23 ਅਗਸਤ 2023 ਨੂੰ ਭਾਰਤ ਦਾ ਚੰਦਰਯਾਨ 3 ਸਫਲਤਾ ਪੂਰਵਕ ਚੰਦਰਮਾ ’ਤੇ ਉਤਰਿਆ। ਜਿਸ ਨਾਲ ਪੂਰੇ ਦੇਸ਼ ’ਚ ਖੁਸ਼ੀ ਦੀ ਲਹਿਰ ਹੈ। ਰਾਜਨੀਤਿਕ ਤੌਰ ਤੇ ਸਿਆਸੀ ਲੋਕ ਇਸ ਨੂੰ ਪੂਰੀ ਦੁਨੀਆ ’ਚ ਭਾਰਤ ਦਾ ਡੰਕਾ ਵਜਾਉਣ ਦਾ ਇਜ਼ਹਾਰ ਕਰ ਰਹੇ ਹਨ। ਇਹ ਸਭ ਸੁਣ ਕੇ ਹਰੇਕ ਭਾਰਤ ਵਾਸੀ ਨੂੰ ਬੜੀ ਰਾਹਤ ਮਹਿਸੂਸ ਹੋਈ। ਦੂਰ ਗਗਨ ਵਿਚ ਚੰਦਰਮਾਂ ਤੇ ਜੋ ਦੋਸ਼ ਹੁਣ ਤੋਂ ਪਹਿਲਾਂ ਨਹੀਂ ਪਹੁੰਚ ਸਕੇ ਉਸ ਥਾਂ ਤੇ ਭਾਰਤ ਪਹੁੰਚ ਗਿਆ ਹੈ। ਇਸ ਪ੍ਰਾਪਤੀ ’ਤੇ ਅਸੀਂ ਭਾਰਤੀ ਹੋਣ ’ਤੇ ਮਾਣ ਮਹਿਸੂਸ ਕਰਦੇ ਹਾਂ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਚੰਦਰਮਾ ’ਤੇ ਪਹੁੰਚ ਚੁੱਕੇ ਹਨ। ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਜਿਸਨੇ ਚੰਨ ਨੂੰ ਆਪਣੀ ਮੁੱਠੀ ਵਿੱਚ ਲੈਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸਫਲਤਾ ਪਿੱਛੇ ਸਾਡੇ ਵਿÇਆਨੀਆਂ ਦੀ ਅਣਥੱਕ ਮਿਹਨਤ ਅਤੇ ਭਾਰਤ ਦਾ ਅਰਬਾਂ ਰੁਪਏ ਕਰਚਾ ਹੈ। ਸਮੇਂ ਦੇ ਹਿਸਾਬ ਨਾਲ ਤਰੱਕੀ ਦੀ ਰਫਤਾਰ ਵਧਣੀ ਚਾਹੀਦੀ ਹੈ। ਜੇਕਰ ਦੇਸ਼ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਸਥਿਤੀ ਨਿਰਾਸ਼ਾਜਨਕ ਹੈ। ਅਮਰੀਕਾ, ਚੀਨ ਅਤੇ ਰੂਸ ਵਰਗੇ ਦੇਸ਼ਾਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਉਹ ਦੁਨੀਆਂ ਦੇ ਵੱਡੇ ਵਿਕਿਸਤ ਦੇਸ਼ਾਂ ਵਿਚ ਸ਼ੁਮਾਰ ਹਨ। ਇਹ ਦੇਸ਼ ਆਪਣੀ ਪਰਜਾ ਲਈ ਰੋਟੀ, ਕੱਪੜਾ ਅਤੇ ਮਕਾਨ ਦਾ ਪ੍ਰਬੰਧ ਪਹਿਲ ਦੇ ਆਘਾਰ ਤੇ ਕਰਦੇ ਹਨ। ਇਨ੍ਹਾਂ ਵੱਡੇ ਦੇਸ਼ਾਂ ਵਿੱਚ ਬੇਰੁਜ਼ਗਾਰੀ ਨਾਂਹ ਦੇ ਬਰਾਬਰ ਹੈ। ਇਹ ਸਾਰੇ ਖੁਸ਼ਹਾਲ ਦੇਸ਼ ਦੀ ਪਹਿਲੀ ਕਤਾਰ ਵਿੱਚ ਆਉਂਦੇ ਹਨ। ਦੂਜੇ ਪਾਸੇ ਸਾਡੇ ਰਾਜਨੀਤਿਕ ਆਗੂਆਂ ਦੀ ਨਜ਼ਰ ਵਿੱਚ ਅਸੀਂ ਵੀ ਖੁਸ਼ਹਾਲ ਮੁਲਕਾਂ ਦੀ ਸੂਚੀ ਵਿੱਚ ਹਾਂ। ਪਰ ਅਸਲ ਵਿੱਚ ਇਥੇ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹੈ, ਮਹਿੰਗਾਈ ਆਪਣੇ ਸਿਖਰ ’ਤੇ ਹੈ, ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੈ, ਭੁੱਖਮਰੀ ਆਪਣੇ ਸਿਖਰ ’ਤੇ ਹੈ, ਨਸ਼ਾ ਆਪਣੀ ਚਰਮ ਸੀਮਾ ਤੇ ਹੈ। ਇਨ੍ਹਾਂ ਵੱਡੀਆਂ ਅਲਾਮਤਾਂ ਨੂੰ ਦੂਰ ਕੀਤੇ ਬਗੈਰ ਅਸੀਂ ਕਦੇ ਵੀ ਵਿਕਸਿਤ ਦੇਸ਼ਾਂ ਵਿਚ ਸ਼ੁਮਾਰ ਨਹੀਂ ਹੋ ਸਕਦੇ। ਭਾਵੇਂ ਅਸੀਂ ਅੱਜ ਚੰਦ ਤੋਂ ਹੁੰਦੇ ਹੋਏ ਮੰਗਲ ਤੱਕ ਪਹੁੰਚ ਗਏ ਹਾਂ ਅਤੇ ਹੋਰ ਪੁਲਾੜ ਦੇ ਗ੍ਰਹਿਆਂ ਤੇ ਜਾਣਾ ਅਤੇ ਲੋਚਦੇ ਹਾਂ। ਉਨ੍ਹਾਂ ਗ੍ਰਹਿਆਂ ਤੇ ਪਹੁੰਚ ਕੇ ਅਸੀਂ ਦੁਨੀਆਂ ਭਰ ਵਿਚ ਵੱਖਰੀ ਪਹਿਚਾਣ ਨੂੰ ਕਾਇਮ ਕਰਨਾ ਲੋਚਦੇ ਹਾਂ। ਇਹ ਸੋਚ ਚੰਗੀ ਹੈ ਪਰ ਉਸਦੇ ਨਾਲ ਹੀ ਸਰਕਾਰਾਂ ਦੇਸ਼ ਨੂੰ ਖੁਸ਼ਹਾਲ ਕਰਨ ਵੱਲ ਵੀ ਕਦਮ ਵਧਾਉਣ ਤਾਂ ਇਹ ਉਸ ਨਾਲੋਂ ਵੀ ਚੰਗੀ ਗੱਲ ਹੋ ਸਕਦੀ ਹੈ। ਜਿਥੇ ਪੁਲਾੜ ਵਿਚ ਜਾ ਕੇ ਬਾਕੀ ਦੁਨੀਆਂ ਵਾਂਗ ਖੋਜਾਂ ਕਰਨੀਆਂ ਚਾਹੀਦੀਆਂ ਹਨ ਉਥੇ ਦੇਸ਼ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ, ਕਪੜਾ ਅਤੇ ਮਕਾਨ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਵੀ ਹਰ ਸਰਕਾਰ ਦਾ ਫਰਜ਼ ਹੈ। ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਬੁਨਿਆਦੀ ਸਹੂਲਤਾਂ ਜਿਨ੍ਹਾਂ ਤੇ ਹਰ ਦੇਸ਼ ਵਾਸੀ ਦਾ ਅਧਿਕਾਰ ਹੈ ਅਤੇ ਹਰ ਸਰਕਾਰ ਦਾ ਫਰਜ ਹੈ ਉਸ ਵੱਲ ਵੀ ਧਿਆਨ ਦਿਤਾ ਜਾਵੇ ਤਾਂ ਜਿੱਥੇ ਚੰਦਰਯਾਨ ਵਰਗੀ ਸਫ਼ਲਤਾ ’ਤੇ ਪੂਰਾ ਦੇਸ਼ ਖੁਸ਼ ਹੈ, ਉਥੇ ਸਰਕਾਰਾਂ ਆਪਣੇ ਇਸ ਫਰਜ਼ ਨੂੰ ਅਦਾ ਕਰਕੇ ਖੁਸ਼ੀ ਮਹਿਸੂਸ ਕਰ ਸਕਦੀਆਂ ਹਨ। ਪਰ ਅਜਿਹਾ ਨਹੀਂ ਹੋ ਰਿਹਾ। ਚੰਦਰਯਾਨ ਨੂੰ ਮਿਸ਼ਨ ਲਈ ਚੰਦਰਮਾ ’ਤੇ ਭੇਜਿਆ ਗਿਆ ਹੈ, ਜੇਕਰ ਉਹ ਆਪਣੇ ਮਿਸ਼ਨ ’ਚ ਕਾਮਯਾਬ ਹੋ ਜਾਵੇ ਇਸ ਲਈ ਬਰ ਭਾਰਤੀ ਦੁਆ ਕਰਦਾ ਹੈ। ਮੰਨ ਲਓ ਕਿ ਚੰਦਰਯਾਨ ਉੱਥੇ ਪਾਣੀ ਦੀ ਖੋਜ ਕਰ ਲੈਂਦਾ ਹੈ, ਤਾਂ ਕੀ ਇਹ ਸਾਡੇ ਦੇਸ਼ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਮ ਕਰਨ ਦੀ ਕਗਾਰ ’ਤੇ ਪਹੁੰਚ ਰਿਹਾ ਹੈ ਤਾਂ ਉਸ ਨੂੰ ਭਰਨ ਲਈ ਕੁਝ ਸਹਾਈ ਹੋ ਸਕਦਾ ਹੈ ? ਉਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ ਆਪਣਾ ਝੰਡਾ ਉਥੇ ਬੁਲੰਦ ਕਰ ਚੁੱਕੇ ਹਨ ਕੀ ਉਥੋਂ ਦੀ ਜੰਤਾਂ ਨੂੰ ਉਸਦਾ ਕੋਈ ਲਾਭ ਹਾਸਿਲ ਹੋਇਆ ਹੈ ? ਭਾਰਤ ਨੇ ਆਪਣਾ ਚੰਦਰਯਾਨ ਚੰਦਰਮਾਂ ਤੇ ਸਥਾਪਿਤ ਕੀਤਾ ਹੈ, ਕੀ ਸਾਡੇ ਦੇਸ਼ ਦੀ ਆਮ ਜੰਤਾ ਨੂੰ ਇਸਦਾ ਕੋਈ ਸਿੱਧੇ ਜਾਂ ਅਸਿੱਧੇ ਤੌਰ ਤੇ ਲਾਭ ਹਾਸਿਲ ਹੋ ਸਕੇਗਾ ? ਇਹ ਬੜੇ ਮਹਤੱਵਪੂਰਨ ਸਵਾਲ ਹਨ। ਜਿਸ ਦਾ ਜਵਾਬ ਹਰ ਕੋਈ ਨਹੀਂ ਵਿਚ ਹੀ ਦੇਵੇਗਾ। ਪੁਲਾੜ ਵਿਚ ਪਹੁੰਚ ਕੇ ਹੀ ਭਾਰਤ ਦੁਨੀਆ ਦੀ ਮਹਾਂਸ਼ਕਤੀ ਨਹੀਂ ਬਣ ਸਕਦਾ। ਮਹਾਂਸ਼ਕਤੀ ਅਸੀਂ ਉਸ ਸਮੇਂ ਆਪਣੇ ਆਪ ਹੀ ਬਣ ਜਾਵਾਂਗੇ ਜਦੋਂ ਸਾਡੇ ਦੇਸ਼ ਦੇ ਹਰ ਨਾਗਰਿਕ ਨੂੰ ਦੋ ਵਕਤ ਦਾ ਭੋਜਨ ਆਸਾਨੀ ਨਾਲ ਮਿਲਣ ਲੱਗ ਜਾਵੇਗਾ। ਸਰਕਾਰਾਂ ਨੂੰ ਲਾਲਚ ਵਜੋਂ ਕਿਸੇ ਫਿਰਕੇ ਨੂੰ ਮੁਫਤ ਵਿਚ ਰਾਸਨ ਵੰਡਣ ਦੀ ਲੋੜ ਮਹਿਸੂਸ ਨਹੀਂ ਹੋਵੇਗੀ। ਸਾਡੀ ਸਰਕਾਰ ਦੇਸ਼ ਵਿੱਚੋਂ ਬੇਰੋਜ਼ਗਾਰੀ, ਭੁੱਖਮਰੀ, ਭ੍ਰਿਸ਼ਟਾਚਾਰ ਅਤੇ ਨਸ਼ਾਖੋਰੀ ਨੂੰ ਖਤਮ ਕਰਨ ਦੇ ਯੋਗ ਹੋਵੇਗੀ। ਅਜੇ ਤੱਕ ਅਸੀਂ ਕੁਦਰਤੀ ਮੁਸੀਬਤਾਂ ਦਾ ਵੀ ਸਾਹਮਣਾ ਕਰਨ ਦੇ ਕਾਬਿਲ ਨਹੀਂ ਹੋ ਸਕੇ ਹਾਂ। ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਹੜ੍ਹ ਆਏ ਹੋਏ ਹਨ। ਸੈਂਕੜੇ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ, ਲੱਖਾਂ ਲੋਕ ਬੇਘਰ ਹੋ ਗਏ ਹਰ ਪਾਸੇ ਸਾਡੀਆਂ ਸਰਕਾਰਾਂ ਹੱਥ ਖੜ੍ਹੇ ਕਰ ਰਹੀਆਂ ਹਨ। ਜੇਕਰ ਦੇਸ਼ ਖੁਸ਼ ਰਹੇ ਤਾਂ ਅਸੀਂ ਆਪਣੇ ਆਪ ਹੀ ਵਿਸ਼ਵ ਦੀ ਮਹਾਂਸ਼ਕਤੀ ਬਨਣ ਵੱਲ ਵਧ ਸਕਦੇ ਹਾਂ। ਇਸ ਸਮੇਂ ਸਥਿਤੀ ਇਹ ਹੈ ਕਿ ਅਸੀਂ ਚੰਦਰਮਾ ’ਤੇ ਜਾ ਰਹੇ ਹਾਂ ਅਤੇ ਸਾਡੇ ਬੱਚੇ ਭਾਰਤ ਛੱਡ ਕੇ ਦੂਜੇ ਦੇਸ਼ਾਂ ’ਚ ਜਾ ਰਹੇ ਹਨ। ਸਰਕਾਰਾਂ ਅਤੇ ਰਾਜਨੀਤਿਕ ਲੋਕ ਇਹ ਸੁਪਨੇ ਦਿਖਾ ਰਹੇ ਹਨ ਕਿ ਚੰਦਰਯਾਨ ਨੂੰ ਚੰਦ ’ਤੇ ਭੇਜ ਕੇ ਭਾਰਤ ਦੀ ਆਰਥਿਕਤਾ ਮਜ਼ਬੂਤ ਹੋਵੇਗੀ, ਦੂਜੇ ਦੇਸ਼ ਪੁਲਾੜ ਲਈ ਭਾਰਤ ਤੋਂ ਮਦਦ ਲੈਣਗੇ। ਪਰ ਅਸਲੀਅਤ ਇਹ ਹੈ ਕਿ ਭਾਰਤ ਆਪਣੀ ਸੁਰੱਖਿਆ ਲਈ ਅਜੇ ਵੀ ਵਿਦੇਸ਼ਾਂ ਤੋਂ ਜਹਾਜ਼ ਖਰੀਦ ਰਿਹਾ ਹੈ। ਚੰਦਰਯਾਨ ਦੇ ਚੰਦਰਮਾਂ ਤੇ ਸਫਲਤਾਪੂਰਵਕ ਦਾਖਲ ਹੋਣ ਦੀ ਖੁਸ਼ੀ ਸਾਡੇ ਭਾਰਤੀਆਂ ਲਈ ਕਈ ਗੁਣਾ ਵੱਧ ਸਕਦੀ ਹੈ ਜਦੋਂ ਸਾਡੀ ਸਰਕਾਰ ਦੇਸ਼ ਦੇ ਲੋਕਾਂ ਦੇ ਭਲੇ ਲਈ ਸਿਰਫ ਦੋ ਕਦਮ ਹੀ ਵਧਾ ਦੇਵੇ। ਇਸ ਸਭ ਦੇ ਬਾਵਜੂਦ ਅਸੀਂ ਵੀ ਦੇਸ਼ ਦੀ ਸਰਕਾਰ ਅਤੇ ਵਿਗਿਆਨੀਆਂ ਨੂੰ ਚੰਦਰਯਾਨ ਦੀ ਇਸ ਭਾਰੀ ਸਫਲਤਾ ਲਈ ਵਧਾਈ ਦਿੰਦੇ ਹਾਂ। ਸਮੁੱਚਾ ਦੇਸ਼ ਊਸ ਦਿਨ ਸਰਕਾਰ ਲਈ ਖੜੇ ਹੋ ਕੇ ਦੋਵੇਂ ਹੱਥਾਂ ਨਾਲ ਤਾਲੀ ਵਜਾਏਗਾ ਜਿਸ ਦਿਨ ਸਾਡੀ ਸਰਕਾਰ ਦੇਸ਼ ਵਾਸੀਆਂਨੂੰ ਉਨ੍ਹਾਂ ਦੀਆਂ ਬੁਨੀਆਦੀ ਜਰੂਰਤਾਂ ਹਾਸਿਲ ਕਰਨ ਦੇ ਸਮਰੱਥ ਕਰ ਸਕੇਦੀ। ਉਹ ਦਿਨ ਸ਼ਾਇਦ ਅਜੇ ਬਹੁਤ ਦੂਰ ਹੈ ਅਤੇ ਸ਼ਾਇਦ ਅਸੀਂ ਦੇਸ਼ ਵਾਸੀਆਂ ਦਾ ਉਹ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਪੁਲਾੜ ਦੇ ਕਈ ਹੋਰ ਗ੍ਰਹਿਆਂ ਤੱਕ ਵੀ ਪਹੁੰਚ ਜਾਈਏ।
ਹਰਵਿੰਦਰ ਸਿੰਘ ਸੱਗੂ।