ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ’ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇਸ ਸਦੀ ਦੇ ਮਹਾਨ ਜਰਨੈਲ ਦਾ ਖਿਤਾਬ ਵੀ ਸਿੱਖ ਸੰਗਤਾਂ ਵੱਲੋਂ ਦਿਤਾ ਗਿਆ ਹੈ। ਉਨ੍ਹਾਂ ਲਈ ਸਿੱਖਾਂ ਦੇ ਦਿਲਾਂ ਵਿੱਚ ਭਾਰੀ ਸ਼ਰਧਾ ਤੇ ਸਤਿਕਾਰ ਹੈ। ਹੁਣ ਅਚਾਨਕ 39 ਸਾਲਾਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਹਿਯੋਗੀ ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਇੱਕ ਵਾਰ ਫਿਰ ਮੀਡੀਆ ਸਾਹਮਣੇ ਆ ਕੇ ਬਿਆਨ ਦਿੱਤਾ ਹੈ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਛੱਡਣਾ ਚਾਹੁੰਦੇ ਸਨ। ਉਹ ਇਹ ਨਹੀਂ ਚਾਹੁੰਦੇ ਸਨਮ ਕਿ ਫੌਜ ਕਿੇ ਵੀ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰੇ। ਉਨ੍ਹਾਂ ਦੇ ਇਸ ਬਿਆਨ ਵਿੱਚ ਕੀ ਸੱਚਾਈ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੱਚਮੁੱਚ ਹੀ ਛੱਡਣਾ ਚਾਹੁੰਦੇ ਸਨ, ਇਹ ਤਾਂ ਤੱਥਾਂ ਦੇ ਆਧਾਰ ’ਤੇ ਹੀ ਪਤਾ ਲੱਗ ਸਕੇਗਾ। ਪਰ ਇੰਨੇ ਲੰਬੇ ਸਮੇਂ ਅਚਾਨਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਪ੍ਰਤੀ ਨਵੀਆਂ ਗੱਲਾਂ ਸਾਹਮਣੇ ਆਉਣ ਦਾ ਕਾਰਨ ਕੀ ਹੈ, ਇਹ ਯਕੀਨੀ ਤੌਰ ’ਤੇ ਸੋਚਣ, ਸਮਝਣ ਅਤੇ ਜਾਂਚ ਦਾ ਵਿਸ਼ਾ ਹੈ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਆਮ ਇਨਸਾਨ ਨਹੀਂ ਸਨ, ਸਗੋਂ ਇੱਕ ਸੋਚ ਅਤੇ ਵਿਚਾਰਧਾਰਾ ਸਨ। ਜਿਸਨੂੰ ਅੱਜ ਵੀ ਬਹੁਤੇ ਲੋਕਾਂ ਵਲੋਂ ਪੰਜਾਬ ਵਿੱਚ ਅਪਣਾਇਆ ਅਤੇ ਅੱਜ ਵੀ ਲੱਖਾਂ ਲੋਕ ਉਨ੍ਹੰ ਦੀ ਸੋਚ ’ਤੇ ਪਹਿਰਾ ਦੇ ਕੇ ਚੱਲ ਰਹੇ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਲਈ ਇੱਕ ਸਤਿਕਾਰਯੋਗ ਹਸਤੀ ਹਨ। ਤੁਹਾਨੂੰ ਯਾਦ ਹੋਵੇਗਾ ਜਦੋਂ 1984 ਵਿਚ ਫੌਜ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਦੇ ਗੋਲੇ ਦਾਗੇ ਗਏ, ਉਨ੍ਹਾਂ ਤੋਪਾਂ ਦੇ ਗੋਲਿਆਂ ਦਾ ਮੁਕਾਬਲਾ ਕਰਦਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਅਤੇ ਹੋਰ ਮਹਾਨ ਯੋਧੇ ਉਸ ਸਮੇਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਜਿਸ ਤੋਂ ਬਾਅਦ ਇਹ ਕਹਿ ਕੇ ਸਿੱਖ ਕੌਮ ਵਿੱਚ ਲੰਮੇ ਸਮੇਂ ਤੱਕ ਗੁੰਮਰਾਹ ਕੀਤਾ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾ ਹਨ, ਉਹ ਵੀ ਜਿਥੇ ਹੀ ਰਹਿ ਰਹੇ ਹਨ, ਉਹ ਸੁਰੱਖਿਅਤ ਹਨ ਅਤੇ ਸਮਾਂ ਆਉਣ ’ਤੇ ਉਹ ਫਿਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਨਤਮਸਤਿਕ ਹੋਣਗੇ। ਇਸ ਸਾਰੀ ਸਾਜਿਸ਼ ਦੇ ਪਿਛੇ ਏਜੰਸੀਆਂ ਦਾ ਹੱਥ ਮੰਨਿਆ ਗਿਆ ਸੀ ਕਿਉਂਕਿ ਜੇਕਰ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਐਲਾਨ ਦਿੱਤਾ ਜਾਂਦਾ ਤਾਂ ਅੱਜ ਦੇ ਗਾਲਾਤ ਕੁਝ ਹੋਰ ਹੋਣੇ ਸਨ। ਕਈ ਸਾਲਾਂ ਬਾਅਦ ਦਮਦਮੀ ਟਕਸਾਲ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੋ ਚੁੱਕੇ ਹਨ। ਉਸ ਸਮੇਂ ਬਹੁਤ ਦੇਰ ਹੋ ਚੁੱਕੀ ਸੀ। ਪਰ ਇਸ ਦੇ ਬਾਵਜੂਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਲਈ ਆਦਰਸ਼ ਬਣੇ ਹੋਏ ਹਨ ਅਤੇ ਸਰਵੇਖਣ ਦੌਰਾਨ ਉਨ੍ਹਾਂ ਨੂੰ ਸਦੀ ਦੇ ਮਹਾਨ ਜਰਨੈਲ ਐਲਾਣਿਆ ਗਿਆ। ਹੁਣ ਫਿਰ ਅਚਾਨਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਗੁੰਮਰਾਹਕੁੰਨ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ, ਜੋ ਕਿ ਨਹੀਂ ਹੋਣੀ ਚਾਹੀਦੀ। ਸੰਤ ਜਰਨੈਲ ਸਿੰਘ ਭਿੰਡਰਾਵਾਲੇ ਕਿਹਾ ਕਰਦੇ ਸਨ ਕਿ ਸ਼ਰੀਰਿਕ ਤੌਰ ਤੇ ਮਰਨਾ ਮੌਤ ਨਹੀਂ ਹੈ ਬਲਕਿ ਜਮੀਰ ਦਾ ਮਰ ਜਾਣਾ ਅਸਲ ਮੌਤ ਹੈ। ਜਿਸ ਵਿਅਕਤੀ ਦੀ ਜ਼ਮੀਰ ਮਰ ਗਈ ਹੈ, ਉਸ ਨੂੰ ਜਿਉਂਦੇ ਜੀ ਹੀ ਮਰ ਜਾਂਦਾ ਹੈ। ਉਸਨੂੰ ਜਿਊੰਦੇ ਨਹੀਂ ਮੰਨਿਆ ਜਾ ਸਕਦਾ। ਦੁਨੀਆਂ ਵਿੱਚ ਕੁਝ ਅਜਿਹੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਹਨ ਜੋ ਇਕ ਸੋਚ ਲੈ ਕੇ ਪੈਦਾ ਹੁੰਦੀਆਂ ਹਨ। ਭਾਵੇਂ ਸਰੀਰਿਕ ਤੌਰ ਤੇ ਉਹ ਇਸ ਸੰਸਾਰ ਤੋਂ ਚਲੇ ਜਾਣ ਪਰ ਉਨ੍ਹਾਂ ਸੋਚ ਹਮੇਸ਼ਾ ਜਿਉਂਦੀ ਰਹਿੰਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਜਿਨ੍ਹਾਂ ਨੂੰ ਸੰਤ ਸਿਪਾਹੀ ਦਾ ਦਰਜਾ ਦਿੱਤਾ ਜਾਂਦਾ ਹੈ। ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸ ਲਈ ਅਜਿਗੀਆਂ ਮਹਾਨ ਹਸਤੀਆਂ ਲਈ ਬੇਲੋੜੇ ਵਿਵਾਦ ਖੜੇ ਕਰਨਾ ਮੰਦਭਾਗਾ ਹੈ।
ਹਰਵਿੰਦਰ ਸਿੰਘ ਸੱਗੂ।