ਮੋਗਾ, 7 ਅਕਤੂਬਰ: ( ਕੁਲਵਿੰਦਰ ਸਿੰਘ) –
ਇੰਸਪੈਕਟਰ ਜਨਰਲ ਆਫ਼ ਪੁਲਿਸ ਫਰੀਦਕੋਟ ਰੇਂਜ, ਫਰੀਦਕੋਟ ਦੇ ਹੁਕਮਾਂ ਮੁਤਾਬਿਕ ਮੋਗਾ ਪੁਲਿਸ ਵੱਲੋਂ ਸਰਕਾਰੀ ਹਦਾਇਤਾਂ ਅਨੁਸਾਰ ਮਾਲ ਮੁਕੱਦਮਾਂ ਤਲਫ਼ ਕੀਤਾ ਗਿਆ। ਮਾਲ ਮੁਕੱਦਮਾ ਤਲਫ਼ ਕਰਨ ਲਈ ਬਣਾਈ ਕਮੇਟੀ ਦੇ ਚੇਅਰਮੈਨ ਐਸ.ਐਸ.ਪੀ ਮੋਗਾ ਗੁਲਨੀਤ ਸਿੰਘ ਖੁਰਾਣਾ (ਆਈ.ਪੀ.ਐਸ), ਮੈਂਬਰ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਮੋਗਾ ਅਜੇਰਾਜ ਸਿੰਘ (ਪੀ.ਪੀ.ਐਸ.) ਅਤੇ ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ਼੍ਰੀ ਮੁਕਤਸਰ ਸਾਹਿਬ ਰਾਜੇਸ਼ ਸਨੇਹੀ ਬੱਤਾ (ਪੀ.ਪੀ.ਐਸ) ਇਸ ਸਮੇਂ ਮੌਜੂਦ ਸਨ।
ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਐਨ.ਡੀ.ਪੀ.ਐਸ ਐਕਟ ਦੇ 103 ਮੁਕੱਦਮਿਆ ਵਿੱਚ ਬ੍ਰਾਮਦ ਹੋਏ ਮਾਲ ਮੁਕੱਦਮਾ ਨੂੰ ਸੁਖਬੀਰ ਐਗਰੋ ਐਨਰਜੀ ਪਾਵਰ ਪਲਾਂਟ ਪਿੰਡ ਹਕੂਮਤ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਲਫ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 103 ਮੁਕੱਦਮਿਆਂ ਵਿੱਚ 1 ਕਿੱਲੋ 285 ਗ੍ਰਾਮ ਹੈਰੋਇਨ, 200 ਗ੍ਰਾਮ ਚਰਸ, 55 ਗ੍ਰਾਮ ਸਮੈਕ, 2 ਕਿੱਲੋ 199 ਗ੍ਰਾਮ ਨਸ਼ੀਲਾ ਪਾਊਡਰ, 2 ਕੁਇੰਟਲ 57 ਕਿੱਲੋ 500 ਗ੍ਰਾਮ ਪਪੀ ਹਸਕ, 35923 ਨਸ਼ੀਲੀਆਂ ਗੋਲੀਆਂ, 232 ਕੈਪਸੂਲ ਅਤੇ 74 ਬੋਤਲਾਂ ਸ਼ਾਮਿਲ ਹਨ। ਇਸਦੇ ਨਾਲ ਹੀ ਮੋਗਾ ਪੁਲਿਸ ਵੱਲੋਂ ਮਾਨਯੋਗ ਅਦਾਲਤ ਦੇ ਹੁਕਮ ਹਾਸਲ ਕਰਕੇ 33 ਐਨ.ਡੀ.ਪੀ.ਅੇਸ ਐਕਟ ਅਧੀਨ ਪ੍ਰੀ ਅਤੇ ਪੋਸਟ ਟਰੈਲ l ਮੁਕੱਦਮਿਆਂ ਦਾ ਮਾਲ ਮੁਕੱਦਮਾ ਕੁੱਲ 59 ਕਿੱਲੋ 785 ਗ੍ਰਾਮ ਅਫੀਮ ਨੂੰ ਸਰਕਾਰੀ ਓਪੀਅਮ ਐਂਡ ਅਲਕਾਲੋਆਇਡ ਨੀਮੱਚ (ਐਮ.ਪੀ.) ਵਿਖੇ ਜਮ੍ਹਾਂ ਕਰਵਾਇਆ ਗਿਆ।
ਸ੍ਰ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸਾਰਾ ਰਿਕਾਰਡ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਜਾਰੀ ਹੋਈਆਂ ਹਦਾਇਤਾਂ ਤਹਿਤ ਤਲਫ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਜ਼ਿਲ੍ਹਾ ਵਾਸੀਆਂ ਨੂੰ ਉੱਚ ਦਰਜੇ ਦੀਆਂ ਪੁਲਿਸ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
