
ਜਗਰਾਉਂ, 18 ਮਾਰਚ (ਪ੍ਰਤਾਪ ਸਿੰਘ): ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਲੁਧਿਆਣਾ ਡਾ ਪਰਮਦੀਪ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ ਬੀ ਓ ਜਗਰਾਓਂ ਡਾ ਸਿਆਲ ਦੀ ਰਹਿਨੁਮਾਈ ਹੇਠ ਪਿੰਡ ਲੀਲਾਂ ਮੇਘ ਸਿੰਘ ਵਿਖੇ ਅਸਕਾਰਡ ਸਕੀਮ ਅਧੀਨ ਪਸ਼ੂ ਭਲਾਈ ਕੈਂਪ ਲਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਚ ਲੋਕਾਂ ਨੇ ਕੈਂਪ ਦਾ ਲਾਹਾ ਲਿਆ। ਇਸ ਕੈਂਪ ਦਾ ਪ੍ਰਬੰਧ ਡਾ ਸੁਨੀਲ ਵਰਮਾ ਵੈਟਰਨਰੀ ਅਫ਼ਸਰ ਲੋਧੀਵਾਲ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਵੱਖ ਵੱਖ ਬਿਮਾਰੀਆਂ ਮਨਸੂਈ ਗਰਭਧਾਰਨ, ਟੀਕਾਕਰਨ, ਰੱਖ ਰਖਾਵ, ਚਾਰੇ ਅਤੇ ਖੁਰਾਕ ਆਦਿ ਬਾਰੇ ਦੇ ਵਿਸ਼ਾ ਮਾਹਰ ਡਾਕਟਰਾਂ ਦੁਆਰਾ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਪਸ਼ੂ ਪਾਲਕਾਂ ਤੋਂ ਇਲਾਵਾ ਡਾ ਪ੍ਰਸ਼ੋਤਮ ਸਿੰਘ, ਡਾ ਬਲਜੀਤ ਸਿੰਘ, ਡਾ ਅਜੈ ਚੋਪਡ਼ਾ, ਡਾ ਵੰਦਨਾ ਨੇ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਦਰਜ ਕਰਵਾਈ। ਹਸਪਤਾਲ ਦਾ ਮੌਜੂਦਾ ਸਟਾਫ ਡਾ ਜਗਰੂਪ ਸਿੰਘ ਵੈਟਰਨਰੀ ਫਾਰਮਾਸਿਸਟ ਅਤੇ ਡਾ ਜਤਿੰਦਰ ਸਿੰਘ (ਦਰਜਾ ਚਾਰ) ਨੇ ਇਸ ਕੈਂਪ ਵਿਚ ਬਣਦਾ ਯੋਗਦਾਨ ਪਾਇਆ। ਇਸ ਕੈਂਪ ਵਿੱਚ ਸ਼ਾਮਲ ਪਸ਼ੂ ਪਾਲਕਾਂ ਨੂੰ ਧਾਤਾਂ ਦਾ ਚੂਰਾ, ਮੱਲ੍ਹਮ, ਦਵਾਈਆਂ ਅਤੇ ਚਿੱਚੜਾਂ ਦੀਆਂ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਪਸ਼ੂ ਪਾਲਕਾਂ ਵਾਸਤੇ ਇਹ ਕੈਂਪ ਬਹੁਤ ਲਾਹੇਵੰਦ ਰਿਹਾ।