ਜਗਰਾਓਂ, 24 ਅਗਸਤ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੰਜਾਬ ਭਰ ਚ ਨਸ਼ਿਆਂ ਦੇ ਮਾਰੂ ਹੱਲੇ ਦੀ ਬੇਕਿਰਕ ਮਾਰ ਚ ਛਟਪਟਾ ਰਹੀ ਤੇ ਬਜੁਰਗ ਬਾਪੂਆਂ ਦੇ ਮੋਢਿਆਂ ਤੇ ਸਿਵਿਆਂ ਨੂੰ ਜਾ ਰਹੀ ਜਵਾਨੀ ਨੂੰ ਬਚਾਉਣ ਲਈ ਹਰ ਜਮੀਰਪਸੰਦ ਨੂੰ ਅੱਗੇ ਆਉਣਾ ਹੋਵੇਗਾ। ਇਹ ਵਿਚਾਰ ਅੱਜ ਇਥੇ ਸਾਂਝੇ ਕਰਦਿਆ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਦੇ ਗੁਰਮੇਲ ਸਿੰਘ ਰੂਮੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜੋਗਿੰਦਰ ਸਿੰਘ ਬਜੁਰਗ, ਪੇੰਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਸੁਖਦੇਵ ਸਿੰਘ ਭੂੰਦੜੀ,ਮਦਨ ਸਿੰਘ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਲਤੋਂ, ਪੈਨਸ਼ਨਰਜ ਐਸੋਸੀਏਸ਼ਨ ਦੇ ਆਗੂ ਜਗਦੀਸ਼ ਸਿੰਘ ਕਾਉਂਕੇ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ , ਤਰਕਸ਼ੀਲ ਸੁਸਾਇਟੀਪੰਜਾਬ ਦੇ ਆਗੂ ਸੁਰਜੀਤ ਦੋਧਰ ਨੇ ਕਿਹਾ ਕਿ ਪੂਰੇ ਪੰਜਾਬ ਚ ਸਮੇਤ ਲੁਧਿਆਣਾ ਜਿਲੇ ਚ ਜਵਾਨੀ ਹਨੇਰੇ ਭਵਿੱਖ ਦੀ ਮਾਰੀ ਪ੍ਰਵਾਸ ਤਾਂ ਕਰ ਹੀ ਰਹੀ ਹੈ ਚਿੱਟੇ ਨਾਂ ਦੇ ਨਸ਼ੇ ਵਲੋਂ ਪੰਜਾਬ ਨੂੰ ਬੁਰੀ ਤਰਾਂ ਬਰਬਾਦੀ ਵੱਲ ਧੱਕਿਆ ਜਾ ਰਿਹਾ ਹੈ । ਉਨਾਂ ਕਿਹਾ ਕਿ ਪੰਜਾਬ ਦੀ ਹਕੂਮਤ ਇਸ ਅਤਿਅੰਤ ਖਤਰਨਾਕ ਹਮਲੇ ਨੂੰ ਰੋਕਣ ਤੋਂ ਅਸਮਰਥ ਹੈ। ਸਿਆਸੀ ਲੀਡਰ, ਪੁਲਸ ਤੇ ਸਮਗਲਰਾਂ ਦਾ ਗੱਠਜੋੜ ਹਰ ਰੋਜ ਜਵਾਨੀ ਦਾ ਕਤਲ ਕਰ ਰਿਹਾ ਹੈ ਇਸਨੂੰ ਰੋਕਣਾ ਤੇ ਪੱਕੇ ਹਲ ਵਲ ਪੰਜਾਬ ਨੂੰ ਤੋਰਨ ਦੀ ਮੁਹਿੰਮ ਪੰਜਾਬ ਭਰ ਦੇ ਪਿੰਡਾਂ ਚ ਤੁਰ ਪਈ ਹੈ। ਲੁਧਿਆਣਾ ਜਿਲੇ ਚ ਨਸ਼ਾ ਵਿਰੋਧੀ ਮੁਹਿੰਮ ਲਈ ਸਾਂਝੀ ਕਮੇਟੀ, ਸਾਂਝੀ ਮੁਹਿੰਮ ਅਤੇ ਪਿੰਡ ਪਿੰਡ ਸਾਂਝੀਆਂ ਕਮੇਟੀਆਂ ਬਨਾਉਣ ਲਈ 27 ਅਗਸਤ ਦਿਨ ਐਤਵਾਰ ਸਵੇਰੇ ਦਸ ਵਜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਜਗਰਾਂਓ ਵਿਖੇ ਰਖੀ ਸਮੂਹ ਕਿਸਾਨ ਮਜਦੂਰ ਤੇ ਜਮਹੂਰੀ ਜਨਤਕ ਜਥੇਬੰਦੀਆਂ ਨੂੰ ਸਮੇਂ ਸਿਰ ਪੰਹੁਚਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਮੀਟਿੰਗ ਉਪਰੰਤ ਕੋਠੀ ਮਸਲੇ ਤੇ ਐਕਸ਼ਨ ਕਮੇਟੀ ਦੀ ਮੀਟਿੰਗ ਚ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਬਣੀ ਤਾਜਾ ਸਥਿਤੀ ਤੇ ਵਿਚਾਰ ਕਰਨ ਅਤੇ ਅਗਲੀ ਰਣਨੀਤੀ ਉਲੀਕਣ ਲਈ ਮੀਟਿੰਗ ਕੀਤੀ ਜਾਵੇਗੀ।