ਫ਼ਤਹਿਗੜ੍ਹ ਸਾਹਿਬ 29 ਜਨਵਰੀ ( ਰੋਹਿਤ ਗੋਇਲ) -ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ-ਜਿਲ੍ਹਾ ਤੇ ਸ਼ੈਸ਼ਨ ਜੱਜ ਨਿਰਭਓ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਲੀਗਲ ਸਰਵੀਸ ਅਥਾਰਟੀ ਵਲੋਂ ਜੋ ਪੰਜਾਬ ਵਿਚ ਐੱਲ.ਏ.ਡੀ.ਸੀ ਸਕੀਮ ਦੇ ਤਹਿਤ ਵਕੀਲ ਸਾਹਿਬਾਨਾਂ ਦੀ ਭਰਤੀ ਕੀਤੀ ਜਾ ਰਹੀ ਹੈ, ਉਸ ਸਕੀਮ ਦਾ ਉਦਘਾਟਨ ਏ.ਡੀ.ਆਰ ਸੈਂਟਰ ਫ਼ਤਹਿਗੜ੍ਹ ਸਾਹਿਬ ਵਿਖੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਵਲੋਂ 31 ਜਨਵਰੀ ਨੂੰ ਸਵੇਰੇ 9:45 ਵਜੇ ਕੀਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਇੱਕ ਚੀਫ ਡਿਫੈਂਸ ਕਾਊਂਸਲ, ਇੱਕ ਅਡੀਸ਼ਨਲ ਚੀਫ ਡਿਫੈਂਸ ਕਾਊਂਸਲ ਅਤੇ 3 ਅਸੀਸਟੈਂਟ ਚੀਫ ਡੀਫੈਨਸ ਕਾਊਂਸਲ ਭਰਤੀ ਕੀਤੇ ਗਏ ਹਨ। ਇਸ ਸਕੀਮ ਤਹਿਤ ਜੋ ਕਰੀਮੀਨਲ ਕੇਸ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਡਿਫੈਂਡ ਕੀਤੀ ਜਾਂਦੇ ਸਨ ਉਹ ਕੇਸ ਹੁਣ ਇਨ੍ਹਾਂ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਵਕੀਲ ਸਾਹਿਬਾਨਾਂ ਦੁਆਰਾ ਡਿਫੈਂਡ ਕੀਤੇ ਜਾਣਗੇ। ਇਸ ਸਕੀਮ ਦੇ ਨਾਲ ਗਰੀਬ ਅਤੇ ਸਮਾਜ ਦੇ ਪਛੜੇ ਹੋਏ ਲੋਕ ਜੋ ਆਪਣੇ ਪ੍ਰਾਈਵੇਟ ਵਕੀਲ ਮੁਕਰਰ ਨਹੀਂ ਕਰ ਸਕਦੇ ਉਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਇਸ ਸਿਸਟਮ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਆਪਣੇ ਕੇਸਾਂ ਦਾ ਨਿਪਟਾਰਾ ਕਰਵਾਉਣ ਵਿਚ ਸਹਾਇਤਾ ਮਿਲੇਗੀ। ਲੋਕਾਂ ਦਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਚ ਵਿਸ਼ਵਾਸ ਹੋਰ ਵਧੇਗਾ।