ਜਗਰਾਉਂ, 14 ਅਪ੍ਰੈਲ ( ਅਸ਼ਵਨੀ, ਧਰਮਿੰਦਰ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲਾ ਲੁਧਿਆਣਾ ਦਾ ਇਜਲਾਸ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਜਗਰਾਉਂ ਸਥਿਤ ਯਾਦਗਾਰੀ ਹਾਲ ਵਿੱਚ ਹੋਇਆ। ਇਜਲਾਸ ਵਿੱਚ ਇਲਾਕਾ ਕਮੇਟੀਆਂ ਤੋਂ ਇਲਾਵਾ ਚੁਣੇ ਹੋਏ ਕਿਸਾਨ 39 ਚੁਣੇ ਹੋਏ ਡੈਲੀਗੇਟ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਕਰਮਜੀਤ ਸਿੰਘ ਕਾਉਂਕੇ ਕਲਾਂ, ਤੇਜ ਸਿੰਘ ਆਖਾੜਾ, ਅਮਰਜੀਤ ਸਿੰਘ ਚੱਕ ਭਾਈਕੇ ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਚੋਣ ਕੀਤੀ ਗਈ। ਇਸ ਉਪਰੰਤ ਲੋਕ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਂਜਲੀ ਅਰਪਨ ਕੀਤੀ ਗਈ। ਫ਼ੇਰ ਬਾਕਾਇਦਾ ਰੂਪ ਵਿੱਚ ਇਜਲਾਸ ਦੀ ਕਾਰਵਾਈ ਸ਼ੁਰੂ ਹੋਈ ਸੀ।
ਇਜਲਾਸ ਵਿੱਚ ਸ਼ਾਮਿਲ ਵੱਖ ਵੱਖ ਡੈਲੀਗੇਟਾਂ ਨੇ ਪਿਛਲੇ ਸਮੇਂ ਦੀਆਂ ਸਰਗਰਮੀਆਂ ਸੰਬੰਧੀ ਪੇਸ਼ ਕੀਤੀ ਸੀ ਰਿਪੋਰਟ ਉੱਪਰ ਵਿਚਾਰ ਚਰਚਾ ਵਿੱਚ ਹਿੱਸਾ ਲਿਆ।
ਮੁੱਖ ਤੌਰ ਤੇ ਸ਼ੋਸ਼ਲ ਮੀਡੀਆ ਅੰਦਰ ਦਿੱਲੀ ਮੋਰਚੇ ਦੇ ਫੰਡਾਂ ਦੇ ਤਸੱਲੀਬਖਸ਼ ਤਰੀਕੇ ਨਾਲ ਹਿਸਾਬ ਨਾ ਦੇਣਾ ਚਰਚਾ ਵਿੱਚ ਆਇਆ। ਬੁਲਾਰਿਆਂ ਨੇ ਅਜਿਹੇ ਚਰਚਿਤ ਘਪਲਿਆਂ ਨੂੰ ਘੁਣ ਜੋ ਚੰਗੀ ਭਲੀ ਲੱਕੜ ਨੂੰ ਖਾ ਜਾਂਦਾ ਹੈ ਨਾਲ ਤੁਲਨਾ ਕੀਤੀ। ਇਸ ਸੰਬੰਧੀ ਬੋਲਦੇ ਹੋਏ ਕਿ ਕਿ ਯੂ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਦੋਸ਼ ਲੱਗਣੇ ਲੋਕ ਲਹਿਰ ਦੀ ਉਸਾਰੀ ਵਿੱਚ ਰੁਕਾਵਟਾਂ ਖੜ੍ਹੀਆਂ ਕਰਦੇ ਹਨ। ਕਿ ਕਿ ਯੂ ਪੰਜਾਬ ਦਾ ਪੰਜਾਹਾਂ ਵਰ੍ਹਿਆਂ ਦਾ ਮਾਣਮੱਤਾ ਇਤਿਹਾਸ ਗਵਾਹ ਹੈ ਕਿ ਜੱਥੇਬੰਦੀ ਅਜਿਹੇ ਦੋਸ਼ਾਂ ਤੋਂ ਮੁਕਤ ਹੈ।
ਜਗਰਾਉਂ ਵਿਖੇ 21 ਮਈ ਨੂੰ ਹੋ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਵੱਖ ਵੱਖ ਪਿੰਡਾਂ ਨੂੰ ਕੋਟੇ ਲਾਏ ਗਏ।
ਅਖੀਰ ਵਿੱਚ ਕਰਮਜੀਤ ਸਿੰਘ ਕਾਉਂਕੇ ਕਲਾਂ ਜਿਲ੍ਹਾ ਪਰਧਾਨ, ਤੇਜ ਸਿੰਘ ਆਖਾੜਾ ਜਿਲ੍ਹਾ ਸਕੱਤਰ ਅਤੇ ਅਮਰਜੀਤ ਸਿੰਘ ਚੱਕ ਭਾਈਕੇ ਵਿੱਤ ਸਕੱਤਰ ਸਮੇਤ 9 ਮੈਂਬਰੀ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਪਾਸ ਮਤਿਆਂ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਪਾਰਸ਼ਾਂ ਅਨੁਸਾਰ ਸੀ ਦੋ+50 ਆਧਰਿਤ ਖਰੀਦ ਦੀ ਗਰੰਟੀ ਕਰਦਾ ਕਾਨੂੰਨ ਬਣਾਉਣ, ਕਿਸਾਨ ਮਜਦੂਰਾਂ ਸਿਰ ਚੜਿਆ ਕਰਜ਼ਾ ਖਤਮ ਕਰਨ, ਕੁਦਰਤੀ ਆਫਤ ਸਮੇਂ ਪੂਰਾ ਮੁਆਵਜ਼ਾ ਦੇਣਾ ਕਾਨੂੁੰਨੀ ਤੌਰ ਤੇ ਜਰੂਰੀ ਕਰਨ, ਖੇਤੀ ਖਰਚੇ ਘੱਟ ਕਰਨ ਆਦਿ ਮੰਗਾ ਦੀ ਪੂਰਤੀ ਕਰਨ ਉੱਪਰ ਜੋਰ ਦਿੱਤਾ ਗਿਆ।