ਜਗਰਾਉਂ, 14 ਜੁਲਾਈ ( ਭਗਵਾਨ ਭੰਗੂ, ਜਗਰੂਪ ਸੋਹੀ)-ਸੱਤ੍ਹਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਹਲਕਾ ਵਿਧਾਇਕਾ ਜਗਰਾਉਂ ਦੀ ਮਿਲੀਭੁਗਤ ਨਾਲ ਐਨਆਰਆਈ ਪਰਿਵਾਰ ਦੀ ਸੁੰਨੀ ਪਈ ਕੋਠੀ ਦਾ ਜਾਅਲ੍ਹਸਾਜੀ ਢੰਗ ਤਰੀਕਿਆਂ ਨਾਲ ਇੰਤਕਾਲ ਤੇ ਕਬਜ਼ਾ ਕਰਨ ਦੇ ਵਿਰੋਧ ‘ਚ ਅਤੇ ਐਨਆਰਆਈ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਸੰਗਠਿਤ ‘ਐਨਆਰਆਈ ਜਾਇਦਾਦ ਬਚਾਓ ਐਕਸਨ ਕਮੇਟੀ’ ਦੀ ਮੀਟਿੰਗ ਅੱਜ ਕਾਮਰੇਡ ਭਰਪੂਰ ਸਿੰਘ ਸਵੱਦੀ ਦੀ ਪ੍ਰਧਾਨਗੀ ਹੇਠ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਜਗਰਾਉਂ ਵਿਖੇ ਹੋਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੰਵਲਜੀਤ ਖੰਨਾ, ਜਗਸੀਰ ਸਿੰਘ ਢੁੱਡੀਕੇ, ਸੁਖਦੇਵ ਸਿੰਘ ਭੂੰਦੜੀ, ਜਗਤਾਰ ਸਿੰਘ ਦੇਹੜਕਾ, ਗੁਰਮੇਲ ਸਿੰਘ ਰੂਮੀ, ਚਮਕੌਰ ਸਿੰਘ ਬਰਮੀ, ਜਗਦੀਸ਼ ਸਿੰਘ ਕਾਉਂਕੇ, ਸੁਰਜੀਤ ਸਿੰਘ ਦੌਧਰ,ਰਾਮਸ਼ਰਨ ਸਿੰਘ, ਦੇਵਿੰਦਰ ਸਿੰਘ, ਜਗਦੇਵ ਸਿੰਘ ਅਤੇ ਸੁਰਜੀਤ ਸਿੰਘ ਸਵੱਦੀ ਆਦਿ ਹਾਜ਼ਰ ਹੋਏ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਐਕਸ਼ਨ ਕਮੇਟੀ ਮੈਂਬਰ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਕਾਫੀ ਵਿਚਾਰ-ਵਿਟਾਂਦਰੇ ਤੋਂ ਬਾਅਦ ਪੰਜਾਬ ਵਿੱਚ ਬਣੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਜਿਸ ਵਿੱਚ ਜੱਥੇਬੰਦੀਆਂ ਤੇ ਪ੍ਰਸ਼ਾਸਨ ਹੜ੍ਹ ਪੀੜਤਾਂ ਦੀ ਮਦੱਦ ਵਿਚ ਰੁੱਝੇ ਹੋਣ ਕਰਕੇ, ਐਨਆਰਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ ਦੇ ਸੱਦੇ ਤੇ 17 ਜੁਲਾਈ ਨੂੰ ਐਸਐਸਪੀ ਲੁਧਿਆਣਾ ਦਿਹਾਤੀ ਦੇ ਦਫ਼ਤਰ ਦਾ ਘਿਰਾਓ ਦੀ ਤਾਰੀਖ਼ ਬਦਲ ਕੇ 31ਜੁਲਾਈ ਕੀਤੀ ਗਈ। ਮੀਟਿੰਗ ਵਿੱਚ ਕੋਠੀ ਨੱਪਣ ਦੇ ਮਸਲੇ ਬਾਰੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਧਾਰਨ ਕੀਤੇ ਪੱਖਪਾਤੀ ਰਵੱਈਏ ਦੀ ਨਿੰਦਾ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਫ਼ਦ ਵੱਲੋਂ ਜੱਥੇਬੰਦੀਆਂ ਖਿਲਾਫ ਵਰਤੀ ਨਿੰਦਣਯੋਗ ਸ਼ਬਦਾਵਲੀ ਐਨਆਰਆਈ ਪਰਿਵਾਰ ਤੇ ਪਰਚਾ ਦਰਜ਼ ਕਰਵਾਉਣ ਦੀ ਧਮਕੀ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਐਕਸ਼ਨ ਕਮੇਟੀ ਤਰਫੋਂ ਸਮੂਹ ਪੰਜਾਬੀਆਂ ਨੂੰ “ਕੱਟੜ-ਇਮਾਨਦਾਰਾਂ” ਦੀ ਹਕੂਮਤ ਦੇ ਮੋਹਤਵਰ ਨੁੰਮਾਇੰਦਿਆ ਵੱਲੋਂ ਐਨਆਰਆਈ ਪਰਿਵਾਰ ਦੀ ਕੋਠੀ ਨੱਪ ਕੇ ਕੀਤੇ ਵਿਸ਼ਵਾਸਘਾਤ ਦੇ ਵਿਰੁੱਧ ਅਤੇ ਇਸ ਜਾਅਲਸਾਜੀ ਗਰੋਹ ਉਪਰ ਸਖ਼ਤ ਕਾਰਵਾਈ ਕਰਵਾਉਣ ਲਈ ਐਸਐਸਪੀ ਦਫ਼ਤਰ ਦੇ ਘਿਰਾਓ ਵਿੱਚ ਸ਼ਾਮਿਲ ਹੋਣ ਲਈ ਰੇਲਵੇ ਪੁਲ ਹੇਠਾਂ ਨੇੜੇ ਕਰਨੈਲ ਗੇਟ ਜਗਰਾਉਂ ਵਿਖੇ 31 ਜੁਲਾਈ ਨੂੰ ਸਵੇਰੇ 10-30 ਕਾਫ਼ਲੇ ਬੰਨ੍ਹ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ।