ਇਸ ਮੀਟਿੰਗ ਤੋਂ ਬਾਅਦ ਬਦਲ ਸਕਦੇ ਹਨ ਜਗਰਾਓਂ ਨਗਰ ਕੌਂਸਿਲ ਦੇ ਰਾਜਨੀਤਿਕ ਸਮੀਕਰਣ
ਜਗਰਾਓਂ, 26 ਜੂਨ ( ਭਗਵਾਨ ਭੰਗੂ, ਮੋਹਿਤ ਜੈਨ )-ਜਗਰਾਉਂ ਵਿੱਚ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਸਤਾਰਾ ਕੌਂਸਲਰ ਚੁਣ ਕੇ ਆਏ ਸਨ। ਇਥੇ ਨਗਰ ਕੌਂਸਲ ਪ੍ਰਧਾਨ ਕਾਂਗਰਸੀ ਹੋਣ ਦੇ ਬਾਵਜੂਦ ਵੀ ਕੌਂਸਲਰ ਬੁਰੀ ਤਰ੍ਹਾਂ ਨਾਲ ਬਿਖਰ ਗਏ ਅਤੇ 17 ਵਿਚੋਂ 8 ਕੌਂਸਲਰਾਂ ਨੇ ਬਾਗੀ ਹੋ ਕੇ ਆਪਣੀ ਹੀ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਨੂੰ ਕੁਰਸੀ ਤੋਂ ਉਤਾਰਣ ਦਾ ਬਿਗੁਲ ਵਜਾ ਦਿਤਾ ਅਤੇ ਵਿਰੋਧੀ ਖੇਮੇ ਵਿੱਚ ਚਲੇ ਗਏ ਅਤੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਵਿੱਚ ਪਿਛਲੇ ਇਕ ਸਾਲ ਤੋਂ ਆਪਣੀ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਵਿਰੁੱਧ ਲਗਾਤਾਰ ਸਰਗਰਮ ਰਹੇ। ਇੱਥੋਂ ਤੱਕ ਕਿ ਕਾਂਗਰਸ ਪ੍ਰਧਾਨ ਖ਼ਿਲਾਫ਼ ਇੱਕ ਵਾਰ ਬੇਭਰੋਸਗੀ ਦਾ ਮਤਾ ਵੀ ਪੇਸ਼ ਕਰਵਾਇਆ ਪਰ ਉਸ ਵਿਚ ਸਫਲ ਨਹੀਂ ਹੋ ਸਕੇ। ਉਸਤੋਂ ਬਾਅਦ ਕਾਨੂੰਨੀ ਤੌਰ ਤੇ ਪ੍ਰਧਾਨ ਨੂੰ ਡੇਗਣ ਲਈ ਵਿਰੋਧੀ ਖੇਮੇ ਨਾਲ ਮਿਲ ਕੇ ਨਗਰ ਕੌਂਸਿਲ ਦੀ ਬਜਟ ਮੀਟਿੰਗ ਸਮੇਤ ਚਾਰ ਮੀਟਿੰਗਾ ਨੂੰ ਪਾਸ ਨਹੀਂ ਹੋਣ ਦਿਤਾ। ਇਥਓੰ ਤੱਕ ਕਿ ਕਾਂਗਰਸ ਦਾ ਆਪਣਾ ਸਪਸ਼ਟ ਬਹੁਮਤ ਹੋਣ ਦੇ ਬਾਵਜੂਦ ਵੀ ਨਗਰ ਕੌਂਸਿਲ ਵਿਚ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਇਨ੍ਹਾਂ 8 ਕਾਂਗਰਸੀ ਕੌਂਸਲਰਾਂ ਦੇ ਸਹਿਯੋਗ ਨਾਲ ਦੂਜੇ ਧੜੇ ਦਾ ਕੰਸਲਰ ਲੈ ਗਿਆ। ਇਨ੍ਹਾਂ ਸਾਰਿਆਂ ਨੂੰ ਅੱਗੇ ਹੋ ਕੇ ਉਸਦੇ ਹੱਕ ਵਿਚ ਭਾਸ਼ਣ ਵੀ ਦਿਤੇ। ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਕਾਂਗਰਸ ਦੀ ਉੱਚ ਲੀਡਰਸ਼ਿਪ ਨੇ ਕੋਈ ਮੂੰਹ ਨਹੀਂ ਖੋਲਿਆ। ਹੁਣ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਆਪਣਾ ਬਿਖਰਿਆ ਹੋਇਆ ਕੁਨਬਾ ਇੱਕਠਾ ਕਰਨ ਅਤੇ ਪਾਰਟੀ ਨੂੰ ਇਕਜੁੱਟ ਕਰਨ ਦੀ ਇੱਛਾ ਨਾਲ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਬਲਾਕ ਕਾਂਗਰਸ ਜਗਰਾਓਂ ਦੇ ਸਾਬਕਾ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਪਾਰਟੀ ਅਤੇ ਸ਼ਹਿਰ ਦੀ ਬੇਹਤਰੀ ਲਈ ਕੰਮ ਕਰਨ ਲਈ ਕਿਹਾ। ਇਸ ਮੌਕੇ ਸੰਸਦ ਬਿੱਟੂ ਨੇ ਕਿਹਾ ਕਿ ਜਗਰਾਓਂ ਵਿੱਚ ਕੌਂਸਲਰਾਂ ਦੇ ਆਪਸੀ ਮਤਭੇਦਾਂ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਅਤੇ ਵਿਰੋਧੀ ਕੌਂਸਲਰ ਉਨ੍ਹਾਂ ਦੇ ਮਤਭੇਦਾਂ ਦਾ ਫਾਇਦਾ ਉਠਾਉਣ ਵਿੱਚ ਕਾਮਯਾਬ ਰਹੇ। ਆਉਣ ਵਾਲੇ ਦਿਨਾਂ ਵਿੱਚ ਜਗਰਾਉਂ ਦੇ ਸਮੂਹ ਕਾਂਗਰਸੀ ਕੌਂਸਲਰ ਇੱਕ ਵਾਰ ਫਿਰ ਇੱਕ ਮੰਚ ’ਤੇ ਇਕੱਠੇ ਹੋਣਗੇ ਅਤੇ ਉਨ੍ਹਾਂ ਦੀਆਂ ਆਪਸੀ ਰੰਜਿਸ਼ਾਂ ਨੂੰ ਪੂਰੀ ਤਰ੍ਹਾਂ ਦੂਰ ਕੀਤਾ ਜਾਵੇਗਾ ਅਤੇ ਸਾਰੇ ਮਿਲ ਕੇ ਸ਼ਹਿਰ ਅਤੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਸੱਭਰਵਾਲ ਦੇ ਪਿਤਾ ਰਾਮ ਮੂਰਤੀ ਸੱਭਰਵਾਲ ਨਾਲ ਉਨ੍ਹਾਂ ਦੇ ਬਜੁਰਗਾਂ ਦੀ ਨੇੜਤਾ ਅਤੇ ਪਰਿਵਾਰ ਦੇ ਰਾਜਨੀਤਿਕ ਸਫਰ ਦਾ ਵੀ ਗੁਨਗਾਣ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਰਵਿੰਦਰ ਫੀਨਾ ਨੇ ਸੰਸਦ ਬਿੱਟੂ ਅਤੇ ਸਾਬਕਾ ਮੰਤਰੀ ਆਸ਼ੂ ਨੂੰ ਜਗਰਾਓਂ ਦੇ ਨਗਰ ਕੌਂਸਿਲ ਪ੍ਰਧਾਨ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿਤਾ ਅਤੇ ਬਾਕੀ ਉਨ੍ਹਾਂ ਦੇ ਸਾਥੀ ਕੌਂਸਲਰਾਂ ਨੂੰ ਵੀ ਨਾਲ ਲਿਆਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਹੋਰ ਸਾਥੀ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਅਤੇ ਪਾਰਟੀ ਲਈ ਕੰਮ ਕਰਨਗੇ। ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ’ਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਬਲਾਕ ਕਾਂਗਰਸ ਜਗਰਾਉਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਬਲਾਕ ਕਾਂਗਰਸ ਜਗਰਾਉਂ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਕੌਂਸਲਰ ਸ. ਅਮਨ ਕਪੂਰ ਬੌਬੀ ਅਤੇ ਰਾਜੇਸ਼ ਕਤਿਆਲ ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਸਨ।
ਕੋਠੀ ਮਾਮਲੇ ’ਚ ਮੈਂ ਬਹੁਤ ਟਵੀਟ ਕੀਤੇ
ਇਸ ਮੌਕੇ ਜਦੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੋਂ ਜਗਰਾਓਂ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਇੱਕ ਐਨ.ਆਰ.ਆਈ ਪਰਿਵਾਰ ਦੀ ਕੋਠੀ ’ਤੇ ਨਜਾਇਜ਼ ਕਬਜ਼ੇ ਕਰਨ ਦੇ ਦੋਸ਼ ਲੱਗਣ ਤੇ ਸ਼ਹਿਰ ਅਤੇ ਪੰਜਾਬ ਭਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਜਗਰਾਉਂ ਵਿੱਚ ਇਕੱਠੇ ਹੋ ਕੇ ਇਸ ਵੱਡੇ ਸਕੈਂਡਲ ਨੂੰ ਨੰਗਾ ਕਰਨ ਅਤੇ ਕੋਠੀ ਖਾਲੀ ਕਰਵਾਉਣ ਲਈ ਭਾਰੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਤੁਸੀਂ ਲੁਧਿਆਣਾ ਜ਼ਿਲ੍ਹੇ ਦੇ ਸਾਂਸਦ ਹੋਣ ਦੇ ਬਾਵਜੂਦ ਜਗਰਾਓਂ ਕਿਉਂ ਨਹੀਂ ਆਏ ? ਇਸ ਸਵਾਲ ਤੇ ਸੰਸਦ ਬਿੱਟੂ ਇਕਦਮ ਤੈਸ਼ ਵਿਚ ਆ ਗਏ ਅਤੇ ਕਿਹਾ ‘‘ ਮੈਂ ਤਾਂ ਇਸ ਮਾਮਲੇ ਵਿਚ ਬਹੁਤ ਟਵੀਟ ਕੀਤੇ ’’ ਤੁਹਾਨੂੰ ਪਤਾ ਹੀ ਨਹੀਂ ਚੱੱਲਆ। ਜਦੋਂ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਤੁਸੀਂ ਤਾਂ ਵੀਆਈਪੀ ਹੋ ਤੁਹਾਡੇ ਨਾਲ ਹਰ ਆਮ ਬੰਦਾ ਥੋੜੇ ਅਟੈਚ ਲਹੋ ਸਕਦਾ ਹੈ, ਫਿਰ ਤੁਹਾਡੇ ਟਵੀਟ ਦਾ ਕਿਸੇ ਨੂੰ ਕੀ ਪਤਾ, ਤਾਂ ਉਹ ਆਪਣੇ ਪੀਏ ਨੂੰ ਆਪਣੇ ਮੋਬਾਇਲ ਫੋਨ ਤੋਂ ਕੀਤੇ ਹੋਏ ਟਵੀਟ ਦਿਖਾਉਣ ਲਈ ਕਹਿਣ ਲੱਗੇ। ਇਸ ਮੌਕੇ ਸੰਸਦ ਬਿੱਟੂ ਨੇ ਇਹ ਵੀ ਦਾਅਵਾ ਠੋਕ ਦਿਤਾ ਕਿ ਉਨ੍ਹਾਂ ਵਲੋਂ ਕੀਤੇ ਹੋਏ ਟਵੀਟਾਂ ਨਾਲ ਹੀ ਇਹ ਕੋਠੀ ਖਾਲੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਸਿੱਧਾ ਮੁੱਖ ਮੰਤਰੀ ਨੂੰ ਟਵੀਟ ਕਰਕੇ ਕੋਠੀ ਖਾਲੀ ਕਰਨ ਦਾ ਅਲਟੀਮੇਟਮ ਵੀ ਦੇ ਦਿੱਤਾ ਸੀ। ਉਸ ਤੋਂ ਬਾਅਦ ਹੀ ਕੋਠੀ ਖਾਲੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਵਿਵਾਦਿਤ ਕੋਠੀ ਦਾ ਜਾਅਲੀ ਪਾਵਰ ਆਫ਼ ਅਟਾਰਨੀ ਤਿਆਰ ਕਰਕੇ ਕਰਮ ਸਿੰਘ ਨੂੰ ਰਜਿਸਟਰੀ ਕਰਵਾਉਣ ਵਾਲਾ ਅਸ਼ੋਕ ਕੁਮਾਰ ਉਹੀ ਵਿਅਕਤੀ ਹੈ, ਜਿਸ ਨੂੰ ਜਗਰਾਓਂ ਤੋਂ ਕਣਕ ਦੀ ਫ਼ਸਲ ਚੁੱਕਣ ਦਾ ਟੈਂਡਰ ਦਿੱਤਾ ਗਿਆ ਸੀ ਅਤੇ ਜਦੋਂ ਉਸਦੇ ਠੀਕ ਕੰਮ ਨਾ ਕਰਨ ਦਾ ਰੌਲਾ ਪਿਆ ਸੀ ਤਾਂ ਸੰਸਦ ਮੈਂਬਰ ਰਵਨੀਤ ਜਗਰਾਓਂ ਦੀ ਟਰੱਕ ਯੂਨੀਅਨ ਵਿੱਚ ਆ ਬੈਠੇ ਸਨ ਅਤੇ ਅਸ਼ੋਕ ਕੁਮਾਰ ਦਾ ਟੈਂਡਰ ਕੈਂਸਲ ਕਰਵਾ ਕੇ ਆਪਣੇ ਨਜ਼ਦੀਕੀ ਕੌਂਸਲਰ ਰਮੇਸ਼ ਕੁਮਾਰ ਨੂੰ ਠੇਤਾ ਦਵਾਉਣ ਵਿਚ ਸਫਲ ਹੋਏ ਸਨ। ਹੁਣ ਫਿਰ ਜਦੋਂ ਉਸੇ ਵਿਅਕਤੀ ਵੱਲੋਂ ਦੂਜੀ ਵਾਰ ਵੱਡਾ ਸਕੈਂਡਲ ਕਰਨ ਅਤੇ ਜਗਰਾਉਂ ਦੀ ਐਨ.ਆਰ.ਆਈ ਪਰਿਵਾਰ ਦੀ ਕੋਠੀ ਦੀ ਜਾਅਲੀ ਦਸਤਾਵੇਜਾਂ ਤੇ ਰਜਿਸਟਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਅਤੇ ਇਸਦਾ ਰੌਲਾ ਜਗਰਾਓਂ ਹੀ ਨਹੀਂ ਬਲਕਿ ਸਮੁੱਚੇ ਪੰਜਾਬ, ਦੇਸ਼ ਅਤੇ ਵਿਦੇਸ਼ ਵਿਚ ਵੀ ਪਿਆ ਤਾਂ ਇਸ ਵਿਚ ਸੰਸਦ ਬਿੱਟੂ ਨੇ ਜਗਰਾਓਂ ਆਉਣ ਦੀ ਜਰੂਰਤ ਹੀ ਮਹਿਸੂਸ ਨਹੀਂ ਕੀਤੀ ਸਗੋਂ ਸਰਕਾਰ ਦੇ ਨਾਲ ਟਵੀਟ-ਟਵੀਟ ਹੀ ਖੇਡਦੇ ਰਹੇ। ਇਸ ਵੱਡੇ ਮਾਮਲੇ ਵਿੱਚ ਉਨ੍ਹਾਂ ਦੇ ਜਗਰਾਓਂ ਨਾ ਪਹੁੰਚਣ ਦੀ ਜਗਰਾਉਂ ਵਿੱਚ ਕਾਫੀ ਚਰਚਾ ਹੋਈ ਅਤੇ ਇਹ ਗੱਲ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਵੀ ਬਣੀ।