ਜਗਰਾਉਂ, 5 ਫਰਵਰੀ ( ਬੌਬੀ ਸਹਿਜਲ, ਅਸ਼ਵਨੀ )- ਇੱਥੋਂ ਨੇੜਲੇ ਪਿੰਡ ਅਖਾੜਾ ਦੀ ਮਹਿਲਾ ਸਰਪੰਚ ਦੇ ਲੜਕੇ ਖ਼ਿਲਾਫ਼ ਸਿਹਤ ਵਿਭਾਗ ਦੇ ਦਫ਼ਤਰ ਵਿੱਚ ਡਿਊਟੀ ਕਰ ਰਹੀ ਇੱਕ ਮਹਿਲਾ ਕਰਮਚਾਰੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਥਾਣਾ ਸਦਰ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਚੌਕੀ ਕਾਉਂਕੇ ਕਲਾਂ ਤੋਂ ਸਬ-ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਚਰਨਜੀਤ ਕੌਰ ਵਾਸੀ ਹਠੂਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਸਿਹਤ ਕੇਂਦਰ ਅਖਾੜਾ ਵਿਖੇ ਬਤੌਰ ਕਮਿਊਨਿਟੀ ਅਫ਼ਸਰ ਕੰਮ ਕਰਦੀ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਕਰ ਰਹੀ ਸੀ। ਉਥੇ ਪਿੰਡ ਅਖਾੜਾ ਦੀ ਮਹਿਲਾ ਸਰਪੰਚ ਦਾ ਪੁੱਤਰ ਸੁਖਜੀਤ ਸਿੰਘ ਉਸ ਦੇ ਦਫ਼ਤਰ ਆਇਆ ਅਤੇ ਮੇਰੇ ਕੋਲੋਂ ਪੈਨ ਮੰਗਿਆ, ਜੋ ਉਸ ਨੇ ਅਲਮਾਰੀ ਵਿੱਚੋਂ ਕੱਢ ਕੇ ਉਸ ਨੂੰ ਦੇ ਦਿੱਤਾ। ਕੁਝ ਸਮੇਂ ਬਾਅਦ ਉਹ ਫਿਰ ਉਸਦੇ ਦਫ਼ਤਰ ਆਇਆ ਅਤੇ ਕਿਹਾ ਕਿ ਤੁਹਾਡੇ ਕਮਰੇ ਵਿੱਚ ਗੇਟ ਲਗਾਉਣਾ ਹੈ, ਤੁਸੀਂ ਕਮਰੇ ਵਿੱਚ ਆ ਕੇ ਦੱਸੋ ਕਿ ਗੇਟ ਕਿੱਥੇ ਲਗਾਉਣਾ ਹੈ। ਜਦੋਂ ਮੈਂ ਉਸ ਦੇ ਨਾਲ ਕਮਰੇ ਵਿੱਚ ਗਈ ਤਾਂ ਸੁਖਜੀਤ ਸਿੰਘ ਮੇਰੇ ਨਾਲ ਛੇੜਛਾੜ ਕਰਨ ਲੱਗਾ। ਮੈਂ ਉਥੋਂ ਬਾਹਰ ਆ ਕੇ ਆਪਣੇ ਅਧਿਕਾਰੀ ਐਸ.ਐਮ.ਓ ਹਠੂਰ ਨੂੰ ਇਸ ਸਬੰਧੀ ਫ਼ੋਨ ’ਤੇ ਸੂਚਿਤ ਕੀਤਾ ਅਤੇ ਦੱਸਿਆ ਕਿ ਸੁਖਜੀਤ ਸਿੰਘ ਪਹਿਲਾਂ ਵੀ ਦੋ ਵਾਰ ਉਸ ਨਾਲ ਛੇੜਛਾੜ ਕਰ ਚੁੱਕਾ ਹੈ। ਚਰਨਜੀਤ ਕੌਰ ਦੀ ਸ਼ਿਕਾਇਤ ’ਤੇ ਸੁਖਜੀਤ ਸਿੰਘ ਵਾਸੀ ਪਿੰਡ ਅਖਾੜਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।