ਇਸ ਵਾਰ ਪੰਜਾਬ ਵਿੱਚ ਲੋਕਾਂ ਵੱਲੋਂ ਇੱਕ ਵੱਡੀ ਤਬਦੀਲੀ ਦੀ ਇੱਛਾ ਨਾਲ ਪੰਜਾਬ ਦੀ ਰਵਾਇਤੀ ਅਤੇ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਬੁਰੀ ਤਰ੍ਹਾਂ ਨਕਾਰਦੇ ਹੋਏ ਭਾਰੀ ਬਹੁਮਤ ਦੇ ਕੇ ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਦੇ ਹਵਾਲੇ ਕਰ ਦਿਤੀ। ਉਸ ਸਮੇਂ ਪੰਜਾਬ ਦੇ ਵਸਨੀਕਾਂ ਵਿੱਚ ਅਤੇ ਵਿਦੇਸ਼ ਵਿੱਚ ਬੈਠੇ ਪੰਜਾਬ ਦੇ ਮੂਲ ਵਾਸੀਆਂ ਵਿੱਚ ਇਹ ਇੱਛਾ ਅਤੇ ਉਮੀਦ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਕੁਝ ਬਦਲਾ ਲੈ ਕੇ ਆਏਗੀ। ਪਰ ਆਮ ਆਦਮੀ ਪਾਰਟੀ ਦੇ ਹੁਣ ਤੱਕ ਦੇ ਸ਼ਾਸਨ ਦੌਰਾਨ ਸਾਰਿਆਂ ਦੇ ਨਿਰਾਸ਼ਾ ਹੀ ਹੱਥ ਲੱਗੀ। ਇਸ ਸਮੇਂ ਪੰਜਾਬ ਵਿਚ ਸਭ ਤੋਂ ਵੱਡਾ ਮਸਲਾ ਅਮਨ-ਕਾਨੂੰਨ ਦਾ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਨਾਲ ਚਰਮਰਾ ਚੁੱਕੀ ਹੈ। ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਹਾਲ ਹੀ ਵਿੱਚ ਵਾਪਰੀਆਂ ਦੋ ਘਟਨਾਵਾਂ ਨੇ ਪੰਜਾਬ ਨੂੰ ਇੱਕ ਵਾਰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਦੇ ਦਿਲ ਲੁਧਿਆਣਆ ਵਿਚ ਕਰੋੜਾਂ ਰੁਪਏ ਦੀ ਡਕੈਤੀ ਅਜੇ ਸੁਰਖੀਆਂ ਵਿਚ ਹੀ ਸੀ ਕਿ ਅਗਲੇ ਹੀ ਦਿਨ ਮੋਗਾ ਵਿਖੇ ਭਰੇ ਬਾਜਾਰ ਵਿਚ ਦਿਨ ਦਿਹਾੜੇ ਇੱਕ ਸੁਨਿਆਰੇ ਦਾ ਲੁਟੇਰਿਆਂ ਨੇ ਗੋਲੀ ਮਾਰ ਕੇ ਕਤਲ ਕਰ ਦਿਤਾ ਅਤੇ ਦੁਕਾਨ ਲੁੱਟ ਕੇ ਲੈ ਗਏ। ਇਨ੍ਹਾਂ ਦੋਵਾਂ ਘਟਨਾਵਾਂ ’ਚ ਭਾਵੇਂ ਪੁਲਿਸ ਉਹ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਇਹ ਗ੍ਰਿਫ਼ਤਾਰੀ ਉਸ ਸੁਨਿਆਰੇ ਦੇ ਪਰਿਵਾਰ ਨੂੰ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਜਿਸ ਦਾ ਬੇਕਸੂਰ ਹੁੰਦੇ ਹੋਏ ਕਤਲ ਕਰ ਦਿਤਾ ਗਿਆ, ਉਹ ਵਾਪਿਸ ਨਹੀਂ ਮਿਲ ਸਕੇਗਾ। ਮੌਜੂਦਾ ਸਮੇਂ ਅੰਦਰ ਭਾਵੇਂ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦਾ ਹਰ ਨੁਮਾਇੰਦਾ ਇਮਾਨਦਾਰੀ ਦਾ ਢੰਡੋਰਾ ਪਿੱਟ ਰਿਹਾ ਹੈ ਪਰ ਅਸਲੀਅਤ ਇਸਦੇ ਬਿਲਕੁਲ ਹੀ ਉਲਟ ਹੈ। ਖਾਸ ਕਰਕੇ ਪੁਲੀਸ ਵਿਭਾਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਇਨਸਾਫ਼ ਨਾਮ ਦੀ ਚਿੜੀ ਕਦੋਂ ਦੀ ਫੁਰਰਰ. ਹੋ ਚੁੱਕੀ ਹੈ। ਹੁਣ ਹਾਲਤ ਇਹ ਹੈ ਕਿ ਪੈਸਾ ਫੇਂਕ, ਤਮਾਸ਼ਾ ਦੇਖ ਵਾਲੇ ਬਣ ਚੁੱਤੇ ਹਨ। ਫਰਕ ਸਿਰਫ ਇੰਨਾ ਹੈ ਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਵਿੱਚ ਭ੍ਰਿਸ਼ਟ ਅਧਿਕਾਰੀ ਖੁਦ ਮੇਜ਼ ਹੇਠੋਂ ਪੈਸਾ ਲੈ ਲੈਂਦੇ ਸਨ ਪਰ ਹੁਣ ਬਦਲਾਅ ਦੇ ਦੌਰ ਵਿਚ ਭ੍ਰਿਸ਼ਟ ਅਧਿਕਾਰੀ ਖੁਦ ਪੈਸੇ ਨਹੀਂ ਲੈ ਰਹੇ ਬਲਕਿ ਇਸ ਕੰਮ ਲਈ ਦਲਾਲ ਹਨ। ਕੋਈ ਵੀ ਗੈਰ ਕਾਨੂੰਨੀ ਕੰਮ ਪੁਲਿਸ ਨੂੰ ਪੈਸੇ ਦੇ ਕੇ ਆਸਾਨੀ ਨਾਲ ਕਰਵਾਇਆ ਜਾ ਸਕਦਾ ਹੈ। ਵੈਸੇ ਤਾਂ ਇਸਦੀਆਂ ਉਦਹਾਰਣਾ ਪੂਰੇ ਪੰਜਾਬ ਵਿੱਚ ਹੀ ਮਿਲ ਸਕਦੀਆਂ ਹਨ ਪਰ ਮੈਂ ਆਪਣੇ ਸ਼ਹਿਰ ਜਗਰਾਓਂ ਦੀ ਗੱਲ ਕਰਾਂ ਤਾਂ ਇਥੇ ਮੈਂ ਖੁਦ ਇਸਦੀ ਵੱਡੀ ਮਿਸਾਲ ਹਾਂ ਕਿਉਂਕਿ ਜਗਰਾਉਂ ਪੁਲਿਸ ਖੁਦ ਮੇਰਾ ਨਾਮ ਇਕ ਸੰਗੀਨ ਧਾਰਾਵਾਂ ਹੇਠ ਦਰਜ ਮੁਕਦਮੇਂ ਵਿਚ ਕਿਸੇ ਭਾਰੀ ਦਬਾਅ ਅਧੀਨ ਪਾ ਰਹੀ ਹੈ। ਪੈਸੇ ਅਤੇ ਰਾਜਨੀਤਿਕ ਦਬਾਅ ਦਾ ਦਬ ਦਬਾ ਇਸ ਤਰ੍ਹਾਂ ਹਾਵੀ ਹੈ ਕਿ ਮੈਨੂੰ ਬੇਕਸੂਰ ਹੁੰਦੇ ਹੋਏ ਵੀ ਹਾਈ ਕੋਰਟ ਤੱਕ ਦਾ ਦਰਵਾਜਾ ਖਟਖਟਾਉਣਾ ਰਿਆ। ਇਥੇ ਹੈਰਾਨੀਜਨਕ ਗੱਲ ਇਹ ਰਹੀ ਕਿ ਜਗਰਾਓਂ ਦੇ ਹੇਠਾਂ ਤੋਂ ਲੈ ਕੇ ਐਸ ਐਸ ਪੀ ਤੱਕ ਦੇ ਅਧਿਕਾਰੀ ਖੁਦ ਆਪਣੇ ਮੂੰਹ ਤੋਂ ਇਹ ਗੱਲ ਕਬੂਲ ਕਰਦੇ ਰਹੇ ਕਿ ਇਹ ਨਹੀਂ ਹੋ ਸਕਦਾ। ਜਦੋਂ ਤੁਸੀਂ ਕੁਝ ਕੀਤਾ ਹੀ ਨਹੀਂ ਤਾਂ ਤੁਹਾਨੂੰ ਕਿਵੇਂ ਨਾਮਜ਼ਦ ਕਰ ਸਕਦੇ ਹਾਂ ? ਪਰ ਫਿਰ ਵੀ ਕਰ ਰਹੇ ਹਨ। ਇਸ ਵਿਚ ਉਨ੍ਹਾਂ ਦੀ ਕੀ ਮਜਬੂਰੀ ਹੈ, ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ। ਭਾਵੇਂ ਕਿ ਇਸ ਸਮੇਂ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਹੈ, ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਤੋਂ ਇਲਾਵਾ ਪੰਜਾਬ ਪੱਧਰ ’ਤੇ ਸਾਡੇ ਪ੍ਰੈੱਸ ਭਾਈਚਾਰੇ ਦੇ ਧਿਆਨ ਵਿਚ ਹੈ। ਇਸ ਵਿਚ ਸਥਿਤੀ ਸਪਸ਼ਟ ਹੋਣ ਲਈ ਇਕ ਮਹੀਨੇ ਦਾ ਸਮਾਂ ਪੁਲਿਸ ਪਾਸ ਹੈ। ਹੋ ਸਕਦਾ ਹੈ ਕਿ ਇੱਥੋਂ ਦੀ ਪੁਲਿਸ ਸਿਆਸੀ ਦਬਾਅ ਜਾਂ ਕਿਸੇ ਹੋਰ ਕਾਰਨ ਕਰਕੇ ਮੇਰੇ ਖਿਲਾਫ ਕੋਈ ਅਜਿਹਾ ਕਦਮ ਚੁੱਕ ਲਵੇ, ਫਿਰ ਇਹ ਮਾਮਲਾ ਪੰਜਾਬ ਪੱਧਰ ਤੱਕ ਸਰਕਾਰ ਅਤੇ ਅਧਿਕਾਰੀਆਂ ਦੇ ਹਰ ਮੰਚ ਤੱਕ ਗੂੰਜੇਗਾ। ਜਿਸਦੀ ਜਵਾਬਦੇਹੀ ਸਰਕਾਰ ਅਤੇ ਅਫਸਰਸ਼ਾਹੀ ਨੂੰ ਦੇਣੀ ਮੁਸ਼ਿਕਲ ਹੋ ਜਾਵੇਗੀ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਉਦਾਹਰਣਾਂ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਸਾਡੇ ਸਾਹਮਣੇ ਆ ਰਹੀਆਂ ਹਨ। ਪੰਜਾਬ ਵਿੱਚ ਮਸ਼ਹੂਰ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ, ਕਬੱਡੀ ਖਿਡਾਰੀ ਦਾ ਕਤਲ ਅਤੇ ਅਜਿਹੀਆਂ ਕਈ ਹੋਰ ਅਪਰਾਧਿਕ ਘਟਨਾਵਾਂ ਵਾਪਰ ਚੁੱਕੀਆਂ ਹਨ, ਜੋ ਹੁਣ ਤੱਕ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਫਿਲਹਾਲ ਭਗਵੰਤ ਮਾਨ ਸਰਕਾਰ ਦੇ ਸਾਰੇ ਮੰਤਰੀ ਸਮੇਤ ਮੁੱਖ ਮੰਤਰੀ ਇਮਾਨਦਾਰੀ ਅਤੇ ਇਨਸਾਫ ਦੀ ਦੁਹਾਈ ਦਿੰਦੇ ਨਹੀਂ ਥੱਕਦੇ। ਇਸ ਸਮੇਂ ਜਦੋਂ ਕੋਈ ਪੁਲਿਸ ਅਤੇ ਰਾਜਨੀਤਿਕ ਧੱਕੇਸ਼ਾਹੀ ਦੀ ਗੱਲ ਕਰਦਾ ਹੈ ਤਾਂ ਸਰਕਾਰ ਇਹ ਕਹਿ ਕੇ ਹੱਲਾ ਬੋਲਦੀ ਹੈ ਕਿ ਅਪੋਜੀਸ਼ਨ ਵਾਲੇ ਫਾਲਤੂ ਸ਼ੋਰ ਮਚਾ ਰਹੇ ਹਨ ਪਰ ਮੌਜੂਦਾ ਸਮੇਂ ਵਿਚ ਜੋ ਵਾਪਰ ਰਿਹਾ ਹੈ ਉਹ ਆਮ ਜੰਤਾ ਦੀ ਆਵਾਜ ਹੈ। ਜੋ ਸਰਕਾਰ ਨੂੰ ਸੁਨਣੀ ਚਾਹੀਦੀ ਹੈ। ਸਿਰਫ ਅਪੋਜੀਸ਼ਨ ਦਾ ਕਹਿ ਕੇ ਅਸਲੀਅਤ ਤੋਂ ਅੱਖਾਂ ਨਾ ਮੀਚੀਆਂ ਜਾਣ। ਸਮਾਂ ਆਉਣ ’ਤੇ ਸਰਕਾਰ ਨੂੰ ਖੁਦ ਹੀ ਇਸ ਗੱਲ ਦਾ ਅਹਿਸਾਸ ਹੋਵੇਗਾ। ਵਿਰੋਧੀ ਪਾਰਟੀਆਂ ਦੇ ਆਗੂ ਹੀ ਨਹੀਂ ਬਲਕਿ ਪੰਜਾਬ ਦੀ ਆਮ ਜਨਤਾ ਵੀ ਇਸ ਸਬੰਧ ਵਿੱਚ ਤੁਹਾਡੇ ਕੋਲੋਂ ਜਵਾਬ ਚਾਹੁੰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿਚ ਚੱਲ ਰਹੀ ਬੇਲਗਾਮ ਪੁਲਿਸ ’ਤੇ ਕੁਝ ਲਗਾਮ ਲਗਾਉਣ। ਜੇਕਰ ਤੁਸੀਂ ਪੰਜਾਬ ਵਿੱਚ ਅਮਨ-ਕਾਨੂੰਨ ਨਹੀਂ ਸੁਧਾਰ ਸਕਦੇ ਤਾਂ ਪੰਜਾਬ ਵਿੱਚ ਹੋਰ ਕਿਹੜੀਆਂ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ। ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ, ਪਰ ਨਾਲ ਹੀ ਤੁਸੀਂ ਇਹ ਵੀ ਜਾਣਦੇ ਹੋ ਕਿ ਪੰਜਾਬੀ ਕਿਸੇ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਦੇ। ਪੰਜਾਬ ਦੇ ਵਸਨੀਕਾਂ ਨੂੰ ਸਿਰਫ਼ ਸ਼ਾਂਤੀ ਨਾਲ ਰਹਿਣ ਦਾ ਅਤੇ ਜ਼ਮੀਨ-ਜਾਇਦਾਦ ਦੀ ਸੁਰੱਖਿਅਤ ਮਾਲਕੀ ਦਾ ਹੱਕ ਜੋ ਸਾਡੇ ਬਜ਼ੁਰਗ ਜਾਂ ਬੱਚੇ ਪੰਜਾਬ ਛੱਡ ਕੇ ਵਿਦੇਸ਼ ਚਲੇ ਗਏ ਹਨ, ਉਹ ਚਾਹੁੰਦੇ ਹਨ ਕਿ ਉਹ ਜਿੱਥੇ ਵੀ ਹੋਣ ਦੀ ਜਾਇਦਾਦ ਦੀ ਸੁਰੱਖਿਆ ਹੋਵੇ। ਜੇਕਰ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਾਸ਼ਨ ਵਿਚ ਪਹਿਲੀਆਂ ਸਰਕਾਰਾਂ ਵਾਂਗ ਪੁਲਿਸ ਹੀ ਕਿਸੇ ਵੀ ਤਰ੍ਹਾਂ ਦੇ ਲਾਲਚ ਜਾਂ ਦਬਾਅ ਅਧੀਨ ਜਾਇਜ ਨੂੰ ਨਜਾਇਜ ਅਤੇ ਨਜਾਇਜ ਨੂੰ ਜਾਇਜ ਕਰ ਰਹੀ ਹੈ ਤਾਂ ਫਿਰ ਬਦਲਾਅ ਕਿਸ ਗੱਲ ਦਾ ਹੈ। ਜੇਕਰ ਇਸੇ ਤਰ੍ਹਾਂ ਗੀ ਚੱਲਣਾ ਹੈ ਤਾਂ ਅੱਜ ਤੋਂ ਬਦਲਾਅ ਦਾ ਨਾਅਰਾ ਲਾਉਣਾ ਬੰਦ ਕਰੋ ਅਤੇ ਪੰਜਾਬ ਦੇ ਲੋਕਾਂ ਨੂੰ ਰਹਿਮ ਤੇ ਛੱਡ ਦਿਓ।
ਹਰਵਿੰਦਰ ਸਿੰਘ ਸੱਗੂ।