ਨਵਾਂਗਾਓਂ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਪ੍ਰਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਤੇ ਇਸ ਦੇ ਅਧੀਨ ਸਿਹਤ ਸੰਸਥਾਵਾਂ ਵਿਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ।ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਂਸਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਆਦਿ ਬਾਰੇ ਜਾਣਕਾਰੀ ਦਿਤੀ।ਉਨ੍ਹਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਹਰ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ।ਕੈਂਸਰ ਦੀਆਂ ਮੁੱਖ ਕਿਸਮਾਂ ਵਿਚ ਮੂੰਹ, ਨੱਕ, ਕੰਨ, ਗਲੇ, ਹੱਡੀਆਂ,ਪੇਟ ਦੀਆਂ ਅੰਤੜੀਆਂ, ਖ਼ੂਨ ਅਤੇ ਔਰਤਾਂ ਵਿਚ ਛਾਤੀ ਦਾ ਕੈਂਸਰ ਸ਼ਾਮਲ ਹਨ।ਜੇ ਸਰੀਰ ਵਿਚ ਕਿਸੇ ਕਿਸਮ ਦੀ ਰਸੌਲੀ ਜਾਂ ਗੰਢ ਬਣਨ ਦਾ ਅਹਿਸਾਸ ਹੋਵੇ ਤਾਂ ਤੁਰਤ ਜਾਂਚ ਕਰਾਉਣੀ ਚਾਹੀਦੀ ਹੈ।ਸਮੇਂ-ਸਮੇਂ ‘ਤੇ ਸਕਰੀਨਿੰਗ ਨਾ ਹੋਣ ਅਤੇ ਛੇਤੀ ਰੋਗ ਦੀ ਪਛਾਣ ਨਾ ਹੋਣ ਨਾਲ ਜੁੜੀਆਂ ਚੁਨੌਤੀਆਂ ਕਾਰਨ ਦੇਸ਼ ਵਿਚ ਬਹੁਤ ਘੱਟ ਰੋਗੀ ਮੁਢਲੇ ਪੱਧਰ ਉਤੇ ਇਲਾਜ ਲਈ ਆਉਂਦੇ ਹਨ।ਤੰਬਾਕੂ ਦੀ ਵਰਤੋਂ, ਸਿਗਰਟਨੋਸ਼ੀ, ਖ਼ਰਾਬ ਖਾਣ-ਪੀਣ ਸਮੇਤ ਜੀਵਨ ਸ਼ੈਲੀ ਵਿਚ ਵਧਦੀਆਂ ਤਬਦੀਲੀਆਂ ਕਾਰਨ ਦੇਸ਼ ਵਿਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਸਰ ਦੇ ਮੁੱਖ ਲੱਛਣਾਂ ਵਿਚ ਜੇ ਕੋਈ ਜ਼ਖ਼ਮ ਠੀਕ ਨਹੀਂ ਹੁੰਦਾ, ਭੁੱਖ ਘੱਟ ਲੱਗਦੀ ਹੈ, ਬਿਨਾਂ ਵਜ੍ਹਾ ਭਾਰ ਘਟਦਾ ਹੈ ਜਾਂ ਹਮੇਸ਼ਾ ਕਬਜ਼ ਰਹਿੰਦੀ ਹੈ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਜਾਂਚ ਕਰਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਘਰਾਂ ਵਿਚ ਪਹਿਲਾਂ ਮਾਂ-ਬਾਪ ਜਾਂ ਦਾਦਾ-ਦਾਦੀ ਜਾਂ ਹੋਰ ਕਰੀਬੀ ਰਿਸ਼ਤੇਦਾਰ ਨੂੰ ਕੈਂਸਰ ਹੋ ਚੁੱਕਾ ਹੋਵੇ, ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਕੈਂਸਰ ਵਧਣ ਦੇ ਮੁੁੱਖ ਕਾਰਨ ਮਾਵਾਂ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਨਾ ਚੁੰਘਾਉਣਾ, ਧੂੰਏਂ ਵਾਲੇ ਤੰਬਾਕੂ ਬੀੜੀ, ਸਿਗਰਟ/ਹੁੱਕਾ/ਚਿਲਮ ਆਦਿ ਦਾ ਸੇਵਨ, ਧੂੰਆਂ ਰਹਿਤ ਤੰਬਾਕੂ ਜਰਦਾ/ਗੁਟਕਾ/ਪਾਨ ਮਸਾਲਾ ਆਦਿ ਦਾ ਸੇਵਨ, ਪਲਾਸਟਿਕ ਕੱਪਾਂ ਜਾ ਭਾਂਡਿਆਂ ਵਿਚ ਗਰਮ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ, ਸ਼ਰਾਬ ਪੀਣਾ, ਪਰਿਵਾਰ ਵਿੱਚ ਕਿਸੇ ਜੀਅ ਨੂੰ ਕੈਂਸਰ ਆਦਿ ਸ਼ਾਮਲ ਹਨ।ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੌਸ਼ ਸਕੀਮ ਅਧੀਨ 1,50,000/- ਰੁਪਏ ਉਸ ਸਿਹਤ ਸੰਸਥਾ ਨੂੰ ਦਿੱਤੇ ਜਾਂਦੇ ਹਨ ਜਿਥੇ ਮਰੀਜ਼ ਦਾ ਇਲਾਜ ਚੱਲ ਰਿਹਾ ਹੋਵੇ।ਇਸ ਮੌਕੇ ਸਿਹਤ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ।
