ਜਗਰਾਉਂ, 16 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਕੈਨੇਡਾ ’ਚ ਰਹਿੰਦੀ ਇਕ ਲੜਕੀ ਨਾਲ ਇਕ ਸਾਜ਼ਿਸ਼ ਤਹਿਤ ਵਿਆਹ ਕਰਵਾ ਕੇ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ 2 ਲੱਖ ਡਾਲਰ ਦਾ ਦਾਜ ਮੰਗਣ ਦੇ ਦੋਸ਼ ’ਚ ਉਸ ਦੇ ਪਤੀ, ਸਹੁਰੇ ਅਤੇ ਸੱਸ ਸਮੇਤ 4 ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਦਾਜ ਲਈ ਤੰਗ-ਪ੍ਰੇਸ਼ਾਨ, ਸਾਜ਼ਿਸ਼ ਰਚਣ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਤੋਂ ਏ.ਐਸ.ਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਰੁਪਿੰਦਰ ਸਿੰਘ ਚਾਵਲਾ ਵਾਸੀ ਈਸਟ ਮੋਤੀ ਬਾਗ, ਕੱਚਾ ਮਲਕ ਰੋਡ ਗਲੀ ਨੰਬਰ 3 ਜਗਰਾਉਂ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਉਸ ਦੀ ਲੜਕੀ ਸਵਨੀਤ ਕੌਰ ਦਾ ਵਿਆਹ ਗੁਰਕੀਰਤ ਕਾਲੜਾ ਨਿਵਾਸੀ ਮਾਡਲ ਟਊਨ ਅਬੋਹਰ, ਫਾਜਿਲਕਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਲੜਕੀ ਸਵਨੀਤ ਕੌਰ ਕੈਨੇਡਾ ਚਲੀ ਗਈ ਅਤੇ ਆਪਣੇ ਪਤੀ ਗੁਰਕੀਰਤ ਕਾਲੜਾ ਨੂੰ ਵੀ ਉੱਥੇ ਬੁਲਾ ਲਿਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਰਿਸ਼ਤਾ ਤੈਅ ਕਰਨ ਸਮੇਂ ਲੜਕੇ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਬਿਨ੍ਹਾਂ ਦਾਜ ਦਹੇਜ ਤੋਂ ਵਿਆਹ ਸਾਦੇ ਢੰਗ ਨਾਲ ਕਰਨ ਦਾ ਝਾਂਸਾ ਦੇ ਕੇ ਰਿੰਗ ਸੈਰਾਮਣੀ ਅਤੇ ਵਿਆਹ ਤੇ ਬਹੁਤ ਜਿਆਦਾ ਖਰਚ ਕਰਵਾਇਆ ਅਤੇ ਵਿਆਹ ਸਮੇਂ ਰਿਸ਼ਤੇਦਾਰਾਂ ਵਿਚ ਇੱਜ਼ਤ ਖਰਾਬ ਨਾ ਹੋ ਜਾਏ ਇਹ ਕਹਿ ਕੇ ਕਾਫੀ ਸਮਾਨ ਦਹੇਜ ਵਜੋਂ ਲਿਆ। ਲੜਕੀ ਨੂੰ ਜੋ ਉਨ੍ਹਾਂ ਸੋਨੇ ਦੇ ਗਹਿਣੇ ਪਾਏ ਸੀ ਉਹ ਵੀ ਉਸਦੇ ਸਹੁਰੇ ਪਰਿਵਾਰ ਨੇ ਆਪਣੇ ਕਬਜ਼ੇ ਵਿਚ ਲੈ ਲਏ। ਜਦੋਂ ਲੜਕਾ ਕੈਨੇਡਾ ਪਹੁੰਚਿਆ ਤਾਂ ਉਸ ਨੇ ਆਪਣੇ ਪਰਿਵਾਰ ਨਾਲ ਸਾਜਬਾਜ ਹੋ ਕੇ ਸਾਡੀ ਬੇਟੀ ਸਵਨੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ 2 ਲੱਖ ਡਾਲਰ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਲੜਕੀ ਦੀ ਕੁੱਟਮਾਰ ਕੀਤੀ ਗਈ। ਇਸ ਸ਼ਿਕਾਇਤ ਦੀ ਜਾਂਚ ਡੀਐਸਪੀ ਡੀ. ਵਲੋਂ ਕੀਤੀ ਗਈ। ਤਫਤੀਸ਼ ਦੌਰਾਨ ਉਨ੍ਹਾਂ ਕਿਹਾ ਕਿ ਲੜਕੇ ਦੇ ਪਰਿਵਾਰ ਵਾਲਿਆਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਲੜਕੇ ਦਾ ਵਿਆਹ ਦਹੇਜ ਲੈਣ , ਸ਼ਾਨਦਾਰ ਵਿਆਹ ਸਮਾਗਮ ਕਰਵਾਉਣ ਅਤੇ ਲੜਕੇ ਨੂੰ ਲੜਕੀ ਦੇ ਆਧਾਰ ’ਤੇ ਕੈਨੇਡਾ ’ਚ ਵਸਾਉਣ ਅਤੇ ਦਾਜ ਦੀ ਹੋਰ ਮੰਗ ਕਰਨ ਤਹਿਤ ਕਰਵਾਈ ਸੀ। ਇਸ ਸਬੰਧੀ ਜਾਂਚ ਤੋਂ ਬਾਅਦ ਗੁਰਕੀਰਤ ਕਾਲੜਾ ਵਾਸੀ ਮਾਡਲ ਟਾਊਨ ਅਬੋਹਰ ਜ਼ਿਲ੍ਹਾ ਫਾਜ਼ਿਲਕਾ, ਉਸ ਦੇ ਪਿਤਾ ਗੁਰਬੀਰ ਸਿੰਘ, ਮਾਤਾ ਜਸਵਿੰਦਰ ਕੌਰ ਅਤੇ ਹਰਕੀਰਤ ਕੌਰ ਵਾਸੀ ਅਰਬਨ ਸਟੇਟ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।