ਸੰਗਰੂਰ (ਵਿਕਾਸ ਮਠਾੜੂ) ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ 16 ਕਿਸਾਨ ਜਥੇਬੰਦੀਆਂ ਦੇ ਤਾਲਮੇਲ ਕੇਂਦਰ ਦੇ ਸੱਦੇ ਤਹਿਤ ਪੁਲਿਸ ਥਾਣਾ ਲੌਂਗੋਵਾਲ ਦੇ ਅੱਗੇ ਦੂਜੇ ਦਿਨ ਵੀ ਵੱਡੀ ਗਿਣਤੀ ‘ਚ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿ ਪੰਜਾਬ ਸਰਕਾਰ ਹੜ੍ਹਾਂ ਤੋਂ ਪੀੜਤ ਪਰਿਵਾਰਾਂ ਨੂੰ ਫੌਰੀ ਮੁਆਵਜ਼ਾ ਵੰਡਣ ਵਿਚ ਅਸਫਲ ਰਹੀ ਹੈ। ਸਗੋਂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਕੇ ਮੁਆਵਜ਼ਾ ਰਾਸ਼ੀ ਵਧਾਉਣ ਅਤੇ ਬਾਸਮਤੀ ਫਸਲ ਤੇ ਐੱਮਐੱਸਪੀ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਚ ਅਣਮਿੱਥੇ ਸਮੇਂ ਲਈ ਸੰਘਰਸ਼ ਕਰਕੇ ਮੰਗਾਂ ਮਨਵਾਉਣ ਦਾ ਫੈਸਲਾ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਲੌਂਗੋਵਾਲ ਵਿਚ ਭਾਰੀ ਲਾਠੀਚਾਰਜ ਕਰਕੇ ਦਰਜਨਾਂ ਕਿਸਾਨਾਂ ਨੂੰ ਫੱਟੜ ਕੀਤਾ ਤੇ ਇਕ ਕਿਸਾਨ ਪ੍ਰਰੀਤਮ ਸਿੰਘ ਮੰਡੇਰ ਕਲਾਂ ਦੀ ਮੌਤ ਹੋ ਚੁੱਕੀ ਹੈ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ, ਅੌਰਤ ਵਿੰਗ ਦੀ ਆਗੂ ਬਲਜੀਤ ਕੌਰ ਕਿਲਾ ਭਰੀਆਂ, ਗੁਰਪ੍ਰਰੀਤ ਕੌਰ ਬਰਾਸ ਤੇ ਦਵਿੰਦਰ ਕੌਰ ਹਰਦਾਸਪੁਰ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਮਹਿਮਾਂ, ਬੂਟਾ ਸਿੰਘ ਸਾਦੀਪੁਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਬਲਵਿੰਦਰ ਸਿੰਘ, ਰਾਜੂ ਮਾਝਾ ਕਿਸਾਨ ਸੰਘਰਸ਼ ਕਮੇਟੀ, ਲਖਵੀਰ ਸਿੰਘ ਲੌਂਗੋਵਾਲ ਸੂਬਾ ਆਗੂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਬਲਵੀਰ ਸਿੰਘ ਲੌਂਗੋਵਾਲ ਸੂਬਾ ਆਗੂ ਡੀਟੀਐਫ, ਜੁਝਾਰ ਸਿੰਘ ਲੌਂਗੋਵਾਲ, ਜੰਗਵੀਰ ਸਿੰਘ ਚੌਹਾਨ, ਬਿੰਦਰ ਸਿੰਘ ਗੋਲੇਵਾਲ, ਬਲਵਿੰਦਰ ਸਿੰਘ ਮੱਲੀ ਨੰਗਲ, ਨਛੱਤਰ ਸਿੰਘ, ਸੁਖ ਸਿੰਘ, ਮਲੂਕ ਸਿੰਘ ਹਰੀਕੇ, ਸਤਨਾਮ ਸਿੰਘ ਸਾਹਨੀ, ਹੈਪੀ ਸਿੰਘ ਨਮੋਲ, ਅਮਰ ਸਿੰਘ ਲੌਂਗੋਵਾਲ, ਹਰਦੇਵ ਸਿੰਘ ਕੁਲਾਰ, ਜਸਵੀਰ ਸਿੰਘ ਮੈਦੇਵਾਸ, ਲਖਵੀਰ ਸਿੰਘ ਜੰਗ ਦੌਧਰ, ਗੁਰਮੇਲ ਸਿੰਘ ਮਹੋਲੀ, ਗਮਦੂਰ ਸਿੰਘ ਬਾਬਰਪੁਰ ਆਦਿ ਆਗੂਆਂ ਨੇ ਮੰਗ ਕੀਤੀ ਕਿ ਮਿ੍ਤਕ ਕਿਸਾਨ ਪ੍ਰਰੀਤਮ ਸਿੰਘ ਮੰਡੇਰ ਕਲਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਸਮੁੱਚਾ ਕਰਜ਼ਾ ਖ਼ਤਮ ਕਰਨ ਤੋ ਇਲਾਵਾ ਪਰਿਵਾਰ ਦੇ ਇਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਤੋਂ ਇਲਾਵਾ ਗੰਭੀਰ ਜ਼ਖ਼ਮੀਆਂ ਨੂੰ 2 ਲੱਖ ਦਾ ਮੁਆਵਜ਼ਾ ਤੇ ਜ਼ਖ਼ਮੀ ਕਿਸਾਨਾਂ ਨੂੰ ਇਕ ਲੱਖ ਰੁਪਏ ਮੁਆਵਜ਼ਾ ਰਾਸ਼ੀ ਤੇ ਨੁਕਸਾਨੇ ਵਾਹਨਾਂ ਲਈ 7 ਲੱਖ ਮੁਆਵਜ਼ਾ ਰਾਸ਼ੀ ਅਤੇ ਇਸ ਸਾਰੇ ਘਟਨਾ ਕਰਮ ਦੀ ਉੱਚ ਪੱਧਰੀ ਜਾਂਚ ਕਰਵਾਕੇ ਦੋਸ਼ੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਕਾਰਵਾਈ ਕਰਾਉਣ ਦੀ ਮੰਗ ਸ਼ਾਮਲ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਧਰਨਾ ਮੰਗਾਂ ਮੰਨੇ ਜਾਣ ਤਕ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚੇ ਦੀ ਸਮੁੱਚੀ ਟੀਮ ਵੱਡੀ ਗਿਣਤੀ ‘ਚ ਕਾਫਲੇ ਸਮੇਤ ਸਾਮਲ ਹੋਏ।