15 ਪੇਟੀਆਂ ਸ਼ਰਾਬ ਬਰਾਮਦ, ਮੁਲਜ਼ਮ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ
ਜਗਰਾਉਂ, 24 ਅਗਸਤ ( ਬੌਬੀ ਸਹਿਜਲ, ਧਰਮਿੰਦਰ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਸਵਿਫ਼ਟ ਗੱਡੀ ’ਚ ਸ਼ਰਾਬ ਸਪਲਾਈ ਕਰਨ ਜਾ ਰਹੇ ਇੱਕ ਵਿਅਕਤੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਜਦਕਿ ਉਸਦਾ ਦੂਜਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪੁਲ ਡਰੇਨ ਪਿੰਡ ਗਗੜਾ ਵਿਖੇ ਚੈਕਿੰਗ ਲਈ ਮੌਜੂਦ ਸਨ। ਉੱਥੇ ਇਤਲਾਹ ਮਿਲੀ ਕਿ ਰਾਜਵੰਤ ਸਿੰਘ ਉਰਫ ਰਾਜ ਵਾਸੀ ਪਿੰਡ ਗੁੜੇ ਅਤੇ ਅਮਰਿੰਦਰ ਸਿੰਘ ਉਰਫ ਅਮਨ ਵਾਸੀ ਮੋਹਾਲੀ ਵੱਡੇ ਪੱਧਰ ’ਤੇ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਜੋ ਇੱਕ ਸਵਿਫਟ ਕਾਰ ਵਿੱਚ ਸ਼ਰਾਬ ਲੱਦ ਕੇ ਗੁੜੇ ਤੋਂ ਸਿੱਧਵਾਂ ਕਲਾਂ ਵਾਇਆ ਪਿੰਡ ਸੋਹੀਆਂ ਵੱਲ ਨੂੰ ਜਾ ਰਹੇ ਹਨ। ਇਸ ਸੂਚਨਾ ’ਤੇ ਜੀ.ਟੀ.ਰੋਡ ਪਿੰਡ ਸੋਹੀਆਂ ਦੇ ਨਜ਼ਦੀਕ ਬੱਸ ਸਟੈਂਡ ’ਤੇ ਨਾਕਾਬੰਦੀ ਕਰਕੇ ਸਵਿਫਟ ਕਾਰ ’ਚ ਸ਼ਰਾਬ ਲੈ ਕੇ ਜਾ ਰਹੇ ਰਾਜਵੰਤ ਸਿੰਘ ਉਰਫ਼ ਰਾਜ ਨੂੰ ਕਾਬੂ ਕੀਤਾ ਗਿਆ, ਜਦਕਿ ਅਮਰਿੰਦਰ ਸਿੰਘ ਉਰਫ਼ ਅਮਨ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ। ਗੱਡੀ ਦੀ ਚੈਕਿੰਗ ਕਰਨ ’ਤੇ ਉਸ ਵਿੱਚੋਂ 15 ਪੇਟੀਆਂ (180 ਬੋਤਲਾਂ) ਦੇਸੀ ਮਾਰਕਾ ਏ.ਸੀ.111 ਵਿਸਕੀ ਬਰਾਮਦ ਹੋਈਆਂ। ਦੋਵਾਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਰਾਜਵੰਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਚਾਰ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।