Home Protest ਗਾਲਬ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਤ ਨਸ਼ਿਂਆਂ ਵਿਰੁੱਧ...

ਗਾਲਬ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਤ ਨਸ਼ਿਂਆਂ ਵਿਰੁੱਧ ਸਮਾਗਮ

60
0

ਨਸ਼ਿਆਂ ਖਿਲਾਫ ਨਾਟਕ’ ਇਨਾਂ ਜਖਮਾਂ ਦਾ ਕੀ ਕਰੀਏ ” ਨੇ ਦਰਸ਼ਕ ਝੰਜੋੜੇ

ਜਗਰਾਓਂ, 26 ਸਤੰਬਰ ( ਜਗਰੂਪ ਸੋਹੀ, ਅਸ਼ਵਨੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਬਲਾਕ ਸਿੱਧਵਾਂਬੇਟ ਦੇ ਪਿੰਡ ਗਾਲਬ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਤ ਨਸ਼ਿਆਂ ਦੇ ਮਾਰੂ ਹਮਲੇ ਖਿਲਾਫ ਚੇਤਨਾ ਸਮਾਗਮ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੋਰ ਤੇ ਸਮਾਗਮ ਚ ਪੁੱਜੇ ਜਥੇਬੰਦੀ ਦੇ ਸੂਬਾਈ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਬੋਲਦਿਆਂ ਕਿਹਾ ਕਿ ਜਿਵੇਂ ਪੰਜਾਬ ਦੇ ਲੋਕਾਂ ਨੇ ਤਿੰਨ ਕਾਲੇ ਖੇਤੀ ਕਨੂੰਨਾਂ ਖਿਲਾਫ ਜੇਹਾਦ ਛੇੜਿਆ ਸੀ ਉਸੇ ਤਰਾਂ ਸਾਮਰਾਜੀ ਸਾਜਿਸ਼ ਤਹਿਤ ਮਿਥ ਕੇ ਨਸ਼ਿਆਂ ਰਾਹੀਂ ਤਬਾਹ ਕੀਤੇ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਸਮੁੱਚੇ ਪੰਜਾਬੀਆਂ ਨੂੰ ਇਕ ਸਾਂਝੀ ਨਸ਼ਾ ਵਿਰੋਧੀ ਲੋਕ ਲਹਿਰ ਖੜੀ ਕਰਨੀ ਹੋਵੇਗੀ। ਉਨਾਂ ਕਿਹਾ ਕਿ ਦੇਸ਼ ਤੇ ਰਾਜ ਕਰਦੀਆਂ ਹਕੂਮਤਾਂ ਨੂੰ ਸਭ ਤੋਂ ਵਧ ਡਰ ਪੰਜਾਬ ਦੀ ਜਵਾਨੀ ਤੋਂ ਆਉਂਦਾ ਹੈ ਜਿਸ ਕਾਰਨ ਇਕ ਪਾਸੇ ਹਜਾਰਾਂ ਨੋਜਵਾਨ ਵਿਦੇਸ਼ਾਂ ਚ ਪ੍ਰਵਾਸ ਦੀ ਘੁੰਮਣਘੇਰੀ ਚ ਰੋਲਣ ਲਈ ਜਹਾਜੀਂ ਚਾੜੇ ਜਾ ਰਹੇ ਹਨ ਤੇ ਦੂਜੇ ਬੰਨੇ ਪੰਜਾਬ ਚ ਘਰ ਘਰ ਚਿੱਟਾ ਪੁਚਾ ਕੇ ਜਵਾਨੀ ਸਿਵਿਆਂ ਨੂੰ ਤੋਰੀ ਜਾ ਰਹੀ ਹੈ। ਉਨਾਂ ਕਿਹਾ ਕਿ ਤੇਲ ਅਤੇ ਹਥਿਆਰਾਂ ਚੋਂ ਅਰਬਾਂ ਖਰਬਾਂ ਕਮਾ ਚੁੱਕੀ ਸਰਮਾਏਦਾਰੀ ਹੁਣ ਸਿੰਥੈਟਿਕ ਨਸ਼ਿਆਂ ਰਾਹੀਂ ਅਰਬਾਂ ਖਰਬਾਂ ਦਾ ਧੰਦਾ ਕਰ ਰਹੀ ਹੈ। ਉਨਾਂ ਕਿਹਾ ਕਿ ਨਸ਼ੇ ਪੰਜਾਬ ਪੁਲਸ ਅਤੇ ਸਰਕਾਰ ਨੇ ਬੰਦ ਨਹੀਂ ਕਰਨੇ ਹਨ ਕਿਉਂਕਿ ਇਹ ਦੋਨੋਂ ਧਿਰਾਂ ਨਸ਼ਾ ਤਸਕਰਾਂ ਨਾਲ ਇਕਮਿਕ ਹਨ।
ਇਸ ਸਮੇਂ ਲੋਕ ਕਲਾ ਮੰਚ ਮੁੱਲਾਂਪੁਰ ਵਲੋਂ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਸ਼ਿਆਂ ਦੇ ਖਤਰਨਾਕ ਹਮਲੇ ਖਿਲਾਫ ਚਰਚਿਤ ਨਾਟਕ “ਇਨਾਂ ਜਖਮਾਂ ਦਾ ਕੀ ਕਰੀਏ” ਪੇਸ਼ ਕਰਕੇ ਸਰੋਤਿਆਂ ਨੂੰ ਧੁਰ ਅੰਦਰ ਤਕ ਝੰਜੋੜ ਦਿੱਤਾ। ਇਸ ਸਮੇਂ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ , ਬਲਾਕ ਸਕੱਤਰ ਗੁਰਮੇਲ ਸਿੰਘ ਭਰੋਵਾਲ, ਪਰਮਿੰਦਰ ਸਿੰਘ ਗਾਲਬ ਪ੍ਰਧਾਨ ਨੰਬਰਦਾਰਾ ਯੂਨੀਅਨ, ਬਲਾਕ ਜਗਰਾਂਓ ਪ੍ਰਧਾਨ ਦਲਜੀਤ ਕੋਰ ਬੱਸੂਵਾਲ ਨੇ
ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਪਣੇ ਸਮੇਂ ਚ ਸ਼ਹੀਦ ਭਗਤ ਸਿੰਘ ਅੰਗਰੇਜੀ ਸਾਮਰਾਜ ਖਿਲਾਫ ਜਿੰਦਗੀ ਮੋਤ ਦੀ ਲੜਾਈ ਲੜਿਆ ਸੀ। ਅੱਜ ਸੰਸਾਰ ਵਪਾਰ ਸੰਸਥਾ, ਸੰਸਾਰ ਬੈਂਕ ਅਤੇ ਆਈ ਐਮ ਐਫ ਰਾਹੀਂ ਅਮਰੀਕਨ ਸਾਮਰਾਜ ਅਤੇ ਉਸਦੇ ਸੰਗੀ ਪਿਛੜੇ ਅਤੇ ਵਿਕਾਸਸ਼ੀਲ ਮੁਲਕਾਂ ਦੀ ਆਰਥਿਕਤਾ ਸਮੇਤ ਖੇਤੀ ਤੇ ਕਬਜਾ ਕਰਨ ਦੀਆਂ ਨੀਤੀਆਂ ਲਾਗੂ ਕਰ ਰਹੇ ਹਨ ਜਿਨਾਂ ਖਿਲਾਫ ਸੰਘਰਸ਼ ਹੀ ਕੋ ਇਕ ਕਾਰਗਰ ਹਥਿਆਰ ਸਾਡੀ ਮੁਕਤੀ ਦਾ ਰਾਹ ਹੈ ।
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਔਰਤਾਂ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ। ਇਸ ਸਮੇਂ ਸੁਖਵੰਤ ਕੋਰ ਪ੍ਰਧਾਨ, ਸਰਬਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਦਲਜੀਤ ਕੋਰ ਮੀਤ ਪ੍ਰਧਾਨ, ਜਨਰਲ ਸਕੱਤਰ ਪਰਮਜੀਤ ਕੌਰ, ਹਰਬੰਸ ਕੌਰ ਸਹਾਇਕ ਸਕੱਤਰ, ਕਰਮਜੀਤ ਕੌਰ, ਜਗਦੀਪ ਕੌਰ, ਕੁਲਵੰਤ ਕੋਰ,ਮਨਦੀਪ ਕੋਰ,ਬਲਜੀਤ ਕੋਰ, ਸਿਮਰਜੀਤ ਕੇਰ ਕਮੇਟੀ ਮੈਂਬਰ ਚੁਣੇ ਗਏ। ਇਸ ਸਮੇਂ ਤਰਸੇਮ ਸਿੰਘ ਬੱਸੂਵਾਲ, ਜਗਜੀਤ ਸਿੰਘ ਕਲੇਰ, ਪਰਮਿੰਦਰ ਸਿੰਘ ਪਿੱਕਾ ਨੇ ਵੀ ਸੰਬੋਧਨ ਕਰਦਿਆ ਔਰਤ ਵਿੰਗ ਦੀਆਂ ਅਹੁਦੇਦਾਰਾਂ ਨੂੰ ਸਿਰੋਪੇ ਭੇਟ ਕੀਤੇ।

LEAVE A REPLY

Please enter your comment!
Please enter your name here