ਡਾ. ਤਪਤੇਜ ਸਿੰਘ ਨੇ ਜ਼ਿਲ੍ਹਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਈ.ਕੇ.ਵਾਈ.ਸੀ. ਨੂੰ ਜਲਦੀ ਤੋਂ ਜਲਦੀ ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਕਿ ਉਨ੍ਹਾਂ ਨੂੰ ਮਿਲਣ ਵਾਲੇ ਲਾਭ ਲਗਾਤਾਰ ਚੱਲਦੇ ਰਹਿਣ।