ਲੁਧਿਆਣਾ 7 ਅਕਤੂਬਰ ( ਬੌਬੀ ਸਹਿਜਲ, ਧਰਮਿੰਦਰ) –

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅਮਰੀਕਾ ਵੱਸਦੇ ਪੰਜਾਬੀ ਲੇਖਕ, ਕਵੀ, ਖੋਜੀ ਤੇ ਜੈਨੇਟਿਕਸ ਵਿਗਿਆਨੀ ਡਾਃ ਗੁਰੂਮੇਲ ਸਿੱਧੂ ਦੇ ਸਦੀਵੀ ਵਿਛੋੜੇ ‘ਤੇ ਡੂੰਘੇ ਦੁੱਖ ਦਾ੍ ਪ੍ਰਗਟਾਵਾ ਕੀਤਾ ਗਿਆ। ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗੁਰਮੇਲ ਸਿੱਧੂ ਨੂੰ ਸ਼ਰਧਾਂਜਲੀ ਦੇਣ ਹਿੱਤ ਸ਼ੋਕ ਸਭਾ ਕੀਤੀ ਗਈ ਜਿਸ ਵਿੱਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਪੰਜਾਬੀ ਸਾਹਿਤ ਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀ ਸਾਹਿਤ ਲਈ ਗੁਰਮੇਲ ਸਿੱਧੂ ਦਾ ਸਰੀਰਕ ਵਿਛੋੜਾ ਇੱਕ ਵੱਡਾ ਘਾਟਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿੱਤੇ ਪੱਖੋਂ ਉਹ ਜੈਨੇਟਿਕਸ ਵਿਗਿਆਨੀ ਸਨ। ਉਹ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਜ਼ਬਾਨਾਂ ਦਾ ਪ੍ਰਬੁੱਧ ਲੇਖਕ ਸੀ।
ਉਨ੍ਹਾਂ ਨੇ ਦੁਬਿਧਾ, ਬੇਚੈਨ ਸਦੀ,ਅਪੈਰੀਆਂ ਵਾਟਾਂ, ਸਿਫ਼ਰ ਸਿਫ਼ਰ, ਸੁਰਖੀਆਂ, ਆਲੋਚਨਾ ਵਿੱਚ ਛੰਦਮੁਕਤ ਕਵਿਤਾ, ਤੇ ਕਾਵਿਆਕਾਰੀ, ਗਿਆਨ ਪੁਸਤਕ ਏਡਜ਼, ਸਿਮਰਤੀ ਦੇ ਹਾਸ਼ੀਏ (ਸਵੈ ਜੀਵਨੀ) ਸ਼ਬਦਾਂ ਦਾ ਸਗਨ ਤੇ ਗਦਰ ਪਾਰਟੀ ਦਾ ਦੂਜਾ ਪੱਖ ਵਰਗੀਆਂ ਮਹੱਤਵਪੂਰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਨੇ ਕਿਹਾ ਕਿ ਗੁਰਮੇਲ ਸਿੱਧੂ ਨੇ ਅਮਰੀਕਾ ਦੇ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਪੰਜਾਬੀ ਭਾਸ਼ਾ ਦੀ ਪੜ੍ਹਾਈ ਤੇ ਪੰਜਾਬ/ਸਿੱਖੀ ਨਾਲ ਸਬੰਧਿਤ ਚੇਅਰ ਸਥਾਪਿਤ ਕਰਨ ਲਈ ਹਰ ਬਣਦਾ ਯਤਨ ਕੀਤਾ।
ਉਹ ਉੱਤਰੀ ਅਮਰੀਕਾ ਵਿੱਚ ਲੇਖਕਾਂ ਨੂੰ ਜਥੇਬੰਦ ਕਰਨ ਵਿੱਚ ਰਵਿੰਦਰ ਰਵੀ, ਤਾਰਾ ਸਿੰਘ ਹੇਅਰ ਤੇ ਗੁਰਦੇਵ ਸਿੰਘ ਮਾਨ ਨਾਲ ਕਈ ਸਾਲ ਪਹਿਲਾਂ ਜੁੱਟੇ। ਅਮਰੀਕਾ ਵਿੱਚ ਵੀ ਸਾਹਿੱਤ ਸਭਾ ਕੈਲੇਫੋਰਨੀਆ ਅਤੇ ਵਿਸ਼ਵ ਪੰਜਾਾਬੀ ਸਾਹਿੱਤ ਅਕਾਡਮੀ ਦੇ ਵੀ ਉਹ ਬਾਨੀਆਂ ਚੋਂ ਇੱਕ ਸਨ।
ਕਾਲਜ ਦੀ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਕਿਹਾ ਗੁਰਮੇਲ ਸਿੱਧੂ ਨੇ ਸਾਹਿਤ ਅਤੇ ਸਮਾਜ ਸੱਭਿਆਚਾਰਕ ਧਰਮ ਤੇ ਸਾਇੰਸ ਜਿਹੇ ਵਿਸ਼ਿਆਂ ਸਬੰਧੀ ਬੜੀ ਹੀ ਬੇਬਾਕੀ ਨਾਲ ਲਿਖਿਆ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਗੁਰੂਮੇਲ ਸਿੱਧੂ ਦਾ ਜਨਮ 1940 ਨੂੰ ਫਿਲੌਰ ਤਹਿਸੀਲ ਦੇ ਪਿੰਡ ਪਾਸਲਾ ਵਿੱਚ ਹੋਇਆ ਤੇ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਵੀ ਰਹੇ।
ਉਨ੍ਹਾਂ ਨੇ ਕਿਹਾ ਕਿ ਉਹ ਖੋਜੀ ਬਿਰਤੀ ਵਾਲੇ ਇਨਸਾਨ ,ਵੱਡੇ ਕਵੀ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਾਇੰਸਦਾਨ ਸਨ। ਸਤਵੇਂ ਦਹਾਕੇ ਵਿੱਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਜਿਟਿੰਗ ਪ੍ਰੋਫੈਸਰ ਵਜੋਂ ਵੀ ਆਏ। ਉਨ੍ਹਾਂ ਦੀਆਂ ਬਹੁਦਿਸ਼ਾਵੀ ਖ਼ੂਬੀਆਂ ਉਸ ਦੀਆਂ ਰਚਨਾਵਾਂ ਵਿਚੋਂ ਝਲਕਦੀਆਂ ਹਨ। 2016 ਵਿੱਚ ਸਃ ਚਰਨਜੀਤ ਸਿੰਘ ਬਾਠ ਵੱਲੋਂ ਫਰਿਜਨੋ ਵਿਖੇ ਕਰਵਾਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਉਹ ਕੇਂਦਰ ਬਿੰਦੂ ਸਨ।
ਅਮਰੀਕਾ ਤੇ ਭਾਰਤ ਵਿੱਚ ਥਾਂ ਥਾਂ ਉਸ ਦੀ ਮੁਹੱਬਤ ਦੇ ਨਿਸ਼ਾਨ ਹਨ। ਇਸ ਮੌਕੇ ਪ੍ਰੋ ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ. ਜੀ.ਐਨ.ਆਈ.ਐਮ.ਟੀ., ਡਾ ਭੁਪਿੰਦਰ ਸਿੰਘ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਡਾ. ਹਰਪ੍ਰੀਤ ਸਿੰਘ ਦੂਆ, ਡਾ. ਤਜਿੰਦਰ ਕੌਰ, ਰਜਿੰਦਰ ਸਿੰਘ ਸੰਧੂ ਨੇ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।