ਨਵਾਂਸ਼ਹਿਰ, 16 ਮਈ, (ਭਗਵਾਨ ਭੰਗੂ – ਅਨਿਲ) : ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਿਖਲਾਈ ਕੋਰਸ ਆਯੋਜਿਤ ਕੀਤੇ ਜਾਂਦੇ ਹਨ। ਇਸੇ ਲੜੀ ਅਧੀਨ “ਗਰਮੀ ਦੀਆਂ ਸ਼ਬਜੀਆਂ ਤੇ ਫਲਾਂ ਦੀ ਸਾਂਭ-ਸੰਭਾਲ ਅਤੇ ਵੜੀਆਂ ਬਣਾਉਣ ਦੀ ਵਿਧੀ” ਬਾਰੇ ਕਿੱਤਾ-ਮੁੱਖੀ ਸਿਖਲਾਈ ਕੋਰਸ ਦਾ ਆਯੋਜਨ ਮਿਤੀ 20 ਤੋਂ 24 ਮਈ, 2024 ਤੱਕ ਕੀਤਾ ਜਾ ਰਿਹਾ ਹੈ।ਇਸ ਬਾਰੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਡਾ: ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਗਰਮੀ ਦੀਆਂ ਸਬਜੀਆਂ ਤੇ ਫਲਾਂ ਦੀ ਸਾਂਭ-ਸੰਭਾਲ ਅਤੇ ਵੜੀਆਂ ਬਣਾਉਣ ਦੀ ਵਿਧੀ ਅਤੇ ਉਤਪਾਦਾਂ ਦੀ ਡਬਾਬੰਦੀ ਕਰਕੇ ਮਿਆਦ ਵਧਾਉਣ ਬਾਬਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ, ਜਿਵੇਂ ਕਿ ਅਚਾਰ, ਚਟਨੀਆਂ, ਜੈਮ ਬਣਾ ਕੇ। ਉਹਨਾਂ ਨੇ ਕਿਹਾ ਕਿ ਅਜਿਹੇ ਕਿੱਤਾਮੁਖੀ ਸਿਖਲਾਈ ਕੋਰਸ ਭੋਜਨ ਸੁਰੱਖਿਆ ਨੂੰ ਵਧਾਉਣ, ਭੋਜਨ ਦੀ ਬਰਬਾਦੀ ਨੂੰ ਘਟਾਉਣ ਅਤੇ ਫਲ/ ਸਬਜ਼ੀਆਂ ਦੇ ਪੋਸ਼ਣ ਮੁੱਲ ਅਤੇ ਗੁਣਵੱਤਾ ਨੂੰ ਬਣਾਈ ਰੱਖਣ ਲਈ ਬਹੁਤ ਹੀ ਮਹੱਤਵਪੂਰਣ ਹਨ। ਕੋਰਸ ਪੂਰਾ ਹੋਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਚਾਹਵਾਨ ਸਿਖਿਆਰਥੀ 20 ਤੋਂ 24 ਮਈ, 2024 ਨੂੰ ਅਧਾਰ ਕਾਰਡ ਦੀ ਕਾਪੀ ਅਤੇ ਪਾਸਪੋਰਟ ਸਾਇਜ਼ ਫੋਟੋ ਨਾਲ ਲੈ ਕੇ ਕੇਂਦਰ ਵਿਖੇ ਸਵੇਰੇ 10 ਵਜੇ ਪਹੁੰਚਣ।