ਚੰਡੀਗੜ੍ਹ (ਰੋਹਿਤ ਗੋਇਲ ) ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਬਿਨਾਂ ਕਿਸੇ ਮੰਦ ਭਾਵਨਾ ਦੇ, ਅਣਜਾਣੇ ਜਾਂ ਫਿਰ ਲਾਪਰਵਾਹੀ ਨਾਲ ਕੀਤਾ ਗਿਆ ਧਰਮ ਦਾ ਅਪਮਾਨ ਅਪਰਾਧਿਕ ਸ਼ੇ੍ਰਣੀ ’ਚੋਂ ਬਾਹਰ ਹੈ। ਇਸ ’ਤੇ ਆਈਪੀਸੀ ਦੀ ਧਾਰਾ 295ਏ ਲਾਗੂ ਨਹੀਂ ਹੁੰਦੀ। ਅਜਿਹੇ ’ਚ ਹਾਈ ਕੋਰਟ ਨੇ ਭਗਵਾਨ ਵਾਲਮੀਕਿ ਦੇ ਅਪਮਾਨ ਨਾਲ ਜੁੜੇ ਮਾਮਲੇ ’ਚ ਦਰਜ ਕੀਤੀ ਗਈ ਐੱਫਆਈਆਰ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ।
ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰਦਿਆਂ ਪਟੀਸ਼ਨਕਰਤਾ ਨੇ ਦੱਸਿਆ ਕਿ ਉਹ ਗ੍ਰੰਥੀ ਹੈ ਅਤੇ ਉਸ ਨੇ ਇਕ ਕਿਤਾਬ ’ਚ ਭਗਵਾਨ ਵਾਲਮੀਕਿ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਸ਼ਿਕਾਇਤਕਰਤਾ ਨੂੰ ਦੱਸਿਆ ਸੀ। ਇਸ ਤੋਂ ਬਾਅਦ 31 ਮਾਰਚ, 2012 ਨੂੰ ਕਪੂਰਥਲਾ ਜ਼ਿਲ੍ਹੇ ਦੇ ਸੁਭਾਨਪੁਰ ਪੁਲਿਸ ਸਟੇਸ਼ਨ ’ਚ ਆਈਪੀਸੀ ਦੀ ਧਾਰਾ 295ਏ ਅਤੇ 53ਏ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਐੱਫਆਈਆਰ ’ਚ ਪੁਸਤਕ ਦੇ ਲੇਖਕ, ਪ੍ਰਕਾਸ਼ਕ ਅਤੇ ਹੋਰਨਾਂ ਲੋਕਾਂ ਨਾਲ ਪਟੀਸ਼ਨਕਰਤਾ ਦਾ ਨਾਂ ਵੀ ਸ਼ਾਮਲ ਕਰ ਲਿਆ ਗਿਆ। ਹਾਈ ਕੋਰਟ ਨੇ ਕਿਹਾ ਕਿ ਅਦਾਲਤ ਇਹ ਸਮਝਣ ਵਿਚ ਅਸਫਲ ਰਹੀ ਕਿ ਪਟੀਸ਼ਨਕਰਤਾ ਨੇ ਕਿਹੜਾ ਅਪਰਾਧ ਕੀਤਾ ਜਿਸ ਕਾਰਨ ਉਸ ਦਾ ਨਾਂ ਮੁਲਜ਼ਮਾਂ ਵਿਚ ਸ਼ਾਮਲ ਕੀਤਾ ਗਿਆ। ਉਹ ਨਾ ਤਾਂ ਪੁਸਤਕ ਦਾ ਲੇਖਕ ਸੀ, ਨਾ ਹੀ ਪ੍ਰਕਾਸ਼ਕ ਜਾਂ ਸੰਪਾਦਕ। ਐੱਫਆਈਆਰ ਅਨੁਸਾਰ ਪਟੀਸ਼ਨਕਰਤਾ ਨੇ ਸ਼ਿਕਾਇਤਕਰਤਾ ਨੂੰ ਕਿਤਾਬ ਬਾਰੇ ਦੱਸਿਆ ਸੀ। ਪਟੀਸ਼ਨਕਰਤਾ ’ਤੇ ਮਹਾਰਿਸ਼ੀ ਵਾਲਮੀਕਿ ਦੇ ਜੀਵਨ ਨਾਲ ਸਬੰਧਤ ਕਿਸੇ ਵੀ ਤੱਥ ਨੂੰ ਵਿਗਾੜਨ ਜਾਂ ਜਾਣਬੁੱਝ ਕੇ ਮਹਾਰਿਸ਼ੀ ਬਾਰੇ ਅਜਿਹੀ ਜਾਣਕਾਰੀ ਪ੍ਰਸਾਰਿਤ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ ਹੈ। ਅਜਿਹੇ ’ਚ ਪਟੀਸ਼ਨਕਰਤਾ ਪੁਸਤਕ ਦੇ ਪ੍ਰਕਾਸ਼ਕ ਅਤੇ ਲੇਖਕ ਦੀ ਤੁਲਨਾ ’ਚ ਕਿਤੇ ਬਿਹਤਰ ਸਥਿਤੀ ਵਿਚ ਹੈ, ਜਿਨ੍ਹਾਂ ਖ਼ਿਲਾਫ਼ 24 ਮਾਰਚ ਨੂੰ ਦਰਜ ਕੀਤੀ ਗਈ ਐੱਫਆਈਆਰ ਰੱਦ ਕਰ ਦਿੱਤੀ ਗਈ।