ਇਤਿਹਾਸ ਗਵਾਹ ਹੈ ਕਿ ਸਿਆਸਤ ਵਿੱਚ ਕੋਈ ਕਿਸੇ ਦਾ ਪੱਕਾ ਮਿੱਤਰ ਨਹੀਂ ਹੁੰਦਾ ਤੇ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ ਹੈ। ਕਦੋਂ ਅਚਾਨਕ ਦੁਸ਼ਮਣੀ ਦੋਸਤੀ ਵਿੱਚ ਬਦਲ ਜਾਂਦੀ ਹੈ ਤੇ ਦੋਸਤੀ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ ਕੋਈ ਕੁਝ ਨਹੀਂ ਕਹਿ ਸਕਦਾ। ਇਸ ਦੀਆਂ ਅਨੇਕਾਂ ਮਿਸਾਲਾਂ ਦੇਸ਼ ਦੇ ਰਾਜਨੀਤਿਕ ਮਾਮਲਿਆਂ ਵਿਚ ਅਕਸਰ ਦੇਖਣ ਨੂੰ ਮਿਲਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਰਹਿੰਦਿਆਂ ਬੀਬੀ ਜਗੀਰ ਕੌਰ ਨੇ ਲੰਬਾ ਸਮਾਂ ਸੱਤਾ ਦਾ ਅਨੱਦ ਮਾਣਿਆ। ਇਸਤੋਂ ਇਲਾਵਾ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਵੀ ਰਾਜ ਕੀਤਾ। ਹੁਣ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਮੁੜ ਤੋਂ ਵਾਪਸੀ ਕਰਨ ਜਾ ਰਹੀ ਹੈ। ਅਕਾਲੀ ਦਲ ਨੂੰ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਆਕਾਲੀ ਦਲ ਬਾਦਲ ਨੂੰ ਛੱਡਣ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਆਤੇ ਪ੍ਰੇਮ ਸਿੰਘ ਚੰਦੂਮਾਜ਼ਰਾ ਤੇ ਰਾਮ ਰਹੀਮ ਨੂੰ ਗੁਰੂ ਸਾਹਿਬ ਵਰਗਾ ਪਹਿਰਾਵਾ ਪਹਿਨਣ ਦੇ ਮਾਮਲੇ ਵਿਚ, ਰਾਮ ਰਹੀਮ ਨੂੰ ਨਾਟਕੀ ਢੰਗ ਨਾਲ ਦਿਤੀ ਗਈ ਮਾਫੀ ਅਤੇ ਬੇਅਦਬੀਆਂ ਦੇ ਮਾਮਲੇ ਵਿਚ ਸਿੱਧੇ ਤੌਰ ਤੇ ਕਟਿਹਰੇ ਵਿਚ ਖੜ੍ਹਾ ਕੀਤਾ ਸੀ। ਪਰ ਹੁਣ ਜਦੋਂ ਸਿਆਸੀ ਸਮੀਕਰਣ ਬਦਲੇ ਤਾਂ ਉੁਹ ਫਿਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਉਸੇ ਸੁਖਬੀਰ ਬਾਦਲ ਨੂੰ ਆਪਣਾ ਪ੍ਰਧਾਨ ਕਬੂਲ ਕਰ ਲਿਆ, ਜਿਸਦਾ ਉਹ ਵਿਰੋਧ ਕਰਦੇ ਰਹੇ ਸਨ। ਸੁਖਦੇਵ ਢੀਂਡਸਾ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਘਰ ਵਾਪਸੀ ਕਰ ਰਹੀ ਹੈ। ਭਾਵੇਂ ਬੀਬੀ ਜਗੀਰ ਕੌਰ ਸ਼ੁਰੂ ਤੋਂ ਇਹ ਕਹਿੰਦੇ ਰਹੇ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡਿਆ, ਪਰ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿਚੋਂ ਕੱਢ ਦਿਤਾ ਸੀ। ਉਸ ਸਮੇਂ ਬੀਬੀ ਨੇ ਖੁੱਲ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਵਿਰੋਧ ਕੀਤਾ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਬਾਦਲਾਂ ਦੀ ਜੇਬ ਵਿਚੋਂ ਨਿਕਲੀ ਪਰਚੀ ਨਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਿਯੁਕਤ ਹੁੰਦਾ ਹੈ। ਜੋ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਕੰਮ ਕਰਦਾ ਹੈ, ਇਸ ਲਈ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲੋਕਤੰਤਰੀ ਢੰਗ ਨਾਲ ਚੁਣਿਆ ਜਾਵੇ। ਇਹ ਕਹਿੰਦਿਆਂ ਸ਼ਾਇਦ ਉਹ ਭੁੱਲ ਗਏ ਸਨ ਕਿ ਜਦੋਂ ਉਨ੍ਹਾਂ ਨੂੰਨੂੰ ਪਹਿਲਾ ੰਦੋ ਵਾਰ ਪ੍ਰਸ਼ਾਨ ਬਣਾਇਆ ਗਿਆ ਸੀ ਤਾਂ ਬਾਦਲਾਂ ਦੀ ਜੇਬ ਵਿਚੋਂ ਪਰਚੀ ਵਾਲਾ ਕਲਚਰ ਹੀ ਵੱਡੀ ਭੂਮਿਕਾ ਵਿਚ ਸੀ। ਅਜਿਹੇ ਦੋਸ਼ ਲਗਾਉਣ ਤੇ ਸੁਖਬੀਰ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ। ਹੁਣ ਜਦੋਂ ਉਹ ਘਰ ਵਾਪਸੀ ਕਰ ਰਹੇ ਹਨ ਤਾਂ ਕੀ ਉਨ੍ਹਾਂ ਵੱਲੋਂ ਉਠਾਏ ਗਏ ਸਾਰੇ ਮੁੱਦੇ ਖਤਮ ਹੋ ਜਾਣਗੇ ? ਕੀ ਹੁਣ ਅੱਗੇ ਤੋਂ ਬਾਦਲ ਦੀ ਜੇਬ ’ਚੋਂ ਨਿਕਲੀ ਪਰਚੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਹੀਂ ਬਣਾਇਆ ਜਾਵੇਗਾ? ਕੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ’ਚੋਂ ਛੁਡਵਾ ਸਕਣਗੇ? ਇਹਨਾਂ ਸਵਾਲਾਂ ਦਾ ਜਵਾਬ ਹਰ ਕਿਸੇ ਨੂੰ ਨਹੀਂ ਵਿਚ ਹੀ ਮਿਲੇਗਾ। ਉਹ ਨਾਂ ਤਾਂ ਅਕਾਲੀ ਦਲ ਵਿਚ ਰਹਿੰਦੇ ਅਤੇ ਨਾ ਹੀ ਅਕਾਲੀ ਦਲ ਚੋਂ ਬਾਹਰ ਆ ਕੇ ਅਤੇ ਨਾ ਹੀ ਹੁਣ ਦੁਬਾਰਾ ਵਾਪਿਸੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਦਲ ਤੋਂ ਮੁਕਤ ਨਹੀਂ ਕਰਵਾ ਸਕਣਗੇ। ਪਰ ਹੁਣ ਉਹ ਪਹਿਲਾਂ ਵਾਂਗ ਹੁਣ ਵੀ ਉਹ ਸ਼੍ਰੋਮਣੀ ਕਮੇਟੀ ਦਾ ਹਿੱਸਾ ਬਣ ਚੁੱਕੇ ਹਨ। ਅਕਾਲੀ ਦਲ ਬਾਦਲ ਦੇ ਨਾਲ ਕਦਮ ਤਾਲ ਮਿਲਾ ਕੇ ਚੱਲਣਗੇ। ਹੁਣ ਘਰ ਵਾਪਿਸੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਖੰਡੂਰ ਤੋਂ ਉਨ੍ਹਾਂ ਨੂੰ ਟਿਕਟ ਦੇ ਕੇ ਲੋਕ ਸਭਾ ਚੋਣ ਲੜ ਸਕਦਾ ਹੈ। ਅੱਜ ਦੇ ਸਮੇਂ ਵਿਚ ਹਰਹ ਰਾਜਨੀਤਿਕ ਨੇਤਾ ਇਹ ਚਾਹੁੰਦੇ ਹਨ ਕਿ ਪਾਰਟੀ ਉਨ੍ਹਾਂ ਨੂੰ ਹਰ ਚੋਣ ਵਿਚ ਮੌਕਾ ਦੇਵੇ ਅਤੇ ਹਰ ਸਰਕਾਰ ਵਿਚ ਬਣਦਾ ਮਾਣ-ਸਨਮਾਨ ਦੇਵੇ। ਜਦੋਂ ਪਾਰਟੀ ਅਜਿਹਾ ਨਹੀਂ ਕਰਦੀ ਅਤੇ ਕਿਸੇ ਹੋਰ ਨੂੰ ਮੌਕਾ ਦੇ ਦੇਵੇ ਤਾਂ ਲੀਡਰ ਨਰਾਜ਼ ਹੋ ਜਾਂਦੇ ਹਨ। ਜਦੋਂ ਮੁੜ ਭਰੋਸਾ ਦਿੱਤਾ ਜਾਂਦਾ ਹੈ ਤਾਂ ਸਾਰੇ ਗਿੱਲੇ ਸ਼ਿਕਵੇ ਦੂਰ ਹੋ ਜਾਂਦੇ ਹਨ ਅਤੇ ਸਭ ਗਲਤ ਸਹੀ ਹੋ ਜਾਂਦਾ ਹੈ। ਜਿਵੇਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਦੇ ਸਿਆਸੀ ਪਿੜ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਿਚ ਕੌੜਾ ਘੁੱਟ ਭਰਕੇ ਵਾਪਿਸ ਆਏ ਅਤੇ ਪਾਰਟੀ ਉਨ੍ਹਾਂ ਦੇ ਪੁੱਤ ਨੂੰ ਸੰਗਰੂਰ ਤੋਂ ਟਿਕਟ ਦੇਵੇਗੀ। ਇਸੇ ਤਰ੍ਹਾਂ ਜਗੀਰ ਕੌਰ ਵੀ ਆਪਣੇ ਸਿਆਸੀ ਪਿੜ ਨੂੰ ਬਚਾਉਣ ਲਈ ਮੁੜ ਉਸੇ ਅਕਾਲੀ ਦਲ ਵਿਚ ਆ ਰਹੇ ਹਨ ਜਿਸਨੂੰ ਉਹ ਨਿੰਦ ਰਹੇ ਸਨ। ਇਸ ਲਈ ਆਮ ਪਬਲਿਕ ਨੂੰ ਸਿਆਸੀ ਲੀਡਰਾਂ ਵਲੋਂ ਇਕ ਦੂਸਰੇ ਖਿਲਾਫ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਅਤੇ ਬਿਆਨਬਾਜ਼ੀ ਤੋਂ ਕਦੇ ਭਾਵੁਕ ਨਹੀਂ ਹੋਣਾ ਚਾਹੀਦਾ। ਇਸਤੇ ਵੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਕਿ ਸਿਆਸਤਦਾਨ ਕਿਸ ਬਾਰੇ ਅਤੇ ਕਦੋਂ ਕੀ ਕਹਿੰਦੇ ਹਨ, ਕਿਉਂਕਿ ਇਹ ਸੂਰਜਮੁਖੀ ਦੇ ਫੁੱਲ ਵਾਂਗ ਹੁੰਦੇ ਹਨ ਜੋ ਜਿਸ ਦਿਸ਼ਾ ਤੋਂ ਸੂਰਜ ਚੜ੍ਹਦਾ ਹੈ, ਉਸੇ ਦਿਸ਼ਾ ਵੱਲ ਮੂੰਹ ਕਰਦੇ ਹਨ। ਚੜ੍ਹਦੇ ਸੂਰਜ ਨੂੰ ਸਲਾਮ ਕਰਨਾ ਰਾਜਨੀਤਿਕ ਲੀਡਰਾਂ ਦੀ ਫਿਤਰਿਤ ਹੁੰਦੀ ਹੈ। ਇਸ ਲਈ ਇਨ੍ਹਾਂ ਦਾ ਪਾਰਟੀ ਵਿਚੋਂ ਨਿਕਲਣ ਅਤੇ ਪਾਰਟੀ ਵਿਚ ਮੁੜ ਘਰ ਵਾਪਿਸੀ ਕਹਿ ਕੇ ਵਾਪਿਸ ਆ ਜਾਣ ਦਾ ਕੋਈ ਮਹੱਤਵ ਨਹੀਂ ਹੈ। ਇਹ ਲੋਕ ਸਿਰਫ਼ ਆਪਣੇ ਨਿੱਜੀ ਮੁਫ਼ਾਦਾਂ ਲਈ ਇੱਕ-ਦੂਜੇ ਦਾ ਵਿਰੋਧ ਕਰਦੇ ਹਨ ਅਤੇ ਇਸ ਲਈ ਇੱਥੇ ਸਿਧਾਂਤਾ ਦਾ ਕੋਈ ਮੁੱਲ੍ਹ ਨਹੀਂ ਹੁੰਦਾ।
ਹਰਵਿੰਦਰ ਸਿੰਘ ਸੱਗੂ।