ਭਵਾਨੀਗੜ੍ਹ (ਅਸਵਨੀ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਚੌਕ ਦੀ ਅਗਵਾਈ ਹੇਠ ਅੱਜ ਇੱਥੇ ਅਜੀਤ ਨਗਰ ਵਿਖੇ ਕਿਸਾਨਾਂ ਨੇ ਧਰਨਾ ਦੇ ਇਕ ਮਜ਼ਦੂਰ ਪਰਿਵਾਰ ਦੇ ਘਰ ਦਾ ਵਾਰੰਟ ਕਬਜ਼ਾ ਰੁਕਵਾਇਆ ਜਿਸ ਕਾਰਨ ਮੌਕੇ ‘ਤੇ ਪੁੱਜੇ ਕੰਪਨੀ ਦੇ ਅਧਿਕਾਰੀਆਂ ਨੂੰ ਕੋਈ ਕਾਰਵਾਈ ਕੀਤੇ ਵਗੈਰ ਖਾਲੀ ਹੱਥ ਵਾਪਸ ਮੁੜਨਾ ਪਿਆ।
ਮਾਮਲੇ ਸਬੰਧੀ ਕਿਸਾਨ ਆਗੂ ਹਰਜੀਤ ਸਿੰਘ ਨੇ ਦੱਸਿਆ ਕਿ ਸਾਲ 2015 ਗ਼ਰੀਬ ਮਜ਼ਦੂਰ ਧਰਮ ਸਿੰਘ ਵਾਸੀ ਭਵਾਨੀਗੜ੍ਹ ਦੇ ਪਰਿਵਾਰ ਨੇ ਕਿਸੇ ਮਜਬੂਰੀ ਵਿੱਚ ਇਕ ਨਿੱਜੀ ਫਾਈਨਾਂਸ ਕੰਪਨੀ ਕੋਲੋਂ 9 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸਨੂੰ ਕੰਪਨੀ ਨੇ ਵਿਆਜ ਸਮੇਤ ਲੱਗਭਗ 32 ਲੱਖ ਰੁਪਏ ਬਣਾ ਦਿੱਤਾ। ਫਿਰ ਵੀ ਮਜ਼ਦੂਰ ਧਰਮ ਸਿੰਘ ਨੇ ਉਕਤ ਰਕਮ ‘ਚੋਂ ਲੱਗਭੱਗ 10 ਲੱਖ ਰੁਪਏ ਫਾਇਨਾਂਸ ਕੰਪਨੀ ਨੂੰ ਵਾਪਸ ਕਰ ਦਿੱਤੇ ਸਨ, ਪੰ੍ਤੂ ਇਸ ਉਪਰੰਤ ਪਰਿਵਾਰ ਤੋਂ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਭਰੀਆਂ ਗਈਆਂ ਤਾਂ ਫਾਇਨਾਂਸ ਕੰਪਨੀ ਨੇ ਅਦਾਲਤ ਵਿਚ ਕੇਸ ਲਾ ਕੇ ਉਕਤ ਮਜ਼ਦੂਰ ਪਰਿਵਾਰ ਦੇ ਘਰ ਦੀ ਕੁਰਕੀ ਦੇ ਆਰਡਰ ਕਰਵਾ ਦਿੱਤੇ। ਜਿਸ ਸਬੰਧੀ ਮੰਗਵਾਰ ਨੂੰ ਵਾਰੰਟ ਕਬਜ਼ਾ ਲੈਣ ਲਈ ਸਬੰਧਤ ਫਾਇਨਾਂਸ ਕੰਪਨੀ ਦੇ ਅਧਿਕਾਰੀ ਮੌਕੇ ‘ਤੇ ਪੁੱਜੇ ਸਨ ਤਾਂ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ। ਜਿਸ ਕਾਰਨ ਕੰਪਨੀ ਦੇ ਅਧਿਕਾਰੀਆਂ ਨੂੰ ਵਾਰੰਟ ਕਬਜ਼ੇ ਦੀ ਕਾਰਵਾਈ ਕੀਤੇ ਬਿਨਾਂ ਬੇਰੰਗ ਮੁੜਨਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਮਜ਼ਦੂਰ ਪਰਿਵਾਰ ਅੱਜ ਵੀ ਮਿਲ ਬੈਠ ਕੇ ਮਾਮਲਾ ਨਿਬੇੜਨ ਦੇ ਲਈ ਤਿਆਰ ਹੈ, ਪੰ੍ਤੂ ਫਾਈਨਾਂਸ ਕੰਪਨੀ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਦੀ ਉਹ ਨਿਖੇਧੀ ਕਰਦੇ ਹਨ। ਇਸ ਮੌਕੇ ਕਿਸਾਨਾਂ ਨੇ ਫਾਇਨਾਂਸ ਕੰਪਨੀ ਤੇ ਉਨ੍ਹਾਂ ਦੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਬਲਾਕ ਆਗੂ ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ, ਰਘਵੀਰ ਸਿੰਘ ਘਰਾਚੋੰ, ਗੁਰਚੇਤ ਸਿੰਘ ਭੱਟੀਵਾਲ, ਅਮਨਦੀਪ ਸਿੰਘ ਮਹਿਲਾ ਚੌਕ ਸਮੇਤ ਬਲਾਕ ਦੀਆਂ ਵੱਖ-ਵੱਖ ਪਿੰਡ ਇਕਾਈਆਂ ਦੇ ਕਿਸਾਨ ਵਰਕਰ ਹਾਜ਼ਰ ਸਨ।