ਚੰਡੀਗੜ੍ਹ (ਰਾਜੇਸ ਜੈਨ) ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਕੈਨੇਡਾ ਵਿਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਤੇ ਐੱਨਆਰਆਈਜ਼ ਲਈ ਇਕ ਹੈਲਪਲਾਈਨ ਸਥਾਪਤ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਸਾਰੇ ਭਾਰਤ ਤੇ ਕੈਨੇਡਾ ਦਰਮਿਆਨ ਵਧਦੇ ਤਣਾਅ ਕਾਰਨ ਚਿੰਤਤ ਹਨ। ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ ਵਿਚ ਜਾਖੜ ਨੇ ਕੈਨੇਡਾ ਵਿਚ ਰਹਿਣ ਵਾਲੇ ਭਾਰਤੀਆਂ ਦੀ ਚਿੰਤਾ ’ਤੇ ਕਿਹਾ ਕਿ ਭਾਰਤ ਸਰਕਾਰ ਸੁੱਰਖਿਾ ਲਈ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਤੇ ਉਪਾਵਾਂ ਨੂੰ ਸੂਚੀਬੱਧ ਕਰਦੇ ਹੋਏ ਇਕ ਵਿਸਤਾਰਤ ਬਿਆਨ ਜਾਰੀ ਕਰੇ ਤਾਂ ਕਿ ਪ੍ਰਭਾਵਿਤ ਭਾਰਤੀਆਂ ਦੇ ਮਨਾਂ ’ਚ ਚਿੰਤਾ ਨਾ ਰਹੇ। ਜਾਖੜ ਨੇ ਲਿਖਿਆ ਹੈ ਕਿ ਕੈਨੇਡਾ ਵਿਚ ਰਹਿਣ ਵਾਲੇ ਭਾਰਤੀਆਂ ਤੇ ਵਿਸ਼ੇਸ਼ ਤੌਰ ’ਤੇ ਪੜ੍ਹਨ ਲਈ ਵਿਦੇਸ਼ ਜਾਣ ਦੀ ਉਡੀਕ ਕਰ ਰਹੇ ਵਿਦਿਆਰਥੀਆਂ ’ਚ ਡੂੰਘੀ ਚਿੰਤਾ, ਘਬਰਾਹਟ ਤੇ ਦੁਚਿੱਤੀ ਦੀ ਭਾਵਨਾ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ। ਤੁਹਾਡੇ ਦਫਤਰ ਤੋਂ ਇਕ ਭਰੋਸਾ ਯਕੀਨੀ ਤੌਰ ’ਤੇ ਮਿਲੇਗਾ ਜਿਸ ਨਾਲ ਸਾਡੇ ਵਿਦਿਆਰਥੀਆਂ ਦੇ ਸ਼ੱਕ ਤੇ ਅਸੁਰੱਖਿਆ ਦੀ ਭਾਵਨਾ ਨੂੰ ਦੂਰ ਕਰਨਾ ਸੰਭਵ ਹੋਵੇਗਾ। ਸੂਬਾ ਭਾਜਪਾ ਪ੍ਰਧਾਨ ਨੇ ਮਾਰਗ ਦਰਸ਼ਨ ਦੇ ਮਾਮਲੇ ਵਿਚ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਲਈ ਇਕ ਵਾਟਸਐਪ ਨੰਬਰ ਜਾਰੀ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਿਰਫ ਆਪਣੀ ਘਰੇਲੂ ਸਿਆਸੀ ਮਜਬੂਰੀਆਂ ਦੇ ਦਬਾਅ ਕਾਰਨ ਭਾਰਤ ਵਿਰੁੱਧ ਅਜਿਹੇ ਗੈਰ ਜ਼ਰੂਰੀ ਤੇ ਮੰਦਭਾਵਨਾ ਦੇ ਦੋਸ਼ ਲਾਏ ਹਨ। ਜਾਖੜ ਨੇ ਆਸ ਪ੍ਰਗਟਾਈ ਕਿ ਟਰੂਡੋ ਨੂੰ ਛੇਤੀ ਤੋਂ ਛੇਤੀ ਆਪਣੀ ਇਸ ਭੁੱਲ ਦਾ ਅਹਿਸਾਸ ਹੋਵੇਗਾ ਤੇ ਮਾਮਲਾ ਛੇਤੀ ਹੀ ਹੱਲ ਹੋ ਜਾਵੇਗਾ।