ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਸਿਆਸੀ ਗਠਜੋੜ ਬਹੁਤ ਲੰਬਾ ਸਮਾਂ ਸਫਲਤਾ ਪੂਰਵਕ ਨਿਭਦਾ ਰਿਹਾ। ਸਾਲ 2020 ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਤਿੱਖੇ ਵਿਰੋਧ ਕਾਰਨ ਲੰਮੇ ਸਮੇਂ ਤੱਕ ਸਫ਼ਲਤਾਪੂਰਵਕ ਰਹੇ ਇਸ ਗਠਜੋੜ ਨੂੰ ਮਜਬੂਰੀ ਕਾਰਨ ਅਕਾਲੀ ਦਲ ਨੂੰ ਤੋੜਣਾ ਪਿਆ। ਭਾਵੇਂ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਫਰਜੰਦ ਸੁਖਬੀਰ ਸਿੰਘ ਬਾਦਲ ਅਤੇ ਨੂੰਹ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਸ਼ੁਰੂਆਤ ਵਿਚ ਕੇਂਦਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਪੰਜਾਬ ਲਈ ਬੇ-ਹੱਦ ਲਾਹੇਵੰਦ ਕਰਾਰ ਦਿਤਾ ਗਿਆ ਪਰ ਉਨ੍ਹਾਂ ਤਿੰਨੇਂ ਕਾਨੂੰਨਾਂ ਸੰਬੰਧੀ ਪੰਜਾਬ ਦੇ ਕਿਸਾਨਾਂ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਮੰਨੀ ਅਤੇ ਸੰਘਰਸ਼ ਲਗਾਤਾਰ ਤੇਜ ਹੁੰਦਾ ਗਿਆ। ਜਿਸ ਕਾਰਨ ਪੰਜਾਬ ਤੋਂ ਰਾਜਨੀਤਿਕ ਜਮੀਨ ਖਿਸਕਦੀ ਦੇਖ ਇਕੋ ਝਟਕੇ ਵਿਚ ਅਕਾਲੀ ਦਲ ਨੂੰ ਭਾਜਪਾ ਦਾ ਸਾਥ ਛੱਡਣਾ ਪਿਆ ਅਤੇ ਖੇਤੀ ਕਾਨੂੰਨ ਦੇ ਵਿਰੁੱਧ ਕਿਸਾਨਾਂ ਦੇ ਨਾਲ ਖੜ੍ਹੇ ਹੋਣਾ ਪਿਆ। ਉਸ ਤੋਂ ਬਾਅਦ ਦੋਵੇਂ ਪਾਰਟੀਆਂ ਵਲੋਂ ਅਲੱਗ-ਅਲੱਗ ਚੋਣਾਂ ਲੜੀਆਂ ਗਈਆਂ ਜਿਸ ਵਿਚ ਦੋਵਾਂ ਪਾਰਟੀਆਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪੰਜਾਬ ਵਿਚ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਹੀ ਇਕੋ ਜਿਹੇ ਰਾਜਸੀ ਪਲੇਟਫਾਰਮ ਤੇਂ ਖੜੇ ਹੋਏ ਹਨ। ਦੋਵੇਂ ਪਾਰਟੀਆਂ ਹੀ ਪੰਜਾਬ ਵਿਚ ਇਸ ਸਮੇਂ ਸਿਆਸੀ ਤੌਰ ’ਤੇ ਬੈਕਫੁੱਟ ’ਤੇ ਹਨ। ਇਨ੍ਹਾਂ ਹਾਲਾਤਾਂ ਨੂੰ ਦੋਵੇਂ ਪਾਰਟੀਆਂ ਭਲੀਭਾਂਤੀ ਜਾਣਦੀਆਂ ਹਨ ਅਤੇ ਇਕ ਹੋਣਾ ਵੀ ਚਾਹੁੰਦੀਆਂ ਹਨ ਪਰ ਅਸਲੀਅਤ ਵਿਚ ਪੁਰਾਣੀ ਕਹਾਵਤ ‘‘ ਪਹਿਲੇ ਆਪ, ਪਹਿਲੇ ਆਪ ’’ ਵਾਲੇ ਹਾਲਾਤਾਂ ਵਿਚੋਂ ਲੰਘ ਰਹੇ ਹਨ। ਦੋਵੇਂ ਪਾਰਟੀਆਂ ਦੇ ਆਗੂ ਇਹ ਚਾਹੁੰਦੇ ਹਨ ਕਿ ਦੂਸਰੀ ਪਾਰਟੀ ਦੇ ਨੇਤਾ ਹੀ ਇਸ ਗਠਜੋੜ ਲਈ ਪਹਿਲ ਕਰਨ। ਇਸੇ ਕਾਰਨ ਹੁਣ ਤੱਕ ਦੋਵਾਂ ਵਿਚਾਲੇ ਗਠਜੋੜ ਸੰਭਵ ਨਹੀਂ ਹੋ ਸਕਿਆ। ਭਾਵੇਂ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਸਮੇਂ-ਸਮੇਂ ’ਤੇ ਇਸ ਦੇ ਸੰਕੇਤ ਵੀ ਦਿੱਤੇ ਗਏ ਪਰ ਅਮਲੀ ਰੂਪ ’ਚ ਫਿਰ ਤੋਂ ਇਹ ਗਠਜੋੜ ਨਹੀਂੱ ਹੋ ਸਕਿਆ। ਹੁਣ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਫੇਰੀ ਦੌਰਾਨ ਇੱਕ ਵਾਰ ਫਿਰ ਅਕਾਲੀ-ਭਾਜਪਾ ਗਠਜੋੜ ਨੂੰ ਹਵਾ ਦਿੱਤੀ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਵੀ ਨਰਮ ਰਵੱਈਆ ਦਰਸਾ ਕੇ ਇਸ ਗੱਲ ਦੇ ਸਪੱਸ਼ਟ ਸੰਕੇਤ ਦਿਤੇ ਹਨ ਕਿ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪੰਜਾਬ ਵਿਚ ਮੁੜ ਇਕੱਠੀਆਂ ਚੋਣਾਂ ਲੜ ਸਕਦੀਆਂ ਹਨ। ਹਾਲਾਂਕਿ ਇਸ ਦਾ ਸੰਕੇਤ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਅਤੇ ਉਨ੍ਹਾਂ ਦੇ ਭੋਗ ਮੌਕੇ ਸਮੇਂ ਸਮੇਂ ਤੇ ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪਹੁੰਚਣਾ ਵੀ ਇਸ ਗੱਲ ਦਾ ਸੰਕੇਤ ਸੀ। ਇਸ ਤੋਂ ਇਲਾਵਾ ਜਦੋਂ ਨਵੀਂ ਪਾਰਲੀਮੈਂਟ ਭਵਨ ਦਾ ਉਦਘਾਟਨ ਕੀਤਾ ਗਿਆ ਤਾਂ ਦੇਸ਼ ਦੀਆਂ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੇ ਉਸ ਸਮਾਰੋਹ ਦਾ ਬਾਈਕਾਟ ਕੀਤਾ ਪਰ ਸ਼੍ਰੋਮਣੀ ਅਕਾਲੀ ਦਲ ਜਿਸਨੇ ਭਾਜਪਾ ਨਾਲ ਗਠਜੋੜ ਵੀ ਤੋੜਿਆ ਹੋਇਆ ਸੀ ਉਸਦੇ ਬਾਵਜੂਦ ਅਕਾਲੀ ਦਲ ਵਲੋਂ ਸੰਸਦ ਭਵਨ ਦੇ ਉਦਘਾਟਨ ਮੌਕੇ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕੀਤਾ। ਇਥੇ ਵੱਡਾ ਸਵਾਲ ਇਹ ਹੈ ਕਿ ਭਾਜਪਾ ਅਤੇ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਵਿੱਚ ਇਸ ਸਮੇਂ ਇੱਕ ਦੂਜੇ ਨਾਲ ਗਠਜੋੜ ਕਰਨ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ? ਸਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰਾਂ ਆਪੋ-ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ਭਰ ’ਚ 15 ਦੇ ਕਰੀਬ ਵਿਰੋਧੀ ਪਾਰਟੀਆਂ ਭਾਜਪਾ ਦੇ ਖਿਲਾਫ ਡਟੀਆਂ ਹੋਈਆਂ ਹਨ। ਮਹਾਂਗਠਜੋੜ ਨੂੰ ਸਫਲ ਬਣਾਉਣ ਲਈ ਦਿਨ ਰਾਤ ਸਿਆਸੀ ਮੰਥਨ ਚੱਲ ਰਿਹਾ ਹੈ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਮਹਾਂਗਠਜੋੜ ਦੀ ਕਾਮਯਾਬੀ ਦੀ ਪੂਰੀ ਉਮੀਦ ਹੈ। ਜਿਸਨੂੰ ਲੈ ਕੇ ਭਾਵੇਂ ਭਾਜਪਾ ਲੀਡਰਸ਼ਿਪ ਉਪਰੋਂ ਬੇਮਾਇਨੇ ਤੰਜ ਕਸ ਰਹੀ ਹੈ ਪਰ ਅੰਦਰੋਂ ਅੰਦਰੀਂ ਭਾਜਪਾ ਲੀਡਰਸ਼ਿਪ ਵੀ ਜਾਣਦੀ ਹੈ ਕਿ ਜੇਕਰ ਇਹ ਗਠਜੋੜ ਸਫਲ ਹੁੰਦਾ ਹੈ ਤਾਂ ਉਸ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਭਾਜਪਾ ਦੀ ਕੇਂਦਰ ਸਰਕਾਰ ਇਸ ਸਮੇਂ ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਦੇ ਮੁੱਦਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਬੈਕਫੁੱਟ ਤੇ ਹੈ। ਇਸ ਲਈ ਭਾਜਪਾ ਨੂੰ ਉਨ੍ਹਾਂ ਦਾ ਸਾਥ ਦੇਣ ਲਈ ਇੱਕ ਛੋਟੇ ਤੋਂ ਛੋਟੇ ਦਲ ਦੀ ਵੀ ਲੋੜ ਹੈ। ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ ਹੈ ਅਤੇ ਇਸ ਵਾਰ ਵੀ ਜੇਕਰ ਅਕਾਲੀ-ਭਾਜਪਾ ਗਠਜੋੜ ਦੇ ਤੌਰ ’ਤੇ ਲੋਕ ਸਭਾ ਚੋਣਾਂ ਲੜਦੇ ਹਨ, ਤਾਂ ਉਹ ਪੰਜਾਬ ਵਿਚ ਦੋਵੇਂ ਹੀ ਰਾਜਨੀਤਿਕ ਜਮੀਨ ਫਿਰ ਤੋਂ ਤਿਆਰ ਕਰਨ ਵੱਲ ਵਧ ਸਕਣਗੇ। ਜੇਕਰ ਅਕਾਲੀ ਭਾਜਪਾ ਗਠਦੋੜ ਫਿਰ ਤੋਂ ਹੁੰਦਾ ਹੈ ਤਾਂ ਇਸ ਵਾਰ ਰਾਜਨੀਤਿਕ ਸਮੀਕਰਣ ਹੋਰ ਹੋਣਗੇ। ਇਸਤੋਂ ਪਹਿਲਾਂ ਅਕਾਲੀ ਦਲ ਅਪਣੀ ਮਨਮਰਜੀ ਨਾਲ ਭਾਜਪਾ ਨੂੰ ਸੀਟਾਂ ਛੱਡਦਾ ਆਇਆ ਹੈ ਪਰ ਬੁਣ ਗੇਮ ਫਿਫਟੀ ਫਿਫਟੀ ਤੇ ਆ ਕੇ ਰੁਕੇਗੀ। ਇਹ ਸੰਭਵ ਵੀ ਹੋ ਸਕਦਾ ਹੈ ਕਿਉਂਕਿ ਹੁਣ ਦੋਵੇਂ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਹੈ।
ਹਰਵਿੰਦਰ ਸਿੰਘ ਸੱਗੂ।