ਜਗਰਾਉਂ, 26 ਸਤੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )- ਮੌਜੂਦਾ ਹਾਲਾਤਾਂ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਦੀਆਂ ਹਦਾਇਤਾਂ ’ਤੇ ਐਸ.ਪੀ.ਮਨਵਿੰਦਰ ਸਿੰਘ ਦੀ ਅਗਵਾਈ ਹੇਠ ਪੂਰੇ ਸ਼ਹਿਰ ਨੂੰ ਸਦਾਇਰੇ ਵਿਚ ਲੈਂਦਿਆਂ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਡੀ.ਐਸ.ਪੀ ਸਤਵਿੰਦਰ ਸਿੰਘ ਵਿਰਕ ਅਤੇ ਡੀ.ਐਸ.ਪੀ ਪਰਮਜੀਤ ਸਿੰਘ ਨੇ ਕਿਹਾ ਕਿ ਅਪਰਾਧਿਕ ਮਾਨਸਿਕਤਾ ਵਾਲੇ ਲੋਕਾਂ ਨੂੰ ਕਾਬੂ ਕਰਨ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਸਮੇਂ-ਸਮੇਂ ’ਤੇ ਫਲੈਗ ਮਾਰਚ ਕੱਢੇ ਜਾਂਦੇ ਹਨ, ਤਾਂ ਜੋ ਲੋਕ ਇਲਾਕੇ ਵਿੱਚ ਕੋਈ ਵੀ ਅਪਰਾਧੀ ਸਿਰ ਨਾ ਉਠਾ ਸਕੇ ਅਤੇ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰਹੇ। ਆਮ ਲੋਕਾਂ ਵਿੱਚ ਕਿਸੇ ਕਿਸਮ ਦਾ ਡਰ ਨਹੀਂ ਹੋਣਾ ਚਾਹੀਦਾ। ਲੋਕ ਕਿਤੇ ਵੀ ਆਸਾਨੀ ਨਾਲ ਆ ਜਾ ਸਕਣ। ਉਨ੍ਹਾਂ ਕਿਹਾ ਕਿ ਲੋਕ ਆਪ ਵੀ ਸੁਚੇਤ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਕਿਤੇ ਵੀ ਕਿਸੇ ਸ਼ੱਕੀ ਵਿਅਕਤੀ ਜਾਂ ਸਮਾਜ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਬਾਰੇ ਸੂਚਨਾ ਮਿਲੇ ਤਾਂ ਉਹ ਪੁਲਿਸ ਨਾਲ ਸਾਂਝੀ ਕਰਨ। ਇਹ ਫਲੈਗ ਮਾਰਚ ਤਹਿਸੀਲ ਚੌਕ ਤੋਂ ਸ਼ੁਰੂ ਹੋ ਕੇ ਝਾਂਸੀ ਰਾਣੀ ਚੌਕ, ਅੱਡਾ ਰਾਏਕੋਟ, ਕਮਲ ਚੌਕ, ਪੁਰਾਣੀ ਦਾਣਾ ਮੰਡੀ, ਰੇਲਵੇ ਰੋਡ, ਲਾਜਪਤ ਰਾਏ ਰੋਡ, ਨਵੀਂ ਦਾਣਾ ਮੰਡੀ, ਰੇਲਵੇ ਸਟੇਸ਼ਨ ਤੋਂ ਹੁੰਦੇ ਹੋਈ ਪੁਲੀਸ ਲਾਈਨ ਵਿਖੇ ਸਮਾਪਤ ਹੋਈ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ, ਥਾਣਾ ਸਿੱਧਵਾਂਬੇਟ ਦੇ ਇੰਚਾਰਜ ਇੰਸਪੈਕਟਰ ਕਰਮਜੀਤ ਸਿੰਘ, ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਅਮਰਜੀਤ ਸਿੰਘ, ਤਿੰਨੋਂ ਥਾਣਿਆਂ ਦੇ ਪੁਲਿਸ ਮੁਲਾਜ਼ਮ, ਮਹਿਲਾ ਮੁਲਾਜ਼ਮ ਅਤੇ ਪੀਸੀਆਰ ਮੁਲਾਜ਼ਮਾਂ ਨੇ ਫਲੈਗ ਮਾਰਚ ਵਿੱਚ ਸ਼ਮੂਲੀਅਤ ਕੀਤੀ।