ਲੁਧਿਆਣਾ, 14 ਅਪ੍ਰੈਲ ( ਵਿਕਾਸ ਮਠਾੜੂ, ਮੋਹਿਤ ਜੈਨ)-ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ 133ਵੇਂ ਜਨਮ ਦਿਨ ਮੌਕੇ ਅੰਬੇਡਕਰ ਨਵਯੁਕਤ ਦਲ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਡਾ: ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸਾ ਨਗਰੀ ਪੁਲੀ ਤੋਂ ਸ਼ੁਰੂ ਹੋ ਕੇ ਚਰਚ ਚੌਂਕ, ਸੀ.ਐਮ.ਸੀ ਹਸਪਤਾਲ ਚੌਂਕ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਾਬਾ ਥਾਨ ਸਿੰਘ ਚੌਂਕ, ਡਵੀਜ਼ਨ ਨੰਬਰ 3, ਅਹਾਤਾ ਸ਼ੇਰ ਜੰਗ, ਖਵਾਜਾ ਚੌਂਕ, ਨਿੰਮ ਵਾਲਾ ਚੌਂਕ, ਸੁਭਾਨੀ ਬਿਲਡਿੰਗ, ਫੀਲਡ ਗੰਜ, ਜਗਰਾਉਂ ਪੁਲ, ਪੁਰਾਣੀ ਜੀ.ਟੀ ਰੋਡ, ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਚਾਂਦ ਸਿਨੇਮਾ, ਸਲੇਮ ਟਾਬਰੀ ਤੋਂ ਹੁੰਦੀ ਹੋਈ ਜਲੰਧਰ ਬਾਈਪਾਸ ਸਥਿਤ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਸਮਾਪਤ ਹੋਈ।
ਇਸ ਤੋਂ ਪਹਿਲਾਂ, ਸ਼ੋਭਾ ਯਾਤਰਾ ਦੀ ਸ਼ੁਰੂਆਤ ਡਾ ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਦੇ ਆਯੋਜਨ ਨਾਲ ਹੋਈ। ਜਿੱਥੋਂ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਵੱਡੀ ਗਿਣਤੀ ਵਿਚ ਲੋਕ ਬੈਂਡ ਵਾਜਿਆਂ, ਘੋੜਾ ਗੱਡੀਆਂ, ਟਰੈਕਟਰ ਟਰਾਲੀਆਂ, ਆਟੋ ਰਿਕਸ਼ਾ ਆਦਿ ਵਾਹਨਾਂ ‘ਤੇ ਸਵਾਰ ਹੋਣ ਦੇ ਨਾਲ ਨਾਲ ਪੈਦਲ ਵੀ ਚੱਲ ਰਹੇ ਸਨ। ਸ਼ੋਭਾ ਯਾਤਰਾ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਸਵਾਗਤੀ ਗੇਟ ਅਤੇ ਲੰਗਰ ਲਗਾਏ ਗਏ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੀਵ ਕੁਮਾਰ ਲਵਲੀ ਅਤੇ ਬੰਸੀ ਲਾਲ ਪ੍ਰੇਮੀ ਨੇ ਦੱਸਿਆ ਕਿ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ‘ਤੇ ਹਰ ਸਾਲ ਅੰਬੇਡਕਰ ਨਵਯੁਵਕ ਦਲ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਸਮਾਜ ਦੇ ਹਰ ਵਰਗ ਨੂੰ ਦੇਣ ਹੈ। ਜਿਨ੍ਹਾਂ ਨੇ ਨਾ ਸਿਰਫ਼ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਬਰਾਬਰੀ ਦੇ ਹੱਕ ਦਿੱਤੇ। ਸਗੋਂ ਔਰਤਾਂ ਅਤੇ ਹੋਰ ਵਰਗਾਂ ਦੀ ਤਰੱਕੀ ਲਈ ਵੀ ਕੰਮ ਕੀਤਾ। ਉਨ੍ਹਾਂ ਵੱਲੋਂ ਦਿੱਤੀ ਸਿੱਖਿਆ ’ਤੇ ਚੱਲਦਿਆਂ ਅੱਜ ਸਮਾਜ ਤਰੱਕੀ ਵੱਲ ਵਧ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਨੂੰ ਅਮਰੀਕਾ ਵੱਲੋਂ ਵਿਸ਼ਵ ਸਿੱਖਿਆ ਦਿਵਸ ਐਲਾਨੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਇਹ ਐਲਾਨ ਸਾਬਤ ਕਰਦਾ ਹੈ ਕਿ ਪੱਛਮੀ ਦੇਸ਼ ਵੀ ਬਾਬਾ ਸਾਹਿਬ ਅੰਬੇਡਕਰ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਮਾਜਿਕ ਉੱਨਤੀ ਵੱਲ ਵਧ ਰਹੇ ਹਨ। ਉਨ੍ਹਾਂ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ‘ਤੇ ਜੋਰ ਦੇਣ ਲਈ ਸਾਰਿਆਂ ਨੂੰ ਪ੍ਰੇਰਿਆ, ਜਿਨ੍ਹਾਂ ਨੇ ਸਿੱਖਿਆ ਨੂੰ ਸ਼ੇਰਨੀ ਦਾ ਦੁੱਧ ਦੱਸਿਆ ਸੀ।
ਉਨ੍ਹਾਂ ਸਮਾਗਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਭਾਈਵਾਲ ਸੰਸਥਾਵਾਂ ਦਾ ਧੰਨਵਾਦ ਕੀਤਾ। ਜਿੱਥੇ ਹੋਰਨਾਂ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਅਹਾਤਾ ਸ਼ੇਰਜੰਗ ਦੇ ਮੁਖੀ ਰਾਮਜੀ ਦਾਸ, ਐਡਵੋਕੇਟ ਆਰ.ਐਲ. ਸੁਮਨ, ਦਲ ਦੇ ਉਪ ਪ੍ਰਧਾਨ ਲਲਨ ਬੋਧ, ਐਡਵੋਕੇਟ ਇੰਦਰਜੀਤ ਸਿੰਘ, ਬ੍ਰਿਜ ਲਾਲ, ਮਨੋਜ ਕੁਮਾਰ, ਚੰਦਰਿਕਾ ਪ੍ਰਸਾਦ ਰਾਓ, ਸੰਜੇ ਕੁਮਾਰ, ਡਾ: ਸੰਜੀਤ, ਵਿਵੇਕਾਨੰਦ, ਓਮ ਪ੍ਰਕਾਸ਼, ਜੈ ਪ੍ਰਕਾਸ਼, ਪ੍ਰੇਮ ਸੋਹਲ, ਚਰਨਜੀਤ ਸਿੰਘ ਥਰੀਕੇ, ਪਰਵਿੰਦਰ ਸਿੰਘ ਟਿੱਬਾ ਰੋਡ ਆਦਿ ਹਾਜ਼ਰ ਸਨ |