ਜਗਰਾਓਂ, 27 ਅਗਸਤ ( ਰਾਜੇਸ਼ ਜੈਨ ,ਭਗਵਾਨ ਭੰਗੂ )—ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਇੰਚਾਰਜ ਐੱਸਐੱਸਪੀ ਨਵਨੀਤ ਸਿੰਘ ਬੈਂਸ ਦੀ ਅਗਵਾਈ ਹੇਠ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਦੋ ਵੱਡੇ ਨਸ਼ਾ ਤਸਕਰਾਂ ਨੂੰ ਪਾਬੰਦੀਸ਼ੁਦਾ ਨਸ਼ਿਆਂ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਗਿਆ। ਸੀਆਈਏ ਸਟਾਫ਼ ਤੋਂ ਸਬ-ਇੰਸਪੈਕਟਰ ਕਮਲਦੀਪ ਕੌਰ ਅਤੇ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਏਐਸਆਈ ਲਖਬੀਰ ਸਿੰਘ ਸਮੇਤ ਪੁਲੀਸ ਪਾਰਟੀ ਪਿੰਡ ਬਿੰਜਲ ਵਿੱਚ ਚੈਕਿੰਗ ਲਈ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਕੇਵਸ ਭਾਰਤੀ ਉਰਫ ਰਾਹੁਲ ਵਾਸੀ ਇੰੰਦਰਾ ਕਲੋਨੀ ਬਾਗਪਤ ਰੋਡ ਮੇਰਠ ਥਾਣਾ ਕੋਤਵਾਲੀ ਮੇਰਠ ਉੱਤਰ ਪ੍ਰਦੇਸ਼ ਅਤੇ ਖੇਮ ਕੁਮਾਰ ਵਾਸੀ ਅਮਨ ਨਗਰ ਥਾਣਾ ਮੰਡੀ ਪਟਿਆਲਾ ਬਾਹਰਲੇ ਰਾਜਾਂ ਤੋਂ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਲਿਆ ਕੇ ਜਗਰਾਉਂ, ਰਾਏਕੋਟ, ਲੁਧਿਆਣਾ ਆਦਿ ਵਿੱਚ ਵੱਡੇ ਪੱਧਰ ’ਤੇ ਸਪਲਾਈ ਦਾ ਕਾਰੋਬਾਰ ਕਰਦੇ ਹਨ। ਇਹ ਦੋਵੇਂ ਮੰਡੀ ਅਹਿਮਦਗੜ੍ਹ ਵਾਲੇ ਪਾਸੇ ਤੋਂ ਪਿੰਡ ਰਛੀਨ ਥਾਣਾ ਸਦਰ ਰਾਏਕੋਟ ਵੱਲ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਨਸ਼ੇ ਦੀ ਸਪਲਾਈ ਕਰਨ ਲਈ ਆ ਰਹੇ ਹਨ। ਇਸ ਸੂਚਨਾ ’ਤੇ ਮੰਡੀ ਅਹਿਮਦਗੜ੍ਹ ਰੋਡ ’ਤੇ ਪਿੰਡ ਰਛੀਨ ਨੇੜੇ ਨਾਕਾਬੰਦੀ ਕਰ ਕੇ ਕੇਵਸ ਭਾਰਤੀ ਉਰਫ ਰਾਹੁਲ ਅਤੇ ਖੇਮ ਕੁਮਾਰ ਨੂੰ 24,500 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ 30 ਅਗਸਤ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।