ਚੰਡੀਗੜ੍ਹ 2 ਮਾਰਚ,(ਡੇਲੀ ਜਗਰਾਉਂ ਨਿਊਜ਼) ਯੂਕਰੇਨ ਤੋਂ ਇਕ ਪੰਜਾਬੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਬਰਨਾਲਾ ਤੋਂ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਯੂਕਰੇਨ ਗਏ ਚੰਦਨ ਜਿੰਦਲ ਦੀ ਉਥੇ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੰਜਾਬੀ ਨੌਜਵਾਨ ਚੰਦਨ ਜਿੰਦਲ 4 ਸਾਲਾਂ ਤੋਂ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਦੇ ਵਿਨੀਸ਼ੀਆ ਸੂਬੇ ਵਿੱਚ ਗਿਆ ਸੀ।ਜਿੱਥੇ 2 ਫਰਵਰੀ ਨੂੰ ਚੰਦਨ ਜਿੰਦਲ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ ਅਤੇ ਉਸ ਦੇ ਦਿਮਾਗ ਵਿੱਚ ਖ਼ੂਨ ਜੰਮ ਗਿਆ ਅਤੇ ਉਸ ਨੂੰ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਸੀ। ਭਾਰਤ ਵਿੱਚ ਰਹਿੰਦੇ ਪਰਿਵਾਰ ਦੀ ਮਨਜ਼ੂਰੀ ਲੈ ਕੇ ਚੰਦਨ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਸੀ।ਇਸ ਤੋਂ ਬਾਅਦ ਚੰਦਨ ਦੀ ਸੰਭਾਲ ਲਈ 7 ਫਰਵਰੀ ਨੂੰ ਉਸ ਦਾ ਪਿਤਾ ਸ਼ਿਸ਼ਨ ਕੁਮਾਰ ਤੇ ਤਾਇਆ ਕ੍ਰਿਸ਼ਨ ਕੁਮਾਰ ਯੂਕਰੇਨ ਗਏ ਸਨ। ਇਸ ਵਿਚਕਾਰ ਰੂਸ ਅਤੇ ਯੂਕਰੇਨ ਦੀ ਲੜਾਈ ਲੱਗ ਗਈ।ਇਕ ਦਿਨ ਪਹਿਲਾਂ ਹੀ ਚੰਦਨ ਦਾ ਤਾਇਆ ਕ੍ਰਿਸ਼ਨ ਕੁਮਾਰ ਯੂਕਰੇਨ ਤੋਂ ਬਰਨਾਲਾ ਪਰਤਿਆ ਹੈ ਅਤੇ ਅੱਜ ਉਨ੍ਹਾਂ ਨੂੰ ਇਹ ਮਾੜੀ ਖ਼ਬਰ ਮਿਲ ਗਈ। ਯੂਕਰੇਨ ਤੋਂ ਪਰਤੇ ਮ੍ਰਿਤਕ ਦੇ ਤਾਇਆ ਕ੍ਰਿਸ਼ਨ ਕੁਮਾਰ ਨੇ ਯੂਕਰੇਨ ਤੋਂ ਭਾਰਤ ਆਉਣ ਲਈ ਆ ਰਹੀਆਂ ਪਰੇਸ਼ਾਨੀਆਂ ਦੱਸੀਆਂ। ਉਨ੍ਹਾਂ ਨੇ ਦੱਸਿਆ ਕਿ ਉਹ ਰੋਮਾਨੀਆ ਸਰਹੱਦ ਰਾਹੀਂ ਭਾਰਤੀ ਬਹੁਤ ਮੁਸ਼ਕਲਾਂ ਦੇ ਨਾਲ ਆ ਰਹੇ ਹਨ। ਯੂਕਰੇਨ ਵਿਚ ਭਾਰਤੀ ਸਫਾਰਤਖਾਨੇ ਵੱਲੋਂ ਵੀ ਕੋਈ ਮਦਦ ਨਹੀਂ ਦਿੱਤੀ ਜਾ ਰਹੀ ਹੈ।ਜਦਕਿ ਰੋਮਾਨੀਆ ਤੋਂ ਭਾਰਤ ਲਿਆਉਣ ਵਿਚ ਜ਼ਰੂਰ ਭਾਰਤ ਸਰਕਾਰ ਮਦਦ ਕਰ ਰਹੀ ਹੈ।ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਮਾਵਾਂ-ਧੀਆਂ ਦਾ ਰੋ-ਰੋ ਬੁਰਾ ਹਾਲ ਹੈ। ਚੰਦਨ ਦੀ ਮੌਤ ਤੋਂ ਬਾਅਦ ਪੂਰੇ ਬਰਨਾਲਾ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਲਾਕੇ ਦੇ ਬੀਜੇਪੀ ਆਗੂ ਇਹ ਮੰਦਭਾਗੀ ਖਬਰ ਸੁਣਦਿਆਂ ਹੀ ਚੰਦਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਸ ਦੇ ਘਰ ਪਹੁੰਚੇ। ਚੰਦਨ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।