ਨੰਬਰਦਾਰ ਸਮੇਤ 4 ਖਿਲਾਫ ਮਾਮਲਾ ਦਰਜ
ਜੋਧਾਂ, 16 ਮਈ ( ਅਸ਼ਵਨੀ, ਧਰਮਿੰਦਰ )-ਜਾਅਲੀ ਵਿਅਕਤੀ ਖੜ੍ਹਾ ਕਰਕੇ ਪਾਵਰ ਆਫ਼ ਅਟਾਰਨੀ ਦੇ ਆਧਾਰ ’ਤੇ ਜ਼ਮੀਨ ਵੇਚ ਕੇ ਠੱਗੀ ਮਾਰਨ ਦੇ ਦੋਸ਼ ਹੇਠ ਪਿੰਡ ਦੇ ਨੰਬਰਦਾਰ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਥਾਣਾ ਜੋਧਾਂ ਵਿਖੇ ਧੋਖਾਧੜੀ ਅਤੇ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਸੁਖਪਾਲ ਸਿੰਘ ਬਾਵਾ ਵਾਸੀ ਸੈਕਟਰ 9 ਸੀ ਚੰਡੀਗੜ੍ਹ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਮਾਲਕੀ ਵਾਲੀ ਜ਼ਮੀਨ 26 ਕਨਾਲ 5 ਮਰਲੇ ਪਿੰਡ ਖੰਡੂਰ ਥਾਣਾ ਜੋਧਾ ਅਧੀਨ ਹੈ। ਉਸ ਨੂੰ ਹੜਪਣ ਲਈ ਗੁਰਇਕਬਾਲ ਸਿੰਘ ਵਾਸੀ ਬਾੜੇਵਾਲ ਰੋਡ ਲੁਧਿਆਣਾ ਨੇ ਆਪਣੇ ਕਰਿੰਦੇ ਪ੍ਰਦੀਪ ਸਿੰਘ ਵਾਸੀ ਪੱਤੀ ਹੰਮੂ ਪਿੰਡ ਦਾਖਾ ਨੂੰ ਸੁਖਪਾਲ ਸਿੰਘ ਦੱਸ ਕੇ ਜਾਅਲੀ ਆਧਾਰ ਕਾਰਡ ਬਣਾ ਕੇ ਲਛਮਣ ਸਿੰਘ ਨੰਬਰਦਾਰ ਪਿੰਡ ਭੱਟੀਆਂ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਰੁੜਕਾ ਕਲਾਂ ਥਾਣਾ ਦਾਖਾ ਨਾਲ ਹਮ ਮਸ਼ਵਰਾ ਹੋ ਕੇ ਪਹਿਲਾਂ ਜਨਰਲ ਤਹਿਸੀਲ ਮੁੱਲਾਪੁਰ ਦਾਖਾ ਵਿਖੇ ਪਾਵਰ ਆਫ਼ ਅਟਾਰਨੀ ਤਿਆਰ ਕਰਵਾਈ ਗਈ, ਉਸ ਤੋਂ ਬਾਅਦ ਇਸ ਪਾਵਰ ਆਫ਼ ਅਟਾਰਨੀ ਦੇ ਆਧਾਰ ’ਤੇ ਸ਼ਿਕਾਇਤਕਰਤਾ ਸੁਖਪਾਲ ਸਿੰਘ ਬਾਵਾ ਦੀ ਆਪਣੀ ਮਾਲਕੀ ਵਾਲੀ ਜ਼ਮੀਨ ਬਲਜਿੰਦਰ ਕੌਰ ਵਾਸੀ ਪਿੰਡ ਇਆਲੀ ਕਲਾਂ ਨੂੰ ਵੇਚ ਦਿਤੀ। ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ.ਦਾਖਾ ਵਲੋਂ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਗੁਰਇਕਬਾਲ ਸਿੰਘ, ਪ੍ਰਦੀਪ ਸਿੰਘ, ਲਛਮਣ ਸਿੰਘ ਨੰਬਰਦਾਰ ਅਤੇ ਕੁਲਦੀਪ ਸਿੰਘ ਖ਼ਿਲਾਫ਼ ਜੋਧਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ।