ਸੰਗਰੂਰ,(ਗੁਰਪ੍ਰੀਤ ਸਿੰਘ) : ਅੱਗ ਦੀਆਂ ਲਪਟਾਂ ’ਚ ਘਿਰੀ ਇਕ ਮਾਰੂਤੀ ਵੈਨ ਤੇ ਉਸ ’ਚ ਸਵਾਰ ਸਕੂਲ ਦੇ ਬੱਚੇ।ਚੁਫੇਰੇ ਬੱਚਿਆਂ ਦੀਆਂ ਚੀਕਾਂ ਤੇ ਰੋਣ ਕੁਰਲਾਉਣ ਦੀਆਂ ਅਵਾਜ਼ਾਂ।ਇਹੋ ਜਿਹਾ ਦ੍ਰਿਸ਼ ਦੇਖ ਕੇ ਜਦੋਂ ਵਡੇਰੀ ਉਮਰ ਦੇ ਕਿਸੇ ਵਿਅਕਤੀ ਦਾ ਦਿਲ ਦਹਿਲ ਸਕਦਾ ਹੈ ਪਰ ਵੈਨ ’ਚ ਸਵਾਰ ਇਕ ਬੱਚੀ ਅਮਨਦੀਪ ਕੌਰ ਹਿੰਮਤ ਨਹੀਂ ਹਾਰਦੀ।ਸੂਝ-ਬੂਝ ਨਾਲ ਕੰਮ ਲੈਂਦੀ ਹੈ।ਕਿਸੇ ਤਰ੍ਹਾਂ ਵੈਨ ’ਚ ਪਏ ਲੋਹੇ ਤੇ ਔਜਾਰ ਨਾਲ ਵੈਨ ਦਾ ਸ਼ੀਸ਼ਾ ਤੋੜਦੀ ਹੈ ਤੇ ਛਾਲ ਮਾਰ ਕੇ ਬਾਹਰ ਆਉਂਦੀ ਹੈ।ਫਿਰ ਇਕ-ਇਕ ਕਰ ਕੇ ਅੱਠ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲੈਂਦੀ ਹੈ।ਪਰ ਏਨੀ ਦੇਰ ’ਚ ਅੱਗ ਦੀਆਂ ਲਪਟਾਂ ਏਨੀਆਂ ਤੇਜ਼ ਹੋ ਜਾਂਦੀਆਂ ਹਨ ਕਿ ਬਹੁਤ ਕੋਸ਼ਿਸ਼ ਕਰਨ ’ਤੇ ਵੀ ਚਾਰ ਬੱਚੇ ਇਸ ਅੱਗ ਦੀ ਲਪੇਟ ’ਚ ਆ ਜਾਂਦੇ ਹਨ ਤੇ ਚੀਕਾਂ ਮਾਰਦੇ ਉਸ ਦੀਆਂ ਅੱਖਾਂ ਸਾਹਮਣੇ ਸੁਆਹ ਹੋ ਜਾਂਦੇ ਹਨ।ਸਾਲ 2019 ਦੇ ਇਸ ਭਿਆਨਕ ਹਾਦਸੇ ’ਚ ਬਹਾਦਰੀ ਦਿਖਾਉਣ ਵਾਲੀ ਕੁੜੀ ਹੈ ਜ਼ਿਲ੍ਹਾ ਸੰਗਰੂਰ ਦੇ ਕਸਬਾ ਲੌਂਗੋਵਾਲ ਦੇ ਪਿੰਡ ਪਿੰਡੀ ਅਮਰ ਸਿੰਘ ਵਾਲਾ ਦੀ ਅਮਨਦੀਪ ਕੌਰ ਜਿਸ ਨੂੰ ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ ਵੱਲੋਂ ਰਾਸ਼ਟਰੀ ਬਾਲ ਬਹਾਦਰੀ ਪੁਰਸਕਾਰ ਲਈ ਚੁਣਿਆ ਗਿਆ ਹੈ।ਉਸ ਨੂੰ ਇਹ ਪਰੁਸਕਾਰ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਦਿੱਤਾ ਜਾਵੇਗਾ।ਉਹ ਇਸ ਲਈ ਦਿੱਲੀ ਰਵਾਨਾ ਹੋ ਗਈ ਹੈ।ਸਰਕਾਰੀ ਸਕੂਲ ਲੌਂਗੋਵਾਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਦੇ ਮਾਤਾ ਪਿਤਾ ਤੇ ਪਿੰਡ ਵਾਸੀਆਂ ਨੂੰ ਉਸ ਦੀ ਬਹਾਦਰੀ ’ਤੇ ਮਾਣ ਹੈ। ਅਮਨਦੀਪ ਕੌਰ ਦੀ ਮਾਤਾ ਗੁਰਜੀਤ ਕੌਰ ਨੇ ਦੱਸਿਆ ਕਿ ਤੱਤਕਾਲੀ ਸਰਕਾਰ ਨੇ ਅਮਨਦੀਪ ਕੌਰ ਨੂੰ ਆਜ਼ਾਦੀ ਦਿਵਸ ਮੌਕੇ ਰਾਜ ਪੱਧਰੀ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।ਹੁਣ ਉਨ੍ਹਾਂ ਦੀ ਬੇਟੀ ਨੂੰ ਨੈਸ਼ਨਲ ਐਵਾਰਡ ਲਈ ਚੁਣਿਆ ਗਿਆ ਹੈ,ਜਿਸ ਲਈ ਪਰਿਵਾਰ ਬਹੁਤ ਖੁਸ਼ ਹੈ।ਅਮਨਦੀਪ ਕੌਰ ਦੇ ਪਿਤਾ ਸਤਨਾਮ ਸਿੰਘ ਨੇ ਉਮੀਦ ਪ੍ਰਗਟਾਈ ਹੈ ਇਸ ਪੁਰਕਸਾਰ ਨਾਲ ਉਨ੍ਹਾਂ ਨੂੰ ਬੇਟੀ ਦੇ ਚੰਗੇ ਭਵਿੱਖ ਦੀ ਆਸ ਹੈ।ਅਮਨਦੀਪ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਬੇਟੀ ’ਤੇ ਮਾਣ ਹੈ ਕਿ ਉਸ ਨੇ ਇਸ ਭਿਆਨਕ ਹਾਦਸੇ ਦੌਰਾਨ ਬਹਾਦਰੀ ਦਿਖਾਉਂਦੇ ਹੋਏ ਬੱਚਿਆਂ ਦੀ ਜਾਨ ਬਚਾਈ।ਪਰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਇਸ ਹਾਦਸੇ ’ਚ ਚਾਰ ਬੱਚਿਆਂ ਦੀ ਜਾਨ ਚਲੀ ਗਈ ਸੀ।ਅਮਨਦੀਪ ਕੌਰ ਦੀ ਭੂਆ ਮਨਜੀਤ ਕੌਰ ਨੇ ਦੱਸਿਆ ਕਿ ਅੱਜ ਵੀ ਉਹ ਘਟਨਾ ਯਾਦ ਕਰ ਕੇ ਉਨ੍ਹਾਂ ਦੀ ਰੂਹ ਕੰਬ ਜਾਂਦੀ ਹੈ ਪਰ ਅਸੀਂ ਅਮਨ ਨੂੰ ਬਹੁਤ ਬਹਾਦਰ ਮੰਨਦੇ ਹਾਂ ਕਿ ਉਸ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ ਤੇ ਦਲੇਰੀ ਨਾਲ ਅੱਗ ’ਚੋਂ ਬੱਚਿਆਂ ਨੂੰ ਬਾਹਰ ਕੱਢਿਆ ਸੀ।ਪਿੰਡੀ ਅਮਰ ਸਿੰਘ ਵਾਲਾ ਦੀ ਇਸ ਬੱਚੀ ਨੂੰ ਗਣਤੰਤਰ ਦਿਵਸ ’ਤੇ ਸਨਮਾਨ ਮਿਲਣ ’ਤੇ ਪਿੰਡ ’ਚ ਖ਼ੁਸ਼ੀ ਦੀ ਲਹਿਰ ਹੈ। ਪਿੰਡ ਵਾਸੀ ਮਹਿੰਦਰ ਕੌਰ, ਹਰਜਿੰਦਰ ਕੌਰ, ਹਰਵਿੰਦਰ ਸਿੰਘ ਚੈਰੀ, ਹੇਮਰਦੀਪ ਸਿੰਘ ਨੇ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੀ ਬੱਚੀ ਨੇ ਨਾ ਸਿਰਫ਼ ਪਿੰਡ ਬਲਕਿ ਜ਼ਿਲ੍ਹਾ ਸੰਗਰੂਰ ਦਾ ਨਾਮ ਰੋਸ਼ਨ ਕੀਤਾ ਹੈ।ਅਮਨਦੀਪ ਕੌਰ ਦੱਸਦੀ ਹੈ ਕਿ ਹਾਦਸੇ ਸਮੇਂ ਵੈਨ ’ਚ ਸਵਾਰ 12 ਬੱਚੇ ਸਨ। ਕੁਝ ਹੀ ਪਲਾਂ ’ਚ ਅੱਗ ਨੇ ਮਾਰੂਤੀ ਵੈਨ ਨੂੰ ਚਾਰੇ ਪਾਸਿਓਂ ਲਪੇਟ ’ਚ ਲੈ ਲਿਆ। ਉਸ ਨੇ ਅੱਠ ਬੱਚਿਆਂ ਨੂੰ ਤਾਂ ਕਿਸੇ ਤਰ੍ਹਾਂ ਬਾਹਰ ਕੱਢ ਲਿਆ ਪਰ ਚਾਰ ਬੱਚਿਆਂ ਨੂੰ ਉਹ ਨਹੀਂ ਬਚਾ ਸਕੀ, ਇਸ ਦਾ ਉਸ ਨੂੰ ਬਹੁਤ ਅਫ਼ਸੋਸ ਹੈ।ਅਮਨਦੀਪ ਕੌਰ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਹਮੇਸ਼ਾ ਉਸ ਨੂੰ ਉਤਸ਼ਾਹਿਤ ਕੀਤਾ ਹੈ। ਇਸ ਹਿੰਮਤ ਕਾਰਨ ਉਹ ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਬਹਾਦਰੀ ਨਾਲ ਸਾਹਮਣਾ ਕਰ ਸਕੀ ਹੈ। ਉਸ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਲੜਕੀਆਂ ਨੂੰ ਉਤਸ਼ਾਹਿਤ ਕਰ ਕੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਦਿਵਾਉਣ ਲਈ ਯਤਨ ਕਰਨ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਕੇ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਣ। ਪਰਿਵਾਰ ਹੀ ਕੁੜੀ ਨੂੰ ਬਹਾਦਰ ਬਣਾ ਸਕਦਾ ਹੈ। ਉਸ ਨੇ ਕਿਹਾ ਕਿ ਉਹ ਆਪਣਾ ਜੀਵਨ ਵੀ ਲੜਕੀਆਂ ਦੀ ਬਿਹਤਰੀ ਨੂੰ ਸਮਰਪਿਤ ਕਰਨਾ ਚਾਹੁੰਦੀ ਹੈ।
