ਜਗਰਾਉਂ, 26 ਜੂਨ ( ਅਸ਼ਵਨੀ, ਮੋਹਿਤ ਜੈਨ )-ਵਿਦੇਸ਼ ਭੇਜਣ ਦੇ ਬਹਾਨੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕਿਰਨਦੀਪ ਕੌਰ ਵਾਸੀ ਪਿੰਡ ਕੋਕਰੀ ਕਲਾਂ, ਜ਼ਿਲ੍ਹਾ ਮੋਗਾ ਦੇ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਗਤਾਰ ਸਿੰਘ ਵਾਸੀ ਪਿੰਡ ਸੰਗਤਪੁਰਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਕੋਕਰੀ ਕਲਾਂ ਵਾਸੀ ਕਿਰਨਦੀਪ ਕੌਰ ਨੇ ਐਡਵਾਂਸ ਇਮੀਗ੍ਰੇਸ਼ਨ ਦੇ ਨਾਂ ’ਤੇ ਦਫ਼ਤਰ ਖੋਲਿ੍ਹਆ ਹੋਇਆ ਹੈ। ਉਸ ਨੇ ਮੇਰੇ ਲੜਕੇ ਲਵਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਸਾਡੇ ਨਾਲ 15 ਲੱਖ ਰੁਪਏ ਦੀ ਠੱਗੀ ਮਾਰੀ। ਉਸ ਨੇ ਨਾ ਤਾਂ ਲਵਪ੍ਰੀਤ ਸਿੰਘ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ। ਇਸ ਸ਼ਿਕਾਇਤ ਦੀ ਜਾਂਚ ’ਚ ਸਾਹਮਣੇ ਆਇਆ ਕਿ ਕਿਰਨਦੀਪ ਕੌਰ ਨੇ ਇਮੀਗ੍ਰੇਸ਼ਨ ਕੰਸਲਟੈਂਟ ਦਾ ਲਾਇਸੈਂਸ ਲਿਆ ਹੋਇਆ ਹੈ, ਜੋ ਕਿ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਜਾਣਕਾਰੀ ਹੀ ਦੇਣ ਯੋਗ ਹੈ , ਪਰ ਉਸ ਰਾਹੀਂ ਉਹ ਇਮੀਗ੍ਰੇਸ਼ਨ ਦਾ ਕੰਮ ਕਰ ਰਹੀ ਹੈ। ਉਸ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸ਼ਿਕਾਇਤਕਰਤਾ ਜਗਤਾਰ ਸਿੰਘ ਦੇ ਪੁੱਤਰ ਲਵਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਜਗਤਾਰ ਸਿੰਘ ਤੋਂ 15 ਲੱਖ ਰੁਪਏ ਆਪਣੇ ਨਿੱਜੀ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਕੇ ਉਨ੍ਹਾਂ ਨਾਲ ਠੱਗੀ ਮਾਰ ਲਈ। ਜਿਸ ’ਤੇ ਕਿਰਨਦੀਪ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।