ਅੱਜ ਪ੍ਰਭੂ ਯਿਸੂ ਮਸੀਹ ਦੇ ਸਬੰਧ ਵਿੱਚ ਦੇਸ਼ ਭਰ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਗੁੱਡ ਫਰਾਈਡੇ ਮਨਾਇਆ ਜਾ ਗਿਆ ਹੈ। ਪ੍ਰਭੂ ਯਿਸੂ ਮਸੀਹ ਇਸਾਈ ਧਰਮ ਨਾਲ ਸਬੰਧਤ ਹਨ, ਪਰ ਮੈਂ ਕਿੱਥੇ ਅੱਗੇ ਵਧਣ ਤੋਂ ਪਹਿਲਾਂ ਸਪਸ਼ੱਟ ਕਰ ਦਿੰਦਾਂ ਹਾਂ ਕਿ ਧਰਮ ਗੁਰੂ ਕਿਸੇ ਇਕ ਧਰਮ, ਜਾਤ ਪਾਤ ਦਾ ਮੁਥਾਜ ਨਹੀਂ ਹੁੰਦੇ ਬਲਕਿ ਸਾਰੀ ਮਾਨਵਤਾ ਦੇ ਰਹਿਬਰ ਅਤੇ ਉਹ ਸਾਰਿਆਂ ਲਈ ਪ੍ਰੇਰਨਾਦਾਇਕ ਹੁੰਦੇ ਹਨ। ਇਸਾਈ ਧਰਮ ਦੁਆਰਾ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਅਤੇ ਮਾਨਤਾ ਇੱਕ ਮਿਸਾਲ ਹੈ। ਅੱਜ ਈਸਾਈ ਧਰਮ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। ਇਹ ਗੱਲ ਸਪਸ਼ੱਟ ਹੈ ਕਿ ਈਸਾਈ ਧਰਮ ਸਿਰਫ ਇਕ ਰਹਿਬਰ ਨੇ ਮਨੁੱਖਤਾ ਲਈ ਕੁਰਬਾਨੀ ਦਿਤੀ ਤਾਂ ਇਸਾਈ ਧਰਮ ਅੱਜ ਦੁਨੀਆਂ ਦੇ ਕੋਨੇ ਕੋਨੇ ਵਿਚ ਫੈਲਿਆ ਹੋਇਆ ਹੈ ਅਤੇ ਉਹ ਲਗਾਤਾਰ ਆਪਣੇ ਧਰਮ ਦਾ ਪਸਾਰ ਪ੍ਰਚਾਰ ਕਰ ਰਹੇ ਹਨ। ਜੇਕਰ ਸਿੱਖ ਧਰਮ ਵਾਲਾ ਇਤਿਹਾਸ ਕਿਤੇ ਉਨ੍ਹਾਂ ਦਾ ਹੁੰਦਾ ਤਾਂ ਅੱਜ ਤੱਕ ਸਾਰੀ ਦੁਨੀਆਂ ਇਸਾਈ ਧਰਮ ਨਾਲ ਜੋੜ ਲੈਂਦੇ। ਇਸਦੇ ਨਾਲ ਹੀ ਸਿੱਖ ਧਰਮ ਜਿਸਦੇ ਇਤਿਹਾਸ ਦਾ ਹਰ ਪੰਨਾ ਖੂਨ ਨਾਲ ਲਿਖਿਆ ਹੋਇਆ ਹੈ, ਅਸੀਂ ਉਸ ਧਰਮ ਨੂੰ ਆਪਣੀ ਕੌਮ ਜਿੰਨਾਂ ਵੀ ਫੈਲਾ ਨਹੀਂ ਸਕੇ ਸਦੋਂ ਅੱਜ ਸਾਡੇ ਬੱਚੇ ਪਤਿਤ ਹੋ ਕੇ ਜੀਵਨ ਬਿਤਾਉਣ ਸ਼ਾਨ ਸਮਝਦੇ ਹਨ। ਪਰ ਸਿੱਖ ਧਰਮ ਦਾ ਸਾਰਾ ਇਤਿਹਾਸ ਖੂਨ ਨਾਲ ਲਿਖਿਆ ਹੋਇਆ ਹੈ। ਇੱਥੇ ਮਾਨਵਤਾ ਦੀ ਭਲਾਈ ਲਈ ਸਾਡੇ ਗੁਰੂ ਸਾਹਿਬਾਨ ਨੇ ਖੁਦ ਕੁਰਬਾਨੀਆਂ ਦਾ ਮੁੱਢ ਬੰਨਿ੍ਹਆਂ। ਜਿਸ ’ਤੇ ਸਿੱਖ ਧਰਮ ਅੱਜ ਵੀ ਚੱਲਦਾ ਹੈ। ਜਦੋਂ ਸਾਡਾ ਇਤਿਹਾਸ ਇਨਾਂ ਮਾਣਮੱਤਾ ਹੈ ਤਾਂ ਅਸੀਂ ਅਤੇ ਸਾਡੀ ਕੌਮ ਦੇ ਆਗੂ ਇਸਨੂੰ ਗੁਰੂਆਂ ਦੀ ਧਰਤੀ ਪੰਜਡਾਬ ਵਿਚ ਵੀ ਸੰਭਾਲ ਨਹੀਂ ਸਕੇ, ਹੋਰਨਾਂ ਥਾਵਾਂ ਤੇ ਇਸਦਾ ਪ੍ਰਚਾਰ ਪਸਾਰ ਤਾਂ ਬਹੁਤ ਦੂਰ ਦੀ ਗੱਲ ਹੈ। ਜੇਕਰ ਸਿੱਖਾਂ ਨੂੰ ਹੁਣ ਦੁਨੀਆਂ ਵਿਚ ਜਾਣਦਾ ਹੈ ਤਾਂ ਉਹ ਸਿਰਫ ਫ੍ਰ੍ਰੀ ਲੰੰਗਰਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਧਾਰਮਿਕ ਮਸਲਿਆਂ ਦੀ ਅਗਵਾਈ ਕਰਨ ਦਾ ਕੰਮ ਕਰਦੀ ਹੈ। ਜੋ ਅੱਜ ਤੱਕ ਆਪਣੇ ਹੀ ਲੋਕਾਂ ਨੂੰ ਧਰਮ ਵਿਚ ਪਰਪੱਕ ਰੱਖਣ ਵਿਚ ਨਾਕਾਮ ਸਾਬਤ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਹੁਣ ਅਰਬਾਂ ਰੁਪਏ ਹੈ। ਪਰ ਇਸ ਦੇ ਬਾਵਜੂਦ ਵੀ ਸਾਡੇ ਲੋਕ ਆਪਣੇ ਧਰਮ ਤੋਂ ਬੇਮੁੱਖ ਕਿਉਂ ਹੋ ਰਹੇ ਹਨ ? ਇਸਾਈ ਧਰਮ ਵਿਚ ਇਸ ਤਰ੍ਹਾਂ ਦਾ ਪੈਸਾ ਉਨ੍ਹਾਂ ਦੇ ਧਾਰਮਿਕ ਸਥਾਨਾਂ ਵਿਚ ਇਕੱਠਾ ਨਹੀਂ ਕੀਤਾ ਜਾਂਦਾ। ਇਸ ਦੇ ਬਾਵਜੂਦ ਇਸਾਈ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ ਅਤੇ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ ਪੂਰੀ ਦੁਨੀਆ ਵਿਚ ਫੈਲੇ ਹੋਏ ਹਨ ਅਤੇ ਸਫਲਤਾਪੂਰਵਕ ਕੰਮ ਕਰਦੇ ਹਨ। ਜਦਕਿ ਦੂਜੇ ਪਾਸੇ ਸਾਡੇ ਧਾਰਮਿਕ ਸਥਾਨਾਂ ’ਤੇ ਆਮਦਨ ਦੀ ਕੋਈ ਸੀਮਾ ਨਹੀਂ ਹੈ। ਇਸਦੇ ਬਾਵਜੂਦ ਅਸੀਂ ਬਾਕੀ ਦੁਨੀਆਂ ਦਾ ਛੱਡੋ ਆਪਣੇ ਪੰਜਾਬ ਵਿਚ ਵੀ ਅਸੀਂ ਸਕੂਲ, ਕਾਲਜ, ਯੂਨੀਵਰਸਿਟੀਆਂ, ਮੈਡੀਕਲ ਕਾਲਜ ਸਥਾਪਤ ਨਹੀਂ ਕਰ ਸਕੇ। ਜਦੋਂ ਸਾਡੇ ਬੱਚੇ ਸ਼ੁਰੂ ਤੋਂ ਕਿਸੇ ਹੋਰ ਧਰਮ ਦੇ ਸਕੂਲਾਂ ਵਿੱਚ ਜਾਣਗੇ ਤਾਂ ਅਸੀਂ ਉਨ੍ਹਾਂ ਨੂੰ ਆਪਣੇ ਧਰਮ ਨਾਲ ਜੋੜ ਕੇ ਕਿਸ ਤਰ੍ਹਾਂ ਰੱਖ ਸਕਦੇ ਹਾਂ ? ਚਿੰਤਾ ਦਾ ਵਿਸ਼ਾ ਇਹ ਹੈ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪਾਸੇ ਧਿਆਨ ਦੇਣ ਦੀ ਬਜਾਏ ਆਪਸੀ ਮਸਲਿਆਂ ਵਿੱਚ ਹੀ ਉਲਝੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਅੱਜ ਸਾਡੇ ਬੱਚੇ ਊੜਾ-ਜੂੜਾ ਅਤੇ ਪੰਜ ਕਕਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਅਤੇ ਹੋਰ ਬਹੁ ਗਿਣਤੀ ਸਿੱਖ ਰਾਜਾਂ ਵਿਚ ਸਕੂਲ, ਜ਼ਿਲਿ੍ਹਆਂ ਵਿੱਚ ਕਾਲਜ, ਯੂਨੀਵਰਸਿਟੀਆਂ ਅਤੇ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹਣ ਲਈ ਕਦਮ ਚੁੱਕਣੇ ਚਾਹੀਦੇ ਹਨ। ਇਸ ਨਾਲ ਸਾਡੇ ਬੱਚੇ ਧਰਮ ਨਾਲ ਜੁੜ ਸਕਣਗੇ ਅਤੇ ਅਸੀਂ ਆਪਣੇ ਬੱਚਿਆਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰ ਸਕਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਇਨ੍ਹਾਂ ਵਿਚ ਦਾਖਲੇ ਲੈਣ ਅਤੇ ਨਮੌਕਰੀ ਲੈਣ ਲਈ ਭਾਵੇਂ ਕਿਸੇ ਕਿਸਮ ਦੀ ਸ਼ਰਤ ਰੱਖ ਦੇਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਬੱਚੇ ਬਾਣੀ ਅਤੇ ਬਾਣੇ ਨਾਲ ਜੁੜ ਸਕਣ। ਇਸ ਤਰ੍ਹਾਂ ਕਰਨ ਨਾਲ ਅਸੀਂ ਊੜਾ-ਜੂੜਾ ਅਤੇ ਕਕਾਰਾਂ ਨੂੰ ਸਿੱਖ ਹਿਰਦਿਆਂ ਵਿਚ ਕੁਝ ਹੱਦ ਤੱਕ ਸੁਰਖਿਅਤ ਰੱਖਣ ਵਿਚ ਸਫਲ ਹੋ ਸਕਦੇ ਹਾਂ। ਜੇਕਰ ਅਸੀਂ ਇਸੇ ਤਰ੍ਹਾਂ ਨਿੱਜੀ ਝਗੜਿਆਂ ਵਿੱਚ ਉਲਝਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਗੁਰੂਆੇਂ ਦੀ ਧਰਤੀ ਪੰਜਾਬ ਤੇ ਹੀ ਪੂਰਨ ਸਿੱਖ ਖੋਜ ਕਰਕੇ ਲੱਭਣੇ ਪਿਆ ਕਰਨਗੇ। ਇਸ ਲਈ ਇਕੱਠੇ ਬੈਠ ਕੇ ਵਿਚਾਰ ਕਰਨ ਦਾ ਸਮਾਂ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਮਾਮਲਿਆਂ ਦੇ ਨਾਲ ਨਾਲ ਸਿੱਖਿਆ ਖੇਤਰ ਵਿਚ ਵੀ ਕਦਮ ਵਧਾਉਣ ਲਈ ਅੱਗੇ ਆਏ ਅਤੇ ਆਪਣੀ ਜਿੰਮੇਵਾਰੀ ਨਿਭਾਏ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੀ ਗੰਭੀਰਤਾ ਨਾਲ ਆਦੇਸ਼ ਜਾਰੀ ਕਰਨ। ਸਿਰਫ ਦੇਸ਼ ਵਿਦੇਸ਼ ਵਿਚ ਲੰਗਰ ਚਲਾਉਣ ਨਾਲ ਹੀ ਸਿੱਖੀ ਦੀ ਪਹਿਚਾਣ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਇਸਤੋਂ ਉੱਪਰ ਉੱਠ ਕੇ ਸਹੀ ਅਤੇ ਸਾਰਥਿਕ ਕਦਮ ਉਠਾਉਣ ਦੀ ਜਰੂਰਤ ਹੈ।
ਹਰਵਿੰਦਰ ਸਿੰਘ ਸੱਗੂ।