ਲੁਧਿਆਣਾ, 08 ਸਤੰਬਰ (ਰਾਜੇਸ਼ ਜੈਨ ) : ਹੈਬੋਵਾਲ ਖੁਰਦ ਦੇ ਇਲਾਕੇ ‘ਚ ਇਕ ਘਰ ਦੇ ਬਾਹਰ ਖੜੀ ਕਰੂਜ਼ ਕਾਰ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ। ਅਗਲੇ ਦਿਨ ਸਵੇਰੇ ਜਦ ਕਾਰੋਬਾਰੀ ਮੌਕੇ ‘ਤੇ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਿਆ ਉਸ ਦੀ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਮਾਡਲ ਟਾਊਨ ਦੇ ਰਹਿਣ ਵਾਲੇ ਮਾਨਿਕ ਕ੍ਰਿਸ਼ਨ ਦੀ ਸ਼ਿਕਾਇਤ ‘ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ।ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਾਨਿਕ ਨੇ ਦੱਸਿਆ ਕੁਝ ਦਿਨ ਪਹਿਲੋਂ ਉਸਨੇ ਰਾਤ ਵੇਲੇ ਆਪਣੀ ਕਰੂਜ਼ ਕਰ ਹੈਬੋਵਾਲ ਖੁਰਦ ‘ਚ ਆਪਣੇ ਦੋਸਤ ਦੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਅਗਲੇ ਦਿਨ ਸਵੇਰੇ 9:00 ਵਜੇ ਜਦ ਉਹ ਕਾਰ ਲੈਣ ਲਈ ਗਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅਣਪਛਾਤੇ ਵਿਅਕਤੀਆਂ ਨੇ ਤੇਲ ਪਾ ਕੇ ਉਸ ਦੀ ਕਾਰ ਨੂੰ ਅੱਗ ਲਗਾ ਦਿੱਤੀ ਸੀ। ਮਾਨਿਕ ਨੇ ਦੇਖਿਆ ਕਿ ਉਸ ਦੀ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਅਣਪਛਾਤੇ ਮੁਲਜਮਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏ ਐਸ ਆਈ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਲਾਕੇ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਦੇ ਦੌਰਾਨ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।