ਮੋਗਾ, 7 ਅਕਤੂਬਰ (ਕੁਲਵਿੰਦਰ ਸਿੰਘ ) ਜ਼ਿਲਾ ਪ੍ਰਸਾਸ਼ਨ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ‘ਅਨੀਮੀਆ’ (ਖੂਨ ਦੀ ਕਮੀ) ਬਿਮਾਰੀ ਤੋਂ ਮੁਕਤ ਕਰਨ ਦਾ ਤਹੱਈਆ ਕੀਤਾ ਹੈ। ਕੋਸ਼ਿਸ਼ ਹੈ ਕਿ ਸਕਰੀਨਿੰਗ ਦੌਰਾਨ ਸਾਹਮਣੇ ਆਏ 10900 ਬੱਚਿਆਂ ਵਿੱਚ ਖੂਨ ਦੀ ਕਮੀ ਪੂਰੀ ਕਰਵਾ ਕੇ ਮੋਗਾ ਨੂੰ ਦੇਸ਼ ਦਾ ਪਹਿਲਾਂ ਉਹ ਜ਼ਿਲਾ ਬਣਾਇਆ ਜਾਵੇ ਜਿਸ ਦੇ 6ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀ ‘ਅਨੀਮੀਆ’ ਮੁਕਤ ਹਨ। ਇਹ ਉਪਰਾਲਾ ਦੇਸ਼ ਦੀ ਅਜ਼ਾਦੀ ਕਾ ਅੰਮਿ੍ਰਤ ਮਹਾਂ ਉਤਸਵ ਦੇ ਚੱਲਦਿਆਂ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਪਹਿਲਕਦਮੀ ਕਰਦਿਆਂ ਜੁਲਾਈ ਮਹੀਨੇ ਤੋਂ 170 ਸਰਕਾਰੀ ਸਕੂਲਾਂ ਵਿੱਚ ਪੜਦੇ 17043 (11856 ਲੜਕੀਆਂ ਅਤੇ 5187 ਲੜਕੇ) ਵਿਦਿਆਰਥੀਆਂ ਦੀ ਡਿਜ਼ੀਟਲ ਹੀਮੋਗਲੋਬਿਨ ਮੀਟਰ ਨਾਲ ਖੂਨ ਦੀ ਕਮੀ ਬਾਰੇ ਸਕਰੀਨਿੰਗ ਕਰਵਾਈ ਸੀ, ਜਿਨਾਂ ਵਿੱਚੋਂ 320 ਵਿਦਿਆਰਥੀ (268 ਲੜਕੀਆਂ ਅਤੇ 52 ਲੜਕੇ) ਗੰਭੀਰ ਅਨੀਮੀਆ ਤੋਂ ਪੀੜਤ ਪਾਏ ਗਏ ਹਨ, ਜਿਹੜੇ ਕਿ ਜ਼ਿਲੇ ਦੇ ਵੱਖ-ਵੱਖ 83 ਸਰਕਾਰੀ ਸਕੂਲਾਂ ਵਿੱਚ ਪੜ ਰਹੇ ਹਨ। ਇਸੇ ਤਰਾਂ 4452 ਵਿਦਿਆਰਥੀ ਹਲਕੇ ਅਨੀਮੀਆ ਅਤੇ 6128 ਵਿਦਿਆਰਥੀ ਬਹੁਤ ਹਲਕੇ ਅਨੀਮੀਆ ਤੋਂ ਪੀੜਤ ਸਾਹਮਣੇ ਆਏ ਹਨ, ਜੋ ਕਿ ਬਹੁਤੀ ਚਿੰਤਾ ਦਾ ਵਿਸ਼ਾ ਨਹੀਂ ਹੈ।
ਉਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਸਭ ਤੋਂ ਪਹਿਲਾਂ ਗੰਭੀਰ ਅਨੀਮੀਆ ਤੋਂ ਪੀੜਤ 320 ਵਿਦਿਆਰਥੀਆਂ ਵਿੱਚ ਖੂਨ ਦੀ ਕਮੀ ਦੂਰ ਕਰਨ ਲਈ ਬੀੜਾ ਚੁੱਕਿਆ ਗਿਆ ਹੈ, ਜਿਸ ਤਹਿਤ ਉਨਾਂ ਨੂੰ ਹਰੇਕ ਬੁੱਧਵਾਰ ਨੂੰ ਅਧਿਆਪਕਾਂ ਦੀ ਨਿਗਰਾਨੀ ਵਿੱਚ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ, ਪ੍ਰੋਟੀਨ ਯੁਕਤ ਖਾਧ ਪਦਾਰਥ ਅਤੇ ਪੋਸ਼ਟਿਕ ਆਹਾਰ ਦਿੱਤਾ ਜਾਇਆ ਕਰੇਗਾ, ਜੋ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮੁਹੱਈਆ ਕਰਵਾਇਆ ਜਾਇਆ ਕਰੇਗਾ। ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਵਾਲਾ ਇੱਕ ਵਟਸਐਪ ਗਰੁੱਪ ਬਣਾਇਆ ਜਾਵੇਗਾ, ਜਿਸ ਵਿੱਚ ਅਧਿਆਪਕਾਂ ਵੱਲੋਂ ਪੀੜਤ ਬੱਚਿਆਂ ਦੀਆਂ ਗੋਲੀਆਂ ਅਤੇ ਆਹਾਰ ਲੈਂਦਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾਇਆ ਕਰਨਗੀਆਂ।
ਇਸੇ ਤਰਾਂ ਬਾਕੀ ਵਿਦਿਆਰਥੀਆਂ ਦੇ ਨਾਲ-ਨਾਲ ਇਨਾਂ ਨੂੰ ਹਰੇਕ ਛੇ ਮਹੀਨੇ ਬਾਅਦ ਪੇਟ ਦੇ ਕੀੜੇ ਮਾਰਨ ਵਾਲੀਆਂ ‘ਐਲਬੈਂਡਾਜ਼ੋਲ’ ਗੋਲੀਆਂ ਵੀ ਦਿੱਤੀਆਂ ਜਾਇਆ ਕਰਨਗੀਆਂ। ਉਨਾਂ ਦੱਸਿਆ ਕਿ ਹਲਕੇ ਅਨੀਮੀਆ ਅਤੇ ਬਹੁਤ ਹਲਕੇ ਅਨੀਮੀਆ ਤੋਂ ਪੀੜਤ ਵਿਦਿਆਰਥੀਆਂ ਨੂੰ ਵੀ ਉਨਾਂ ਦੀ ਲੋੜ ਮੁਤਾਬਿਕ ਉਕਤ ਖੁਰਾਕ ਮੁਹੱਈਆ ਕਰਵਾਈ ਜਾਵੇਗੀ।
ਉਨਾਂ ਦੱਸਿਆ ਕਿ ਇਸ ਸੰਬੰਧੀ ਜ਼ਿਲਾ ਸਿੱਖਿਆ ਵਿਭਾਗ ਤੋਂ ਉਕਤ ਦਵਾਈਆਂ ਅਤੇ ਆਹਾਰ ਦੀ ਡਿਮਾਂਡ ਮੰਗੀ ਗਈ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਅਨੁਸਾਰ ਉਕਤ 320 ਵਿਦਿਆਰਥੀਆਂ ਨੂੰ ਉਕਤ ਪ੍ਰਕਿਰਿਆ ਰਾਹੀਂ ਦਵਾਈ ਅਤੇ ਆਹਾਰ ਦੇਣ ’ਤੇ ਕਰੀਬ 2 ਮਹੀਨੇ ਵਿੱਚ ਉਨਾਂ ਵਿੱਚ ਖੂਨ ਦੀ ਕਮੀ ਪੂਰੀ ਹੋ ਜਾਵੇਗੀ, ਜੋ ਕਿ ਜ਼ਿਲਾ ਪ੍ਰਸਾਸ਼ਨ ਦੀ ਇੱਕ ਵੱਡੀ ਪ੍ਰਾਪਤੀ ਹੋਵੇਗੀ। ਇਸ ਤਰਾਂ ਜ਼ਿਲਾ ਪ੍ਰਸਾਸ਼ਨ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਨਿਸਚਿਤ ਕੀਤਾ ਹੈ। ਉਨਾਂ ਭਰੋਸਾ ਪ੍ਰਗਟਾਇਆ ਕਿ ਇਸ ਉਪਰੰਤ ਮੋਗਾ ਦੇਸ਼ ਦਾ ਪਹਿਲਾ ਉਹ ਜ਼ਿਲਾ ਬਣ ਜਾਵੇਗਾ, ਜਿਸ ਵਿੱਚ 10 ਸਾਲ ਤੋਂ 19 ਸਾਲ ਤੱਕ ਦੇ ਸਾਰੇ ਵਿਦਿਆਰਥੀ ਅਨੀਮੀਆ ਰੋਗ ਤੋਂ ਮੁਕਤ ਹੋਣਗੇ।
ਡਿਪਟੀ ਕਮਿਸ਼ਨਰ ਨੇ ਇਸ ਉਪਰਾਲੇ ਲਈ ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਪਿਰਾਮਿਲ ਫਾਊਂਡੇਸ਼ਨ ਦੇ ਜ਼ਿਲਾ ਲੀਡ ਸ੍ਰੀ ਅਨੁਜ ਧੁੱਲ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੰਮ ਵਿੱਚ ਜ਼ਿਲਾ ਪ੍ਰਸਾਸ਼ਨ ਦਾ ਸਹਿਯੋਗ ਕਰਨ। ਇਸ ਦੌਰਾਨ ਉਨਾਂ ਸੰਬੰਧਤ ਵਿਭਾਗਾਂ ਦੇ ਜ਼ਿਲਾ ਮੁਖੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਇਸ ਕੰਮ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ।