ਫ਼ਤਹਿਗੜ੍ਹ ਸਾਹਿਬ, 03 ਨਵੰਬਰ: ( ਮੋਹਿਤ, ਮਿਅੰਕ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪਿੰਡ ਦਾਦੂਮਾਜਰਾ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੌਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਮਹੱਤਵਪੂਰਨ ਤਕਨੀਕੀ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਅਫਸਰ ਖੇੜਾ ਸ਼੍ਰੀ ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਾਨ ਦੀ ਪਰਾਲੀ ਨੂੰ ਖੇਤ ਵਿੱਚ ਮਿਲਾਉਣਾ ਬਹੁਤ ਲਾਹੇਵੰਦ ਹੁੰਦਾ ਹੈ ਕਿਉਂਕਿ ਪਰਾਲੀ ਦੇ ਖੇਤ ਵਿੱਚ ਗਲਣ ਨਾਲ ਕਈ ਤਰ੍ਹਾਂ ਦੇ ਸੂਖਮ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ। ਉਨ੍ਹ ਕਿਸਾਨਾਂ ਨੂੰ ਕਿਹਾ ਕਿ ਕਣਕ ਦੇ ਖੇਤਾਂ ਦਾ ਨਿਰੰਤਰ ਨਰੀਖਣ ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਪੱਤਿਆਂ ਵਿੱਚ ਪੀਲੇ ਅਤੇ ਹਰੇ ਰੰਗ ਦੀਆਂ ਧਾਰੀਆਂ ਦਿਖਾਈ ਦੇਣ ਤਾਂ ਇਹ ਮੈਗਨੀਜ਼ ਤੱਤ ਦੇ ਘਾਟ ਹੋ ਸਕਦੀ ਹੈ।ਇਸ ਦੀ ਰੋਕਥਾਮ ਕਰਨ ਲਈ ਖੇਤ ਨੂੰ ਪਾਣੀ ਲਗਾਉਣ ਤੋਂ ਪਹਿਲਾਂ 1 ਕਿੱਲੋ ਮੈਗਨੀਜ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਘੋਲਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤਾ ਜਾਵੇ।ਇਸੇ ਤਰ੍ਹਾਂ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਕਰਨ ਲਈ ਵੱਖ-ਵੱਖ ਗਰੁੱਪਾਂ ਦੇ ਨਦੀਨਨਾਸ਼ਕ ਬਦਲਕੇ ਸਪਰੇ ਕਰਨ ਲਾਂਲ ਵਧੀਆ ਨਤੀਜੇ ਮਿਲਦੇ ਹਨ, ਭਾਵ ਕਿ ਜਿਹੜੇ ਗਰੁੱਪ ਦਾ ਨਦੀਨਨਾਸ਼ਕ ਪਿਛਲੇ ਸਾਲ ਵਰਤ ਚੁੱਕੇ ਹਨ, ਇਸ ਦੀ ਸਪਰੇ ਇਸ ਸਾਲ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਸਪਰੇ ਲਈ ਪਾਣੀ ਦੀ ਮਾਤਰਾ ਅਤੇ ਸਹੀ ਨੋਜਲ ਦੀ ਚੋਣ ਕਰਨੀ ਚਾਹੀਦੀ ਹੈ। ਕੈਂਪ ਦੌਰਾਨ ਕਿਸਾਨਾ ਨੂੰ ਕਣਕ ਦੀ ਕਾਸ਼ਤ ਸਬੰਧੀ ਤਕਨੀਕੀ ਨੁਕਤਿਆਂ ਬਾਰੇ ਲਿਟਰੇਚਰ ਵੰਡਿਆ ਗਿਆ ਜਿਸ ਵਿੱਚ ਸਾਰੇ ਨਦੀਨਨਾਸ਼ਕ ਗਰੁੱਪਾਂ ਮੁਕੰਮਲ ਬਾਰੇ ਜਾਣਕਾਰੀ ਲਿਖੀ ਹੋਈ ਸੀ।ਖੇਤੀਬਾੜੀ ਵਿਕਾਸ ਅਫਸਰ ਖੇੜਾ ਪੁਨੀਤ ਕੁਮਾਰ ਨੇ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਅਤੇ ਇਸ ਦੀ ਰੋਕਥਾਮ ਬਾਰੇ ਦੱਸਦਿਆਂ ਕਿਹਾ ਕਿ ਇਹ ਸੁੰਡੀ ਜਿਆਦਾ ਨੁਕਸਾਨ ਨਹੀਂ ਕਰਦੀ ਇਸ ਲਈ ਘਬਰਾਉਣ ਦੀ ਲੋੜ ਨਹੀਂ।ਫਿਰ ਵੀ ਜੇਕਰ ਇਸ ਦਾ ਹਮਲਾ ਆਰਥਿਕ ਕਗਾਰ ਤੋਂ ਵਧ ਜਾਵੇ ਤਾਂ 1 ਲੀਟਰ ਕਲੋਰੋਪੈਰੀਫਾਸ ਜਾਂ 7 ਕਿਲੋ ਫਿਪਰੋਨਿੱਲ ਨੂੰ 20 ਕਿਲੋ ਮਿੱਟੀ ਵਿੱਚ ਰਲਾ ਕੇ ਖੇਤ ਵਿੱਚ ਛਿੱਟਾਂ ਦਿੱਤਾ ਜਾਵੇ ਅਤੇ ਹਲਕਾ ਪਾਣੀ ਲਗਾਇਆ ਜਾਵੇ। ਨਰਾਇਣ ਰਾਮ ਖੇਤੀਬਾੜੀ ਵਿਸਥਾਰ ਅਫਸਰ ਨੇ ਕੇਂਦਰ ਸਰਕਾਰ ਵੱਲੋਂ ਚਲਾਈ ਜਾਂਦੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਪਿੰਡ ਦੇ ਅਗਾਂਹਵਧੂ ਕਿਸਾਨ ਗੁਰਧਰਮ ਸਿੰਘ, ਜਗੀਰ ਸਿੰਘ, ਪ੍ਰਭਜੋਤ ਸਿੰਘ, ਅਮਰਜੀਤ ਸਿੰਘ ਅਤੇ ਜਗਦੀਪ ਸਿੰਘ ਮੌਜੂਦ ਸਨ।
