ਦੇਸ਼ ਦੀ ਸਿਆਸਤ ਅਜਿਹੀ ਬਣ ਗਈ ਹੈ ਕਿ ਕਿਸੇ ਵੀ ਸਿਆਸੀ ਵਿਅਕਤੀ ਲਈ ਪਾਰਟੀ ਨਾਲ ਜੁੜ ਕੇ ਰਹਿਣਾ ਸੰਭਵ ਨਜਰ ਨਹੀਂ ਆ ਰਿਹਾ। ਹਾਲਾਤ ਇਹ ਬਣ ਗਏ ਹਨ ਕਿ ਨੇਤਾ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਪਣੇ ਨਿੱਜੀ ਮੁਫ਼ਾਦਾਂ ਲਈ ਦੂਜੀਆਂ ਪਾਰਟੀਆਂ ਵਿਚ ਚਲੇ ਜਾਂਦੇ ਹਨ। ਪੰਜਾਬ ਵਿੱਚ ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਦੀ ਸਿਆਸੀ ਉਥਲ-ਪੁਥਲ ਹੋਈ ਹੈ। ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਪਾਰਟੀ ਤੋਂ ਜਿੱਤਣ ਵਾਲੇ ਸਿਆਸਤਦਾਨ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ। ਪਰ ਉਹ ਆਪਣੀ ਪਾਰਟੀ ਦੇ ਨਾਲ ਤਾਂ ਧੋਖਾ ਕਰਦੇ ਹਨ ਹਨ ਬਲਕਿ ਆਪਣੇ ਇਲਾਕੇ ਦੇ ਵੋਟਰਾਂ ਨਾਲ ਵੀ ਧੋਖਾ ਕਰਦੇ ਹਨ। ਦਲਬਦਲੂ ਲੀਡਰ ਵਧੇਰੇਤਰ ਅਜਿਹੇ ਹੁੰਦੇ ਹਨ ਜੋ ਗਰਾਊੰਡ ਲੈਵਲ ਤੋਂ ਪਾਰਟੀ ਵਰਕਰਾਂ ਵਾਂਗ ਦਰੀਆਂ ਵਿਛਾ ਕੇ ਨਹੀਂ ਬਲਕਿ ਆਪਣੇ ਪਰਿਵਾਰਿਕ ਪਿਛੋਤੜ ਦੇ ਲਾਭ ਵਿਚ ਸਿੱਧੇ ਹੀ ਸੱਤਾ ਦਾ ਸੁਖ ਹਾਸਿਲ ਕਰਨ ਵਾਲੇ ਹੁੰਦੇ ਹਨ। ਅਜਿਹੇ ਲੋਕ ਜੋ ਆਪਣੀ ਪਾਰਟੀ ਦੇ ਨਹੀਂ ਹੁੰਦੇ ਉਹ ਵਿਚਾਰੀ ਜਨਤਾ ਦੇ ਕਿਸ ਤਰ੍ਹਾਂ ਹੋ ਸਕਦੇ ਹਨ। ਪੰਜਾਬ ਦੀ ਰਾਜਨੀਤੀ ਵਿਚ ਹੋਈ ਹਲਚਲ ਦੌਰਾਨ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਰਹੇ ਸੁਨੀਲ ਜਾਖੜ, ਰਾਣਾ ਸੋਡੀ, ਰਾਜ ਕੁਮਾਰ ਵੇਰਕਾ ਵਰਗੇ ਕਈ ਵੱਡੇ ਆਗੂ ਜਿੰਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਬਹੁਤ ਮਾਣ ਸਤਿਕਾਰ ਦਿਤਾ ਅਤੇ ਵੱਡੇ ਅਹੁਦੇ ਦੇ ਕੇ ਨਵਾਜਿਆ। ਇਹ ਸਾਰੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਜਾ ਬਿਰਾਜੇ। ਮੌਜੂਦਾ ਸਮੇਂ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਨਾਲ ਪੰਜਾਬ ਵਿਚ ਪਹੁੰਚੇ ਹੋਏ ਹਨ। ਜਿਥਏ ਸਮੁੱਚੇ ਹਲਕਿਆਂ ਤੋਂ ਕਾਂਗਰਸਦੀ ਸੀਨੀਅਰ ਲੀਡਰਸ਼ਿਪ ਅਤੇ ਆਮ ਵਰਕਰ ਰਾਹੁਲ ਗਾਂਧੀ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ ਉਥੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸਮੇਂ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਹਨ। ਜੇਕਰ ਮਨਪ੍ਰੀਤ ਸਿੰਘ ਬਾਦਲ ਦੇ ਸਿਆਸੀ ਭਵਿੱਖ ’ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਅਤੇ ਤਾਇਆ ਪ੍ਰਕਾਸ਼ ਸਿੰਘ ਬਾਦਲ ਵਲੋਂ ਤਿਆਰ ਕੀਤੇ ਹੋਏ ਸਿਆਸੀ ਪਿੜ ਵਿਚ ਬਿਨ੍ਹਾਂ ਕਿਸੇ ਮਿਹਨਤ ਦੇ ਬਣੇ ਹੋਏ ਪਹਿਲਵਾਨ ਹਨ। ਜਿਨਾਂ ਨੂੰ ਵਿਧਾਇਕ ਦੀ ਚੋਣ ਲੜਣ ਲਈ ਕਿਸੇ ਤਰ੍ਹਾਂ ਦੀ ਮਿਹਨਤ ਮੁਸ਼ਕਤ ਨਹੀਂ ਕਰਨੀ ਪਈ ਅਤੇ ਨਾ ਹੀ ਵਰਕਰਾਂ ਵਾਂਗਜੁੱਤੀਆਂ ਘਿਸਾਉਣੀਆਂ ਪਈਆਂ ਹਨ। ਪਰਿਵਾਰ ਦੇ ਰਾਜਨੀਤਿਕ ਸਫਰ ਵਿਚ ਹੀ ਪਾਂਧੀ ਬਣ ਕੇ ਉੱਚੀਆਂ ਪਦਵੀਆਂ ਹਾਸਿਲ ਕੀਤੀਆਂ। ਤਾਇਆ ਪ੍ਰਕਾਸ਼ ਸਿੰਘ ਬਾਦਲ ਦੀ ਕਿਰਪਾ ਸਦਕਾ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਖਜ਼ਾਨਾ ਮੰਤਰੀ ਰਹੇ। ਇਸਤੋਂ ਇਲਾਵਾ ਹੋਰ ਬਹੁਤ ਸਾਰਾ ਮਾਣ ਸਨਮਾਨ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਦਿਤਾ ਗਿਆ। ਆਪਣੇ ਭਰਾ ਸੁਖਬੀਰ ਸਿੰਘ ਬਾਗਲ ਨਾਲ ਮਨਮੁਟਾਵ ਹੋਣ ਕਾਰਨ ਮਨਪ੍ਰੀਤ ਬਾਦਲ ਆਪਣੀ ਮਾਂ ਪਾਰਟੀ ਅਤੇ ਪਰਿਵਾਰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਨੇ ਵੀ ਮਨਪ੍ਰੀਤ ਸਿੰਘ ਬਾਦਲ ਨੂੰ ਪੂਰਾ ਮਾਣ ਸਤਿਕਾਰ ਦਿੱਤਾ। ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਨੇ ਵੀ ਮਨਪ੍ਰੀਤ ਬਾਦਲ ਨੂੰ ਖਜ਼ਾਨਾ ਮੰਤਰੀ ਬਣਾ ਕੇ ਸਨਮਾਨ ਦਿਤਾ। ਜਦਕਿ ਇਸ ਅਹੁਦੇ ’ਤੇ ਬਿਰਾਜਮਾਨ ਮਨਪ੍ਰੀਤ ਬਾਦਲ ਸੂਬੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਦੇਣ ’ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ੍ਟ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵਾਂਗ ਕਾਂਗਰਸ ਸਰਕਾਰ ਦੇ ਸਮੇਂ ਵੀ ਬਤੌਰ ਖਜ਼ਾਨਾ ਮੰਤਰੀ ਇਹ ਦੁਹਾਈ ਦਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ’ਚ ਹੋਈ ਬੁਰੀ ਹਾਰ ਕਾਰਨ ਹੁਣ ਮਨਪ੍ਰੀਤ ਬਾਦਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ’ਤੇ ਸਨ। ਹੁਣ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਅਜਿਹੇ ਸਿਆਸੀ ਲੋਕ ਹਮੇਸ਼ਾ ਆਪਣੇ ਲਈ ਸੁਰੱਖਿਅਤ ਸਿਆਸੀ ਮੈਦਾਨ ਦੀ ਤਲਾਸ਼ ਵਿੱਚ ਰਹਿੰਦੇ ਹਨ। ਬਿਲਕੁਲ ਇਸ ਤਰ੍ਹਾਂ ਦਾ ਹੀ ਹੁਣ ਤੱਕ ਰਿਹਾ ਹੈ ਮਨਪ੍ਰੀਤ ਸਿੰਘ ਬਾਦਲ ਦਾ ਸਿਆਸੀ ਸਫਰ। ਅਕਾਲੀ ਦਲ ’ਚ ਰਹਿੰਦਿਆਂ ਮਨਪ੍ਰੀਤ ਬਾਦਲ ਕਾਂਗਰਸ ਨੂੰ ਕੋਸਦਾ ਰਿਹਾ। ਜਦੋਂ ਕਾਂਗਰਸ ’ਚ ਸ਼ਾਮਲ ਹੋਏ ਤਾਂ ਬੀਜੇਪੀ ਤੇ ਅਕਾਲੀ ਦਲ ਨੂੰ ਕੋਸਦੇ ਰਹੇ। ਹੁਣ ਭਾਜਪਾ ’ਚ ਸ਼ਾਮਲ ਹੋ ਗਿਆ ਤਾਂ ਕਾਂਗਰਸ ਨੂੰ ਕੋਸਣਾ ਸ਼ੁਰੂ ਕਰ ਦੇਵੇਗਾ। ਆਪਣੀ ਪਾਰਟੀ ਨੂੰ ਛੱਡ ਕੇ ਹੋਰ ਪਾਰਟੀ ਵਿਚ ਜਾਣ ਸਮੇਂ ਸਿਆਸੀ ਲੋਕ ਵੋਟਰਾਂ ਦੀ ਜ਼ਮੀਰ ਦਾ ਵੀ ਸੌਦਾ ਕਰ ਜਾਂਦੇ ਹਨ। ਇਸ ਲਈ ਅਜਿਹੇ ਆਗੂਆਂ ਨੂੰ ਦੁਬਾਰਾ ਅੱਗੇ ਲਿਆਉਣ ਸਮੇਂ ਹਲਕੇ ਦੇ ਵੋਟਰਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ। ਜੋ ਸੱਤਾ ਹਾਸਿਲ ਕਰਕੇ ਸੁੱਖ ਹਾਸਿਲ ਕਰਨ ਵਾਲੇ ਆਪਣੀ ਪਾਰਟੀ ਦੇ ਨਹੀਂ ਹੁੰਦੇ ਉਹ ਵੋਟਰਾਂ ਦਾ ਕਦੇ ਭਲਾ ਨਹੀਂ ਕਰ ਸਕਦੇ। ਖਾਸ ਕਰਕੇ ਅਜਿਹੇ ਆਗੂ ਜਿਨ੍ਹਾਂ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੀ ਜਮੀਨੀ ਪੱਧਰ ਦੀ ਮਿਹਨਤ ਕੀਤੇ ਬਗੈਰ ਸੱਤਾ ਦਾ ਸੁਖ ਮਿਲਦਾ ਆਇਆ ਹੋਵੇ। ਹੁਣ ਜਦੋਂ ਮਨਪ੍ਰੀਤ ਸਿੰਘ ਬਾਦਲ ਭਾਜਪਾ ’ਚ ਸ਼ਾਮਲ ਹੋ ਗਏ ਹਨ ਤੇ ਉਹ ਉਸੇ ਪ੍ਰਧਾਨ ਨਰਿੰਦਰ ਮੋਦੀ ਦੇ ਗੁਣਗਾਨ ਕਰਨਗੇ ਜੋ ਪਹਿਲਾਂ ਉਨ੍ਹਾਂ ਪ੍ਰਤੀ ਵਧੀਆ ਸੋਚ ਨਹੀਂ ਰੱਖਦੇ ਸਨ। ਹੁਣ ਭਾਜਪਾ ਵਿਚ ਸ਼ਾਮਿਲ ਹੁੰਦਿੱਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆਂ ਦੇ ਸਭ ਤੋਂ ਯੋਗ ਨੇਤਾ ਨਜ਼ਰ ਆਉਣ ਲੱਗੇ ਹਨ।
ਹਰਵਿੰਦਰ ਸਿੰਘ ਸੱਗੂ ।