ਲੁਧਿਆਣਾ(ਬਿਊਰੋ) ਰਾਜਸਥਾਨ ਦੇ ਲਾਲਸੋਤ ‘ਚ ਜਣੇਪੇ ਦੌਰਾਨ ਮਾਂ ਦੀ ਮੌਤ ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੋਏ ਹੰਗਾਮੇ ਤੋਂ ਬਾਅਦ ਮਹਿਲਾ ਡਾਕਟਰ ਅਰਚਨਾ ਸ਼ਰਮਾ ਨੇ ਖੁਦਕੁਸ਼ੀ ਕਰ ਲਈ। ਇਸ ਕਾਰਨ ਜ਼ਿਲ੍ਹੇ ਦੇ ਡਾਕਟਰਾਂ ‘ਚ ਪੁਲਿਸ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ। ਹੁਣ ਇਸ ਦੇ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਵੱਲੋਂ ਸ਼ਨੀਵਾਰ ਨੂੰ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਈਐਮਏ ਲੁਧਿਆਣਾ ਅਤੇ ਆਈਐਮਏ ਸਟੇਟ ਪ੍ਰੋਵਿੰਸ ਨੇ ਸ਼ਹਿਰ ਦੇ ਹਸਪਤਾਲ, ਨਰਸਿੰਗ ਹੋਮ ਅਤੇ ਕਲੀਨਿਕ ਸੰਚਾਲਕਾਂ ਨੂੰ ਓਪੀਡੀ ਸੇਵਾਵਾਂ ਬੰਦ ਕਰਨ ਦੀ ਅਪੀਲ ਕੀਤੀ ਹੈ।ਆਈ.ਐਮ.ਏ.ਪੰਜਾਬ ਦੇ ਸਕੱਤਰ ਡਾ: ਸੁਨੀਲ ਕਾਤੀਆ ਅਤੇ ਆਈ.ਐਮ.ਏ ਲੁਧਿਆਣਾ ਦੇ ਪ੍ਰਧਾਨ ਡਾ: ਬਿਮਲ ਕਨਿਸ਼ ਨੇ ਕਿਹਾ ਕਿ ਬੰਦ ਦਾ ਫੈਸਲਾ ਬਹੁਤ ਹੀ ਥੋੜੇ ਸਮੇਂ ‘ਚ ਲਿਆ ਗਿਆ ਹੈ। ਅਸੀਂ ਸ਼ੁੱਕਰਵਾਰ ਸ਼ਾਮ ਨੂੰ ਜ਼ਿਲ੍ਹੇ ਦੇ ਸਾਰੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖਣ ਤੇ ਮਰੀਜ਼ਾਂ ਨੂੰ ਸਿਰਫ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ। ਅਸੀਂ ਉਮੀਦ ਕਰਦੇ ਹਾਂ ਕਿ ਬੰਦ ਨੂੰ ਡਾਕਟਰਾਂ ਦਾ ਸਮਰਥਨ ਮਿਲੇਗਾ। ਅਸੀਂ ਡੀਐਮਸੀ, ਸੀਐਮਸੀ, ਐਸਪੀਐਸ ਅਤੇ ਫੋਰਟਿਸ ਹਸਪਤਾਲ ਨੂੰ ਵੀ ਬੰਦ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸਾਡਾ ਵਿਰੋਧ ਸਰਕਾਰੀ ਸਿਸਟਮ ਦੇ ਖਿਲਾਫ ਹੈ। ਕਿਉਂਕਿ ਜਿਨ੍ਹਾਂ ਹਾਲਾਤਾਂ ਵਿੱਚ ਡਾ: ਅਰਚਨਾ ਨੇ ਖ਼ੁਦਕੁਸ਼ੀ ਕੀਤੀ ਹੈ, ਉਸ ਤੋਂ ਸਾਫ਼ ਹੈ ਕਿ ਡਾਕਟਰਾਂ ਪ੍ਰਤੀ ਸਰਕਾਰੀ ਤੰਤਰ ਦਾ ਰਵੱਈਆ ਬਹੁਤ ਹੀ ਅਫ਼ਸੋਸਨਾਕ ਹੈ।ਉਨ੍ਹਾਂ ਕਿਹਾ ਕਿ ਅੱਜ ਪੂਰੇ ਦਿਨ ਦਾ ਇਹ ਬੰਦ ਡਾਕਟਰ ਅਰਚਨ ਸ਼ਰਮਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਬਰਖ਼ਾਸਤ ਕਰਨ ਅਤੇ ਉਸ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰਨ ਦੀ ਮੰਗ ਕਰਨ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਮੰਗ ਹੈ ਕਿ ਬਿਨਾਂ ਜਾਂਚ ਦੇ ਡਾਕਟਰਾਂ ਖ਼ਿਲਾਫ਼ ਕੋਈ ਕੇਸ ਦਰਜ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਡਾਕਟਰ ‘ਤੇ ਦੋਸ਼ ਲਗਾਉਣਾ ਜਾਇਜ਼ ਨਹੀਂ ਹੈ। ਜੇਕਰ ਡਾਕਟਰਾਂ ਨੂੰ ਇਸ ਤਰ੍ਹਾਂ ਡਰਾਇਆ-ਧਮਕਾਇਆ ਜਾਂਦਾ ਹੈ ਤਾਂ ਉਹ ਆਤਮ-ਵਿਸ਼ਵਾਸ ਨਾਲ ਆਪਣਾ ਕੰਮ ਨਹੀਂ ਕਰ ਸਕਣਗੇ। ਜਿਸ ਦਾ ਸਿੱਧਾ ਨੁਕਸਾਨ ਮਰੀਜ਼ਾਂ ਨੂੰ ਹੋਵੇਗਾ।