Home crime ਅਫ਼ਵਾਹ ਫੈਲਾਉਣ ਵਾਲੇ ਸੋਸ਼ਲ ਮੀਡੀਆ ਚੈਨਲ ਖ਼ਿਲਾਫ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਡਿਜਾਸਟਰ ਮੈਨੇਜਮੈਂਟ...

ਅਫ਼ਵਾਹ ਫੈਲਾਉਣ ਵਾਲੇ ਸੋਸ਼ਲ ਮੀਡੀਆ ਚੈਨਲ ਖ਼ਿਲਾਫ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਮਾਮਲਾ ਦਰਜ ਕਰਨ ਦੀਆਂ ਹਦਾਇਤਾਂ

47
0


ਗੁਰਦਾਸਪੁਰ, 14 ਸਤੰਬਰ (ਭਗਵਾਨ ਭੰਗੂ) – ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਐੱਸ.ਐੱਸ.ਪੀ. ਗੁਰਦਾਸਪੁਰ ਨੂੰ ਇੱਕ ਪੱਤਰ ਲਿਖ ਕੇ ਇੱਕ ਸੋਸ਼ਲ ਮੀਡੀਆ ਚੈਨਲ “ਸ਼ਾਈਨ ਪੰਜਾਬ ਟੀਵੀ’ ਵੱਲੋਂ 24 ਅਗਸਤ 2023 ਨੂੰ ਧੁੱਸੀ ਬੰਨ ਦੋ ਘੰਟਿਆਂ ਵਿੱਚ ਟੁੱਟਣ ਦੀ ਸੋਸਲ ਮੀਡੀਆ ’ਤੇ ਝੂਠੀ ਖ਼ਬਰ ਲਗਾ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੇ ਦੋਸ਼ ਤਹਿਤ ਡਿਜਾਸਟਰ ਮੈਨੇਜਮੈਂਟ ਐਕਟ ਦੇ ਸੈਕਸ਼ਨ 54 ਅਧੀਨ ਕਾਰਵਾਈ ਕਰਨ ਲਈ ਕਿਹਾ ਹੈ।ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ 15 ਅਗਸਤ ਨੂੰ ਜਦੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਿਆਸ ਦਰਿਆ ਕਾਰਨ ਹੜ੍ਹ ਆਏ ਸਨ ਤਾਂ ਪਿੰਡ ਜਗਤਪੁਰ-ਟਾਂਡਾ ਦੇ ਨਜ਼ਦੀਕ ਧੁੱਸੀ ਬੰਨ ਵਿੱਚ ਕੁਝ ਪਾੜ ਪਿਆ ਸੀ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਭਰ ਲਿਆ ਗਿਆ ਸੀ। ਜਦੋਂ ਇਹ ਬੰਨ ਪੂਰੀ ਤਰ੍ਹਾਂ ਭਰਿਆ ਜਾ ਚੁੱਕਾ ਸੀ ਤਾਂ ਸੋਸ਼ਲ ਮੀਡੀਆ ਚੈਨਲ “ਸ਼ਾਈਨ ਪੰਜਾਬ ਟੀਵੀ’ ਵੱਲੋਂ 24 ਅਗਸਤ ਸ਼ਾਮ ਨੂੰ ਇੱਕ ਝੂਠੀ ਤੇ ਬੇਬੁਨਿਆਦ ਖ਼ਬਰ ਲਗਾਈ ਗਈ ਕਿ 2 ਘੰਟੇ ਵਿੱਚ ਧੁੱਸੀ ਦਾ ਬੰਨ ਦੁਬਾਰਾ ਟੁੱਟ ਰਿਹਾ ਹੈ। ਜਦੋਂ ਇਹ ਖ਼ਬਰ ਸੋਸ਼ਲ ਮੀਡੀਆ ਉੱਪਰ ਫੈਲੀ ਤਾਂ ਲੋਕਾਂ ਵਿੱਚ ਬਿਨ੍ਹਾਂ ਵਜ੍ਹਾ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਜ਼ਬੂਤੀ ਨਾਲ ਇਸ ਬੰਨ ਨੂੰ ਬੰਨਿਆ ਗਿਆ ਸੀ। ਸੋਸ਼ਲ ਮੀਡੀਆ ਚੈਨਲ “ਸ਼ਾਈਨ ਪੰਜਾਬ ਟੀਵੀ’ ਵੱਲੋਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲ ਨਹੀਂ ਕੀਤੀ ਗਈ ਅਤੇ ਉਨ੍ਹਾਂ ਦਾ ਪੱਖ ਨਹੀਂ ਜਾਣਿਆ ਗਿਆ ਜਿਸ ਕਾਰਨ ਝੂਠੀ ਖ਼ਬਰ ਲੋਕਾਂ ਵਿੱਚ ਫੈਲ ਗਈ।ਇਸ ਸਭ ਦਾ ਸਖ਼ਤ ਨੋਟਿਸ ਲੈਂਦਿਆਂ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਐੱਸ.ਐੱਸ.ਪੀ. ਗੁਰਦਾਸਪੁਰ ਨੂੰ ਪੱਤਰ ਲਿਖ ਕੇ ਉਪਰੋਕਤ ਸੋਸ਼ਲ ਮੀਡੀਆ ਚੈਨਲ ਖ਼ਿਲਾਫ ਡਿਜਾਸਟਰ ਮੈਨੇਜਮੈਂਟ ਐਕਟ ਦੇ ਸੈਕਸ਼ਨ 54 ਅਧੀਨ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀ ਕਿਸੇ ਵੀ ਗਲਤ ਖ਼ਬਰ, ਅਫ਼ਵਾਹ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ ਜਿਸ ਨਾਲ ਲੋਕਾਂ ਵਿੱਚ ਭੰਬਲਭੂਸਾ ਅਤੇ ਦਹਿਸ਼ਤ ਫੈਲਦੀ ਹੋਵੇ। ਇਸਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਖ਼ਬਰ ਜਾਂ ਸੂਚਨਾਂ ਦੀ ਪੁਸ਼ਟੀ ਸਿਰਫ ਭਰੋਸੇਯੋਗ ਸੂਤਰਾਂ ਤੋਂ ਕਰਕੇ ਹੀ ਯਕੀਨ ਕਰਨ।

LEAVE A REPLY

Please enter your comment!
Please enter your name here