ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਅਤੇ ਲੰਬਾ ਸਮਾਂ ਰਾਜ ਕਰਨ ਵਾਲੀ ਪਾਰਟੀ ਹੈ। ਹੌਲੀ-ਹੌਲੀ ਕਾਂਗਰਸ ਪਾਰਟੀ ਅਜਿਹੇ ਮੁਕਾਮ ’ਤੇ ਪਹੁੰਚ ਗਈ ਹੈ ਕਿ ਇਸ ਦਾ ਰਾਜ ਕੁਝ ਹੀ ਸੂਬਿਆਂ ਤੱਕ ਸਿਮਟ ਕੇ ਰਹਿ ਗਿਆ ਹੈ। ਦੇਸ਼ ਭਰ ਵਿਚ ਹੇਠਾਂ ਤੋਂ ਉੱਪਰ ਤੱਕ ਆਪਣੀ ਮਜ਼ਬੂਤ ਸਾਖ ਹੋਣ ਦੇ ਬਾਵਜੂਦ, ਕਾਂਗਰਸ ਪਾਰਟੀ ਦੇਸ਼ ਦੇ ਹਰ ਰਾਜ ਵਿੱਚ ਖਿੰਡ ਚੁੱਕੀ ਹੈ। ਇਹਨਾਂ ਵਿੱਚੋਂ ਇੱਕ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਦੀ ਗੁੱਟਬਾਜ਼ੀ ਨੇ ਇਸ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਦਿਤਾ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਸਪੱਸ਼ਟ ਬਹੁਮਤ ਨਾਲ ਬਣੀ ਸੀ ਪਰ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋ ਸਕੇ ਅਤੇ ਪਾਰਟੀ ਵਿੱਚ ਧੜੇਬੰਦੀ ਲਗਾਤਾਰ ਵਧਦੀ ਗਈ। ਜਿਸ ਦੇ ਨਤੀਜੇ ਵਜੋਂ ਪੰਜਾਬ ਵਿੱਚ ਕਾਂਗਰਸ ਬੁਰੀ ਤਰ੍ਹਾਂ ਨਾਲ ਆਪਸੀ ਫੁੱਟ ਦਾ ਸ਼ਿਕਾਰ ਹੋ ਗਈ। ਹਾਲਾਤ ਇਥੋਂ ਤੱਕ ਪੇਚੀਦਾ ਹੋ ਗਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹੱਥ ਧੋਣੇ ਪਏ ਅਤੇ ਬੇਇੱਜ਼ਤੀ ਮਹਿਸੂਸ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਇੰਨਾ ਹੀ ਨਹੀਂ ਉਨ੍ਹਾਂ ਦੇ ਕਈ ਵਫ਼ਾਦਾਰ ਸਾਥੀ ਵੀ ਹੌਲੀ-ਹੌਲੀ ਭਾਜਪਾ ਵਿਚ ਸ਼ਾਮਲ ਹੋ ਗਏ। ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਫਿਰ ਆਪਸ ਵਿਚ 36 ਦਾ ਇਹੀ ਅੰਕੜਾ ਸਥਾਨਕ ਤੌਰ ’ਤੇ ਦੇਖਣ ਨੂੰ ਮਿਲਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਵਿਧਾਨ ਸਭਾ ਚੋਣਾਂ ’ਚ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਹੁਣ ਕੇਂਦਰੀ ਪੱਧਰ ’ਤੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਇੰਡੀਆ ਨਾਮ ਦਾ ਗਠਜੋੜ ਬਣਾਇਆ ਹੈ। ਜਿਸ ਵਿੱਚ ਸ਼ਾਮਲ ਸਿਆਸੀ ਪਾਰਟੀਆਂ ਵੱਲੋਂ ਸੂਬਾ ਪੱਧਰ ’ਤੇ ਲੋਕ ਸਭਾ ਚੋਣਾਂ ਮਿਲ ਕੇ ਲੜਨ ਦਾ ਫੈਸਲਾ ਕੀਤਾ ਗਿਆ ਹੈ। ਪਰ ਪੰਜਾਬ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਭਾਜਪਾ ਵੱਲੋਂ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾ ਰਿਹਾ ਹੈ। ਪਾਰਟੀ ਹਾਈਕਮਾਂਡ ਨੂੰ ਨਾਰਾਜ਼ਗੀ ਦਿਖਾਉਣ ਦੇ ਨਾਲ ਨਾਲ ਇਨ੍ਹਾਂ ਵਲੋਂ ਪੰਜਾਬ ਦੇ ਹੇਠਲੇ ਪੱਧਰ ਦੇ ਵਰਕਰਾਂ ਅਤੇ ਪਾਰਟੀ ਅਹੁਦੇਦਾਰਾਂ ਨੂੰ ਵੀ ਇਸ ਦਾ ਵਿਰੋਧ ਕਰਨ ਲਈ ਉਕਸਾਇਆ ਜਾ ਰਿਹਾ ਹੈ। ਅਜਿਹੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਇੰਡੀਆ ਸੰਗਠਨ ਵਿੱਚ ਹੋਏ ਸਮਝੌਤੇ ਤਹਿਤ ਸਭ ਤੋਂ ਪਹਿਲਾਂ ਕੇਂਦਰੀ ਪੱਧਰ ਤੇ ਪਾਰਟੀਆਂ ਦੇ ਸਮਝੌਤੇ ਅਨੁਸਾਰ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਸਮੇਂ ਦੀ ਜਰੂਰਤ ਦੱਸਿਆ ਅਤੇ ਮਿਲ ਕੇ ਚੋਣਾਂ ਲੜਣ ਦੀ ਵਕਾਲਤ ਕੀਤੀ। ਹੁਣ ਲੁਧਿਆਣੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਗੱਠਜੋੜ ਦੀ ਵਕਾਲਤ ਕੀਤੀ ਹੈ। ਹਾਲਾਂਕਿ ਉਹ ਹਮੇਸ਼ਾ ਅਹਿਮ ਮੁੱਦਿਆਂ ’ਤੇ ਟਵੀਟ ਟਵੀਟ ਹੀ ਖੇਡਦੇ ਹੁੰਦੇ ਹਨ ਪਰ ਜਦੋਂ ਵੀ ਉਹ ਮੀਡੀਆ ਦੇ ਸਾਹਮਣੇ ਆਉਂਦੇ ਹਨ ਅਤੇ ਕਿਸੇ ਮੁੱਦੇ ’ਤੇ ਬਿਆਨ ਦਿੰਦੇ ਹਨ ਤਾਂ ਉਹ ਮੁੱਦਾ ਅਕਸਰ ਹੀ ਚਰਚਿਤ ਹੋ ਜਾਂਦਾ ਹੈ। ਹੁਣ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੋਏ ਲੋਕ ਸਭਾ ਚੋਣਾਂ ਨੂੰ ਲੈ ਕੇ ਸਮਝੌਤੇ ਦੀ ਵਕਾਲਤ ਕਰਦੇ ਹੋਏ ਇਸਨੂੰ ਲੱਗ ਭਗ ਸਿਰੇ ਚੜ੍ਹ ਚੁੱਕਾ ਦੱਸ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਲੋਕਤ ਸਭਾ ਚੋਣਾਂ ਲਈ ਦੋਵੇਂ ਪਾਰਟੀਆਂ ਦੇ ਆਗੂ ਸਟੇਦਾਂ ਵੀ ਸਾਂਝੀਆਂ ਕਰਦੇ ਹੋਏ ਨਜਰ ਆਉਣ ਦਾ ਸੰਕੇਤ ਦਿਤਾ ਹੈ। ਬਿੱਟੂ ਨੇ ਪਾਰਟੀ ਹਾਈਕਮਾਂਡ ਦੇ ਫੈਸਲੇ ਨੂੰ ਸਾਰੇ ਆਗੂਆਂ ਨੂੰ ਪ੍ਰਵਾਨ ਕਰਨ ਦੀ ਸਲਾਹ ਦਿਤੀ ਅਤੇ ਨਾਲ ਹੀ ਪੰਜਾਬ ਪ੍ਰਦਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਨਸੀਹਤ ਵੀ ਦੇ ਦਿਤੀ ਕਿ ਜੇਕਰ ਉਹ ਪਾਰਟੀ ਹਾਈ ਕਮਾਂਡ ਦੇ ਫੈਸਲੇ ਨੂੰ ਮਨਜੂਰ ਨਹੀਂ ਕਰਦੇ ਤਾਂ ਉਹ ਸਭ ਤੋਂ ਪਹਿਲਾਂ ਆਪਣਾ ਅਸਤੀਫਾ ਪਾਰਟੀ ਨੂੰ ਭੇਜ ਦੇਣ ਕਿਉਂਕਿ ਜੇਕਰ ਉਨ੍ਹਾਂ ਨੂੰ ਪਾਰਟੀ ਦੇ ਫੈਸਲੇ ਮਨਜੂਰ ਨਹੀਂ ਹਨ ਤਾਂ ਉਨ੍ਹਾਂ ਨੂੰ ਪਾਰਟੀ ਵਿਚ ਨਹੀਂ ਰਹਿਣਾ ਚਾਹੀਦਾ। ਹੁਣ ਤਾਂ ਇਸ ਸਮਝੌਤੇ ਤਹਿਤ ਸੀਟਾਂ ਦੀ ਵੰਡ ਹੋਵੇਗੀ ਅਤੇ ਉਹ ਇਕੱਠੇ ਚੋਣ ਲੜਨਗੇ। ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ’ਚ ਕਾਂਗਰਸ ਵਿਚ ਘਮਾਸਾਨ ਸਿਖਰਾਂ ’ਤੇ ਪਹੁੰਚ ਜਾਵੇਗਾ ਅਤੇ ਜੇਕਰ ਪਹਿਲਾਂ ਵਾਂਗ ਕਾਂਗਰਸ ਇਸੇ ਧੜ੍ਹੇਬੰਦੀ ’ਚ ਚੋਣ ਲੜਦੀ ਹੈ ਤਾਂ ਉਸ ਲਈ ਜਿੱਤਣਾ ਸੰਭਵ ਨਹੀਂ। ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਪਾਰਟੀ ਹਾਈਕਮਾਂਡ ਦੇ ਸਮਝੌਤੇ ਅਨੁਸਾਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਇਕੱਠੀਆਂ ਲੜਦੀਆਂ ਹਨ ਤਾਂ ਹੋਰ ਪਾਰਟੀਆਂ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਮਿਲੇਗੀ ਅਤੇ ਇਹ ਦੋਵੇਂ ਪੰਜਾਬ ਦੀਆਂ 13 ਸੀਟਾਂ ’ਤੇ ਕਾਬਜ਼ ਹੋਣ ’ਚ ਕਾਮਯਾਬ ਹੋਣਗੇ। ਇਕੱਲਿਆਂ ਨਾ ਤਾਂ ਆਮ ਆਦਮੀ ਪਾਰਟੀ ਅਤੇ ਨਾ ਹੀ ਕਾਂਗਰਸ 13 ਸੀਟਾਂ ਜਿੱਤਣ ਦੇ ਕਾਬਲ ਹਨ। ਇਸ ਲਈ ਕੌਮੀ ਪੱਧਰ ’ਤੇ ਲਏ ਗਏ ਫੈਸਲੇ ਅਨੁਸਾਰ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਇੱਕ ਦੂਜੇ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕਾਂਗਰਸ ਪਾਰਟੀ ਪਹਿਲਾਂ ਨਾਲੋਂ ਵੀ ਡੂੰਘੇ ਖੱਡ ਵਿੱਚ ਡਿੱਗ ਜਾਵੇਗੀ, ਜਿਸ ਵਿੱਚੋਂ ਨਿਕਲਣਾ ਅਸੰਭਵ ਹੋ ਜਾਵੇਗਾ। ਇਸ ਲਈ ਪਿਛਲੀਆਂ ਗਲਤੀਆਂ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ। ਇਸ ਵਿੱਚ ਹੀ ਪਾਰਟੀ ਦੀ ਹਿੱਤ ਅਤੇ ਭਵਿੱਖ ਹੈ।
ਹਰਵਿੰਦਰ ਸਿੰਘ ਸੱਗੂ।