ਚੰਡੀਗੜ੍ਹ (ਰਾਜੇਸ ਜੈਨ) ਸੂਬੇ ’ਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ਼ਨਿਚਰਵਾਰ ਨੂੰ ਮੈਗਸੀਪਾ, ਚੰਡੀਗੜ੍ਹ ਤੋਂ ਸਿਖ਼ਲਾਈ ਲਈ 60 ਪਿ੍ਰੰਸੀਪਲਾਂ ਦੇ ਦੋ ਹੋਰ ਬੈਚਾਂ ਨੂੰ ਹਰੀ ਝੰਡੀ ਦੇ ਕੇ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ ਹੈ।
ਸੂਬੇ ਦੀ ਸਕੂਲ ਸਿੱਖਿਆ ਨੂੰ ਵਿਸ਼ਵ ਪੱਧਰੀ ਬਨਾਉਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਕੂਲ ਸਿੱਖਿਆ ਪ੍ਰਤੀ ਸਮਰਪਣ ਭਾਵਨਾ ਦਾ ਜ਼ਿਕਰ ਕਰਦਿਆਂ ਬੈਂਸ ਨੇ ਕਿਹਾ ਕਿ ਸਿੱਖਿਆ ਸਬੰਧੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਬਹੁਤ ਅਹਿਮ ਭੂਮਿਕਾ ਹੈ। ਅਧਿਆਪਕਾਂ ਅਤੇ ਹੈਡਮਾਸਟਰਾਂ/ਪਿ੍ਰੰਸੀਪਲ ਦੀਆਂ ਪੇਸ਼ੇਵਰ ਸਮਰਥਾਵਾਂ ਨੂੰ ਵਧਾਉਣ ਲਈ ਸੂਬਾ ਸਰਕਾਰ ਵੱਲੋਂ ਅਧਿਆਪਕਾਂ ਅਤੇ ਹੈਡਮਾਸਟਰਾਂ/ਪਿ੍ਰੰਸੀਪਲ ਨੂੰ ਮੌਜੂਦਾ ਸਮਿਆਂ ਦੀ ਉਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਦੇਸ਼ ਅਤੇ ਵਿਦੇਸ਼ਾਂ’ਚ ਸਿਖ਼ਲਾਈ ਦੁਆਈ ਜਾ ਰਹੀ ਹੈ ਤਾਂ ਜ਼ੋ ਇਨ੍ਹਾਂ ਬੈਸਟ ਪ੍ਰੈਕਟਿਸਿਜ਼ ਨੂੰ ਸੂਬੇ ਦੇ ਸਕੂਲਾਂ ’ਚ ਲਾਗੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਫ਼ਰਵਰੀ 2023 ਤੋਂ ਹੁਣ ਤਕ ਸੂਬਾ ਸਰਕਾਰ ਵੱਲੋਂ 30 ਅਤੇ 36 ਪਿ੍ਰੰਸੀਪਲਾਂ ਵਾਲੇ ਚਾਰ ਬੈਚਾਂ ਨੂੰ ਸਫ਼ਲਤਾਪੂਰਵਕ ਸਿਖ਼ਲਾਈ ਦਿੱਤੀ ਗਈ ਹੈ। ਇਹ ਸਿਖ਼ਲਾਈ ਪ੍ਰੋਗਰਾਮ ਪੀਏਆਈ, ਸਿੰਗਾਪੁਰ ਅਤੇ ਐੱਨਆਈਈਆਈ, ਸਿੰਗਾਪੁਰ ਵਰਗੀਆਂ ਵਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਸਿਖ਼ਲਾਈ ਦਾ ਪਾਠਕ੍ਰਮ ਸਮਕਾਲੀ ਪ੍ਰਬੰਧਕੀ ਅਤੇ ਵਿਦਿਅਕ ਹੁਨਰਾਂ ’ਤੇ ਕੇਂਦ੍ਰਿਤ ਹੈ, ਜਿਸ ’ਚ ਨਵੀਨਤਾਕਾਰੀ ਅਧਿਆਪਨ ਵਿਧੀਆਂ, ਮਾਹਰ ਵੱਲੋਂ ਦਿੱਤੀ ਜਾਂਦੀ ਸਲਾਹ ਆਦਿ ਸ਼ਾਮਲ ਹਨ।