ਮੋਗਾ, 3 ਦਸੰਬਰ: ( ਕੁਲਵਿੰਦਰ ਸਿੰਘ) -ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.01.2023 ਦੇ ਅਧਾਰ ‘ਤੇ ਵੋਟਰ ਸੂਚੀ ਦੀ ਸੱਮਰੀ ਰਿਵੀਜ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਲਈ ਵੋਟਾਂ ਬਣਾਉਣ ਸਬੰਧੀ ਦੂਸਰਾ ਸਪੈਸ਼ਲ ਕੈਂਪ 4 ਦਸੰਬਰ, 2022 ਦਿਨ ਐਤਵਾਰ ਨੂੰ ਵੀ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਵੱਲੋਂ ਲਗਾਇਆ ਜਾ ਰਿਹਾ ਹੈ। ਅੱਜ ਲਗਾਏ ਗਏ ਕੈਂਪਾਂ ਵਿੱਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਦੀ ਹਦਾਇਤ ਉੱਤੇ ਜ਼ਿਲ੍ਹਾ ਮੋਗਾ ਦੇ ਸੀਨੀਅਰ ਅਧਿਕਾਰੀਆਂ ਨੇ ਖੁਦ ਸ਼ਮੂਲੀਅਤ ਕੀਤੀ ਅਤੇ ਵੋਟਾਂ ਬਣਵਾਉਣ, ਕਟਵਾਉਣ, ਟਰਾਂਸਫਰ, ਸੋਧ ਆਦਿ ਪ੍ਰਕਿਰਿਆ ਦਾ ਜਾਇਜ਼ਾ ਲਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ 3 ਦਸੰਬਰ ਦੀ ਤਰ੍ਹਾਂ 4 ਦਸੰਬਰ ਨੂੰ ਵੀ ਜ਼ਿਲ੍ਹਾ ਮੋਗਾ ਦੇ ਸਮੂਹ ਬੀ.ਐਲ.ਓਜ਼ ਆਪੋ-ਆਪਣੇ ਪੋਲਿੰਗ ਸਟੇਸ਼ਨ ‘ਤੇ ਬੈਠ ਕੇ ਆਮ ਜਨਤਾ ਤੋਂ ਫਾਰਮ ਪ੍ਰਾਪਤ ਕਰਨਗੇ ਅਤੇ ਵੋਟਾਂ ਸਬੰਧੀ ਹਰ ਤਰ੍ਹਾਂ ਦੀਆਂ ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਦਿਨ ਕੋਈ ਵੀ ਨਾਗਰਿਕ ਆਪਣੇ ਘਰ ਦੇ ਨੇੜੇ ਦੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੇ ਬੂਥ ਲੈਵਲ ਅਫ਼ਸਰ ਪਾਸ ਵੋਟ ਬਣਾਉਣ ਲਈ ਫਾਰਮ ਨਬੰਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਜਾਂ ਇੱਕ ਪੋਲਿੰਗ ਸਟੇਸ਼ਨ ਤੋਂ ਦੂਸਰੇ ਪੋਲਿੰਗ ਸਟੇਸ਼ਨ ਵਿੱਚ ਵੋਟ ਟਰਾਂਸਫਰ ਕਰਨ ਲਈ ਫਾਰਮ ਨੰਬਰ 8 ਭਰਕੇ ਦੇ ਸਕਦਾ ਹੈ। ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਤੇ ਜਾ ਕੇ ਇਹ ਫਾਰਮ ਆਨਲਾਈਨ ਵੀ ਭਰ ਸਕਦੇ ਹਨ। ਜੇਕਰ ਫਿਰ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਆਉਂਦੀ ਹੈ ਤਾਂ 1950 ਟੋਲ ਫ੍ਰੀ ਨੰਬਰ ਤੇ ਮੁਫ਼ਤ ਕਾਲ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ੍ਰ. ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਜੇਕਰ ਕਿਸੇ ਨਾਗਰਿਕ ਦੀ ਉਮਰ 1 ਅਪ੍ਰੈਲ, 1 ਜੁਲਾਈ ਜਾਂ 1 ਅਕਤੂਬਰ 2023 ਵਿੱਚੋਂ ਕਿਸੇ ਵੀ ਮਿਤੀ ਨੂੰ 18 ਸਾਲ ਦੀ ਪੂਰੀ ਹੋ ਜਾਂਦੀ ਹੈ ਤਾਂ ਉਹ ਨਾਗਰਿਕ ਵੀ ਇਸ ਸਮੇਂ ਦੌਰਾਨ ਫਾਰਮ ਨੰਬਰ 6 ਭਰ ਕੇ ਦੇ ਸਕਦਾ ਹੈ ਅਤੇ ਉਸ ਉਪਰ ਸਬੰਧਤ ਯੋਗਤਾ ਮਿਤੀ ਦੇ ਹਵਾਲੇ ਵਿੱਚ ਸਬੰਧਤ ਤਿਮਾਹੀ ਵਿੱਚ ਵਿਚਾਰ ਅਤੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਰਜਿਸਟਰ ਹੋਏ ਵੋਟਰਾਂ ਦੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਵੀ ਫਾਰਮ ਨੰਬਰ 6-ਬੀ ਭਰੇ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਾਰੇ ਵੋਟਰ ਆਪਣੀ ਵੋਟ ਇੱਕ ਹੀ ਥਾਂ ਤੇ ਬਣਵਾਉਣ, ਜੇਕਰ ਕੋਈ ਵੋਟਰ ਦੋ ਥਾਂ ‘ਤੇ ਆਪਣੀ ਵੋਟ ਬਣਵਾਉਂਦਾ ਹੈ ਤਾਂ ਉਸ ਉੱਪਰ 1950 ਦੀ ਧਾਰਾ 31 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਉਨ੍ਹਾਂ ਜ਼ਿਲ੍ਹਾ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੇ ਇਸ ਸੁਨਹਿਰੀ ਮੌਕੇ ਦਾ ਵੱਧ ਤੋੱ ਵੱਧ ਲਾਭ ਪ੍ਰਾਪਤ ਕੀਤਾ ਜਾਵੇ ਅਤੇ ਜਿੰਨ੍ਹਾਂ ਨਾਗਰਿਕਾਂ ਦੀਆਂ ਵੋਟਾਂ ਅਜੇ ਤੱਕ ਨਹੀਂ ਬਣੀਆਂ, ਉਹ ਵੋਟਾਂ ਬਣਵਾਉਣ ਨੂੰ ਯਕੀਨੀ ਬਣਾਉਣ ਅਤੇ ਜਿੰਨ੍ਹਾਂ ਵੋਟਰਾਂ ਦੇ ਵੋਟਰ ਕਾਰਡ ਅਧਾਰ ਕਾਰਡ ਨਾਲ ਲਿੰਕ ਨਹੀਂ ਹੋਏ, ਉਹ ਵੋਟਰ ਕਾਰਡਾਂ ਨੂੰ ਅਧਾਰ ਕਾਰਡਾਂ ਨਾਲ ਜਰੂਰ ਲਿੰਕ ਕਰਵਾਉਣ।