ਸਿੱਧਵਾਂਬੇਟ, 26 ਜੂਨ ( ਬੌਬੀ ਸਹਿਜਲ, ਧਰਮਿੰਦਰ )-ਸਿੱਧਵਾਂਬੇਟ ਥਾਣੇ ਦੀ ਪੁਲਿਸ ਪਾਰਟੀਆਂ ਨੇ ਇੱਕ ਔਰਤ ਸਮੇਤ ਦੋ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 168 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਅਤੇ 13 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਏਐਸਆਈ ਰਾਜਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਸਮੇਤ ਡਰੇਨ ਪੁਲ ਅੱਬੂਪੁਰਾ ਵਿਖੇ ਚੈਕਿੰਗ ਲਈ ਮੌਜੂਦ ਸੀ। ਉੱਥੇ ਸੂਚਨਾ ਮਿਲੀ ਸੀ ਕਿ ਸੁਖਜਿੰਦਰ ਸਿੰਘ ਉਰਫ ਰਾਜੂ ਵਾਸੀ ਪਿੰਡ ਅੱਬੂਪੁਰਾ ਪਾਬੰਦੀਸ਼ੁਦਾ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਜੋ ਆਪਣੇ ਘਰ ਅੱਬੂਪੁਰਾ ਤੋਂ ਵੱਡੀ ਮਾਤਰਾ ਵਿੱਚ ਗੋਲੀਆਂ ਲੈ ਕੇ ਮੇਨ ਬੱਸ ਸਟੈਂਡ ਵੱਲ ਜਾ ਰਿਹਾ ਹੈ। ਇਈਸ ਸੂਚਨਾ ਤੇ ਪੁਲਸ ਪਾਰਟੀ ਨੇ ਸੁਖਜਿੰਦਰ ਸਿੰਘ ਨੂੰ ਕਾਬੂ ਕਰ ਕੇ ਉਸ ਕੋਲੋਂ 147 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਸਬ ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਪਾਰਟੀ ਸਮੇਤ ਪਿੰਡ ਤਲਵਾੜਾ ਦੇ ਮੁੱਖ ਗੇਟ ’ਤੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਪਿੰਡ ਤਲਵਾੜਾ ਦੀ ਰਹਿਣ ਵਾਲੀ ਗੁਰਮੀਤ ਕੌਰ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੀ ਹੈ। ਜੋ ਟੀਕੇ ਅਤੇ ਗੋਲੀਆਂ ਦੀ ਸਪਲਾਈ ਲਈ ਆਪਣੇ ਘਰ ਦੇ ਬਾਹਰ ਗਾਹਕਾਂ ਦੀ ਉਡੀਕ ਕਰ ਰਹੀ ਹੈ। ਇਸ ਸੂਚਨਾ ’ਤੇ ਗੁਰਮੀਤ ਕੌਰ ਨੂੰ ਉਸ ਦੇ ਘਰ ਛਾਪਾ ਮਾਰ ਕੇ 13 ਨਸ਼ੀਲੇ ਇੰਜੈਕਸ਼ਨ ਅਤੇ 21 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।