ਅਮਲੋਹ/ਫ਼ਤਹਿਗੜ੍ਹ ਸਾਹਿਬ 2 ਮਾਰਚ ( ਬੌਬੀ ਸਹਿਜਲ, ਧਰਮਿੰਦਰ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਕੀਤੇ ਜਾ ਰਹੇ ਹਨ ਅਤੇ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬ ਦੇ ਨੌਜਵਾਨ ਭਵਿੱਖ ਦੀਆਂ ਚੁਣੋਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਬ ਡਵੀਜ਼ਨ ਅਮਲੋਹ ਦੇ ਪਿੰਡ ਖਨਿਆਣ ਦੇ ਸਰਕਾਰੀ ਹਾਈ ਸਮਾਰਟ ਸਕੂਲ, ਪਿੰਡ ਭਗਵਾਨਪੁਰਾ ਵਿਖੇ ਬਣ ਰਹੀ ਆਈ.ਟੀ.ਆਈ. ਅਤੇ ਪਿੰਡ ਭੱਦਲਥੂਹਾ ਦੇ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੋਤੀਆਂ ਦੇ ਯੋਗ ਬਣਾਉਣ ਲਈ ਸਰਕਾਰ ਵੱਲੋਂ ਖੋਲ੍ਹੇ ਗਏ ਸਕੂਲ ਆਫ ਐਮੀਨੈਂਸ ਵਿਦਿਆਰਥੀਆਂ ਦਾ ਭਵਿੱਖ ਉਜਵਲ ਬਣਾਉਣ ਵਿੱਚ ਸਹਾਈ ਹੋਣਗੇ ਅਤੇ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ।ਆਈ.ਟੀ.ਆਈ. ਭਗਵਾਨਪੁਰਾ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਆਈ.ਟੀ.ਆਈ. ਦੇ ਬਣਨ ਨਾਲ ਨੌਜਵਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਵੱਖ-ਵੱਖ ਕਿੱਤਿਆਂ ਦੀ ਟਰੇਨਿੰਗ ਹਾਸਲ ਕਰਕੇ ਆਪਣੇ ਪੈਰ੍ਹਾਂ ਤੇ ਖੜੇ ਹੋਣ ਯੋਗ ਬਣ ਸਕਣਗੇ। ਇਸ ਨਾਲ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਹੋਵੇਗਾ ਅਤੇ ਨੌਜਵਾਨ ਸ਼ਕਤੀ ਨੂੰ ਸਹੀ ਕੰਮਾਂ ਵੱਲ ਤੋਰਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਅੰਦਰ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇਣੀ ਵੀ ਜਰੂਰੀ ਹੈ ਅਤੇ ਇਸ ਆਈ.ਟੀ.ਆਈ. ਵਿੱਚ ਇਲਾਕੇ ਦੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਦੇ ਯੋਗ ਬਣਾਇਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਨੌਜਵਾਨਾਂ ਨੂੰ ਇਸ ਆਈ.ਟੀ.ਆਈ. ਵਿੱਚ ਦਾਖਲਾ ਲੈਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਬੇਰੋਜ਼ਗਾਰੀ ਦੀ ਸਮੱਸਿਆ ਦਾ ਖਾਤਮਾ ਕੀਤਾ ਜਾ ਸਕੇ।ਪਿੰਡ ਭੱਦਲਥੂਹਾ ਦੇ ਹੈਲਥ ਐਂਡ ਵੈਲਨੈੱਸ ਸੈਂਟਰ ਵਿਖੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਇਆ ਜਾਵੇ ਤਾਂ ਜੋ ਹਸਪਤਾਲਾਂ ਅੰਦਰ ਲੱਗਦੀਆਂ ਲੰਮੀਆਂ ਲਾਈਨਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਨਾਲ ਲੋਕਾਂ ਨੂੰ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਹੋ ਰਹੀਆਂ ਹਨ ਅਤੇ ਉਹ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾ ਰਹੇ ਹਨ।ਇਸ ਮੌਕੇ ਐਸ.ਡੀ.ਐਮ ਗੁਰਵਿੰਦਰ ਸਿੰਘ ਜੋਹਲ, ਤਹਿਸੀਲਦਾਰ ਅੰਕਿਤਾ ਅਗਰਵਾਲ, ਨਾਇਬ ਤਹਿਸੀਲਦਾਰ ਰਾਜੇਸ਼ ਆਹੁਜਾ, ਐਸ.ਐਮ.ਓ. ਡਾ: ਰਮਿੰਦਰ ਕੌਰ, ਐਸ.ਡੀਓ. ਪਰਮਜੀਤ ਸਿੰਘ, ਈ.ਓ. ਬਲਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।
