ਵਾਰਦਾਤਾਂ ਨੂੰ ਅੰਜਾਮ ਦੇਣ ਦੇ ਚੱਕਰ ‘ਚ ਸਨ ਫੜੇ ਗਏ ਮੁਲਜ਼ਮ
ਫ਼ਿਰੋਜ਼ਪੁਰ(ਭਗਵਾਨ ਭੰਗੂ)ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਮੱਧ ਪ੍ਰਦੇਸ਼ ਤੋਂ ਸਪਲਾਈ ਹੋ ਰਹੇ ਪਿਸਤੌਲਾਂ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਪੁਆਇੰਟ 32 ਬੋਰ ਦੇ 8 ਪਿਸਤੌਲਾਂ, 6 ਰੌਂਦ ਅਤੇ ਇਕ ਵਰਨਾ ਕਾਰ ਸਮੇਤ 5 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਪਿਸਤੌਲ ਮੁਲਜ਼ਮਾਂ ਨੇ ਜੇਲ੍ਹ ਵਿਚ ਬੰਦ ਹਵਾਲਾਤੀਆਂ ਵੱਲੋਂ ਕੀਤੇ ਗਏ ਆਰਡਰ ਕਰਨ ’ਤੇ ਮੰਗਵਾਏ ਸਨ। ਹਥਿਆਰਾਂ ਦਾ ਗੋਰਖਧੰਦਾ ਕਰਨ ਵਾਲੇ ਲੋਕਾਂ ਨੂੰ ਕੇਂਦਰੀ ਜੇਲ੍ਹ ਵਿਚ ਇਰਾਦਾ ਕਤਲ ਦੇ ਮਾਮਲੇ ਵਿਚ ਬੰਦ ਨੌਜਵਾਨਾਂ ਨੇ ਮੱਧ ਪ੍ਰਦੇਸ਼ ਦਾ ਪਤਾ ਦੱਸਿਆ ਸੀ ਅਤੇ ਇਕ ਹੋਰ ਨੌਜਵਾਨ ਉਨ੍ਹਾਂ ਨੂੰ ਫਾਇਨਾਂਸ ਕਰਦਾ ਸੀ।
ਐੱਸਪੀ ਇਨਵੈਸਟੀਗੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਕਿ ਡੀਐੱਸਪੀ ਬਲਕਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ 20 ਸਤੰਬਰ ਨੂੰ ਜਦੋਂ ਫ਼ਿਰੋਜ਼ਪੁਰ-ਮੋਗਾ ਰੋਡ ’ਤੇ ਪਿੰਡ ਪਿੰਡ ਬਾਜੀਦਪੁਰ ਦੇ ਮੇਨ ਗੇਟ ਕੋਲ ਮੌਜੂਦ ਸੀ ਤਾਂ ਖ਼ਬਰੀ ਨੇ ਇਤਲਾਹ ਦਿੱਤੀ ਕਿ ਸਾਜਨ, ਸੈਮਲ ਤੇ ਬਲਜਿੰਦਰ ਕੁਮਾਰ ਵਾਸੀ ਬਾਜੀਦਪੁਰ ਕੋਲ ਨਾਜਾਇਜ਼ ਅਸਲਾ ਹੈ। ਇਹ ਤਿੰਨੋਂ ਜਣੇ ਬਲਵਿੰਦਰ ਕੁਮਾਰ ਦੇ ਘਰ ਰੁਕੇ ਹੋਏ ਹਨ। ਇਨ੍ਹਾਂ ਦੇਰ ਰਾਤ ਨੂੰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਕਲਣਾ ਹੈ। ਸੂਚਨਾ ਮਿਲਣ ’ਤੇ ਏਐੱਸਆਈ ਰਾਜੇਸ਼ ਕੁਮਾਰ ਨੇ ਪੁਲਿਸ ਟੀਮ ਨਾਲ ਪਿੰਡ ਬਾਜੀਦਪੁਰ ਵਿਖੇ ਵਰਨਾ ਕਾਰ ਨੰ. ਡੀਐੱਲ3 ਸੀਬੀਜ਼ੱੈਡ 7189 ਨੂੰ ਰੋਕਿਆ। ਕਾਰ ਸਵਾਰ ਸਾਜਨ, ਸੈਮਲ ਅਤੇ ਬਲਵਿੰਦਰ ਕੁਮਾਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਦੋ ਪਿਸਤੌਲ .32 ਬੋਰ ਅਤੇ 6 ਕਾਰਤੂਸ ਬਰਾਮਦ ਹੋਏ।
ਪੁਲਿਸ ਵੱਲੋਂ ਨੌਜਵਾਨਾਂ ਦਾ ਰਿਮਾਂਡ ਲੈ ਕੇ ਜਦੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਅਹਿਮ ਖ਼ੁਲਾਸੇ ਸਾਹਮਣੇ ਆਏ। ਐੱਸਪੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਸੈਮਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ’ਚ ਇਰਾਦਾ ਕਤਲ ਮਾਮਲੇ ਵਿਚ ਨਾਮਜ਼ਦ ਅਮਨਦੀਪ ਤੇ ਵਿਸ਼ਾਲ, ਜੋ ਕਿ ਬਜੀਦਪੁਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਸੰਪਰਕ ਵਿਚ ਆ ਕੇ ਹੀ ਉਹ ਇੰਦੌਰ ਦੇ ਖੰਡਵਾ ਤੋਂ 8 ਪਿਸਤੌਲ ਖ਼ਰੀਦ ਕੇ ਲਿਆਏ ਸਨ। ਉਨ੍ਹਾਂ ਲਈ ਪੈਸਿਆਂ ਦਾ ਪ੍ਰਬੰਧ ਰਜਿੰਦਰ ਕੁਮਾਰ ਆਰਕੇ ਨੇ ਕਰ ਕੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਅਮਨਦੀਪ, ਵਿਸ਼ਾਲ, ਰਜਿੰਦਰ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੇਂਦਰੀ ਜੇਲ੍ਹ ਵਿਚ ਬੰਦ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗਿ੍ਰਫਤਾਰ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਦੀ ਨਿਸ਼ਾਨਦੇਹੀ ’ਤੇ ਬਜੀਦਪੁਰ ’ਚ ਨਹਿਰ ਦੀ ਪਟੜੀ ਤੋਂ 6 ਹੋਰ ਪਿਸਤੌਲ ਬਰਾਮਦ ਕੀਤੇ ਗਏ ਹਨ। ਉਕਤ ਨੌਜਵਾਨਾਂ ਦਾ ਰਿਮਾਂਡ ਚੱਲ ਰਿਹਾ ਹੈ ਅਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਜਿੰਦਰ ਕੁਮਾਰ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।