ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਸਕੂਲੀ ਵਿਦਿਆਰਥੀਆਂ ਦੀ ਸ਼ਲਾਘਾ
ਲੁਧਿਆਣਾ, 20 ਜਨਵਰੀ (ਵਿਕਾਸ ਮਠਾੜੂ, ਬੌਬੀ ਸਹਿਜਲ ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਡੀਸੈਂਟ ਗਰੁੱਪ ਆਫ ਸਕੂਲਜ਼ ਦੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੇਕ ਕਾਰਜ਼ਾਂ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਕੂਲ ਦੇ ਵਿਦਿਆਰਥੀਆਂ ਵਲੋਂ ਆਰਮੀ ਫਲੈਗ ਫੰਡ ਵਜੋਂ ਇੱਕ ਲੱਖ ਦਸ ਹਜ਼ਾਰ ਰੁਪਏ ਦੇ ਚੈਕ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੂੰ ਸੌਂਪੇ ਗਏ।ਸਕੂਲ ਦੇ ਹਰ ਮੈਂਬਰ ਵਲੋਂ ਵੀ ਇਸ ਫੰਡ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਕੌਰ, ਮੈਡਮ ਸੀਮਾ, ਮੈਡਮ ਅਰੁਣਾ, ਅਤੇ ਮੈਡਮ ਮਨੀਸ਼ਾ ਦੇ ਸਕੂਲ ਦੇ ਵਿਦਿਆਰਥੀ ਵੀ ਮੌਜੂਦ ਰਹੇ।ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਵਲੋਂ ਆਰਮੀ ਫਲੈਗ ਫੰਡ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਰਾਸ਼ੀ ਰਾਜ ਸਰਕਾਰ ਦੇ ਆਰਮਡ ਫੋਰਸਜ਼ ਫਲੈਗ ਡੇ ਫੰਡ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ ਜੋ ਕਿ ਦੇਸ਼ ਲਈ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਨਕਾਰਾ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਸੈਨਿਕਾਂ ਦੀਆਂ ਭਲਾਈ ਸਕੀਮਾਂ ਲਈ ਵਰਤਿਆ ਜਾਂਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਦੁਸ਼ਮਣ ਵੱਲੋਂ ਥੋਪੀਆਂ ਲੜਾਈਆਂ ਅਤੇ ਅੱਤਵਾਦ ਖਿਲਾਫ਼ ਸੈਨਿਕਾਂ ਨੇ ਕਾਫ਼ੀ ਸ਼ਹਾਦਤਾਂ ਪਾਈਆਂ ਹਨ, ਜੋ ਕਿ ਸ਼ਲਾਘਾਯੋਗ ਹਨ। ਉਨ੍ਹਾਂ ਦੱਸਿਆ ਕਿ ਕਈ ਸੈਨਿਕ ਸ਼ਹੀਦ ਹੋ ਗਏ ਅਤੇ ਕਈ ਸਦਾ ਲਈ ਨਕਾਰਾ ਹੋ ਗਏ। ਅਜਿਹੇ ਸੈਨਿਕਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਰਕਾਰ ਅਤੇ ਸਮਾਜ ਦੀ ਮੁੱਢਲੀ ਜੁੰਮੇਵਾਰੀ ਬਣ ਜਾਂਦੀ ਹੈ। ਆਰਮੀ ਫਲੈਗ ਫੰਡ ਰਾਹੀਂ ਦੇਸ਼ ਲਈ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਸਹਾਰਾ ਮਿਲਦਾ ਹੈ ਅਤੇ ਸੇਵਾ ਕਰ ਰਹੇ ਸੈਨਿਕਾਂ ਦੇ ਹੌਂਸਲੇ ਬੁਲੰਦ ਰੱਖਣ ਲਈ ਉਹਨਾਂ ਨੂੰ ਵਿਸ਼ਵਾਸ਼ ਦਵਾਇਆ ਜਾਂਦਾ ਹੈ ਕਿ ਦੇਸ਼ ਦੀ ਜਨਤਾ ਹਰ ਮਾੜੇ ਅਤੇ ਚੰਗੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਹੈ।ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਸਾਰੇ ਨਾਗਰਿਕਾਂ, ਪ੍ਰਾਈਵੇਟ ਸਕੂਲਾਂ/ਕਾਲਜਾਂ, ਹਸਪਤਾਲਾਂ, ਵਿਭਾਗਾਂ ਅਤੇ ਸੰਸਥਾਵਾਂ ਨੂੰ ਆਰਮੀ ਫਲੈਗ ਫੰਡ ਵਿੱਚ ਖੁੱਲੇ ਦਿਲ ਨਾਲ ਸਹਿਯੋਗ ਦੇਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਆਉ ਅਸੀਂ ਵੀ ਉਨ੍ਹਾਂ ਸੂਰਬੀਰ ਸ਼ਹੀਦ ਸੈਨਿਕਾਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਮੁਸ਼ਕਲਾਂ ਭਰੇ ਹਾਲਤਾਂ ਵਿੱਚ ਆਪਣੇ ਅਨਮੋਲ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਸੁਰੱਖਿਆ ਲਈ ਲਾਸਾਨੀ ਕੁਰਬਾਨੀ ਦਾ ਜਾਮ ਪੀਤਾ ਅਤੇ ਸਾਡੇ ਕੱਲ੍ਹ ਲਈ ਆਪਣਾ ਅੱਜ ਕੁਰਬਾਨ ਕੀਤਾ।